ਰਣਜੀ ਟਰਾਫ਼ੀ: ਪੰਜਾਬ ਤੇ ਵਿਦਰਭ ਦਾ ਮੈਚ ਡਰਾਅ ਵੱਲ

ਪੰਜਾਬ ਨੇ ਵਿਦਰਭ ਖ਼ਿਲਾਫ਼ ਨਾਗਪੁਰ ਵਿੱਚ ਚੰਗੀ ਸ਼ੁਰੂਆਤ ਕਰਕੇ ਡਰਾਅ ਵੱਲ ਵਧ ਰਹੇ ਰਣਜੀ ਟਰਾਫ਼ੀ ਗਰੁੱਪ ‘ਏ’ ਮੈਚ ਵਿੱਚ ਪਹਿਲੀ ਪਾਰੀ ਵਿੱਚ ਲੀਡ ਬਣਾਉਣ ਦੀ ਉਮੀਦ ਬਰਕਰਾਰ ਰੱਖੀ ਹੈ। ਵਿਦਰਭ ਦੀ ਟੀਮ ਨੇ ਗਣੇਸ਼ ਸਤੀਸ਼ ਦੀਆਂ 145 ਦੌੜਾਂ ਦੀ ਮਦਦ ਨਾਲ ਆਪਣੀ ਪਹਿਲੀ ਪਾਰੀ ਵਿੱਚ 338 ਦੌੜਾਂ ਬਣਾਈਆਂ। ਇਸ ਦੇ ਜਵਾਬ ਵਿੱਚ ਪੰਜਾਬ ਨੇ ਤੀਜੇ ਦਿਨ ਦੀ ਖੇਡ ਖ਼ਤਮ ਹੋਣ ਤੱਕ ਬਿਨਾਂ ਵਿਕਟ ਗੁਆਏ 132 ਦੌੜਾਂ ਬਣਾ ਲਈਆਂ ਹਨ। ਉਹ ਵਿਦਰਭ ਤੋਂ 206 ਦੌੜਾਂ ਨਾਲ ਪੱਛੜ ਰਿਹਾ ਹੈ। ਸ਼ੁਭਮਨ ਗਿੱਲ (ਨਾਬਾਦ 70 ਦੌੜਾਂ) ਨੇ ਸ਼ਾਨਦਾਰ ਪਾਰੀ ਖੇਡੀ, ਜਦਕਿ ਉਸ ਦਾ ਸਾਥੀ ਸਨਵੀਰ ਸਿੰਘ 56 ਦੌੜਾਂ ਬਣਾ ਕੇ ਖੇਡ ਰਹੇ ਹਨ। ਇਸੇ ਤਰ੍ਹਾਂ ਕੌਮੀ ਰਾਜਧਾਨੀ ਵਿੱਚ ਇਸ਼ਾਂਤ ਸ਼ਰਮਾ ਨੇ ਦੂਜੀ ਪਾਰੀ ਵਿੱਚ ਚਾਰ ਵਿਕਟਾਂ ਲਈਆਂ, ਜਿਸ ਦੀ ਬਦੌਲਤ ਮੇਜ਼ਬਾਨ ਟੀਮ ਦਿੱਲੀ ਨੇ ਅੱਜ ਇੱਥੇ ਤਨਮਯ ਅਗਰਵਾਲ ਦੇ ਸੈਂਕੜੇ ਦੇ ਬਾਵਜੂਦ ਹੈਦਰਾਬਾਦ ਨੂੰ ਦੂਜੀ ਪਾਰੀ ਵਿੱਚ 298 ਦੌੜਾਂ ’ਤੇ ਆਊਟ ਕਰਕੇ ਗਰੁੱਪ ‘ਏ’ ਮੈਚ ਵਿੱਚ ਵੱਡੀ ਜਿੱਤ ਦੀ ਉਮੀਦ ਬਣਾਈ ਰੱਖੀ। ਦਿੱਲੀ ਦੀ ਪਹਿਲੀ ਪਾਰੀ ਵਿੱਚ 284 ਦੌੜਾਂ ਦੇ ਜਵਾਬ ਵਿੱਚ ਹੈਦਰਾਬਾਦ ਦੀ ਟੀਮ 69 ਦੌੜਾਂ ’ਤੇ ਢੇਰ ਹੋ ਗਈ ਸੀ। ਉਸ ਨੂੰ ਫਾਲੋਆਨ ਲੈਣ ਲਈ ਮਜ਼ਬੂਰ ਹੋਣਾ ਪਿਆ। ਦੂਜੀ ਪਾਰੀ ਵਿੱਚ ਕਪਤਾਨ ਤਨਮਯ ਅਗਰਵਾਲ (103 ਦੌੜਾਂ) ਦੇ ਸੈਂਕੜੇ ਕਾਰਨ ਉਹ ਪਾਰੀ ਦੀ ਹਾਰ ਟਾਲਣ ਵਿੱਚ ਸਫਲ ਰਿਹਾ। ਉਸ ਨੇ ਦਿੱਲੀ ਸਾਹਮਣੇ 84 ਦੌੜਾਂ ਦਾ ਟੀਚਾ ਰੱਖਿਆ। ਦਿੱਲੀ ਨੇ ਤੀਜੇ ਦਿਨ ਖੇਡ ਖ਼ਤਮ ਹੋਣ ਤੱਕ ਬਿਨਾਂ ਵਿਕਟ ਗੁਆਏ 24 ਦੌੜਾਂ ਬਣਾਈਆਂ ਹਨ। ਹੁਣ ਉਸ ਨੂੰ ਜਿੱਤ ਲਈ ਸਿਰਫ਼ 60 ਦੌੜਾਂ ਚਾਹੀਦੀਆਂ ਹਨ। ਗਰੁੱਪ ‘ਏ’ ਦੇ ਹੋਰਾਂ ਮੈਚਾਂ ਵਿੱਚ ਸੂਰਤ ’ਚ ਗੁਜਰਾਤ ਨੇ ਕੇਰਲ ਨੂੰ 90 ਦੌੜਾਂ ਨਾਲ ਹਰਾਇਆ। ਕੇਰਲ ਸਾਹਮਣੇ 268 ਦੌੜਾਂ ਦਾ ਟੀਚਾ ਸੀ, ਪਰ ਉਸ ਦੀ ਪੂਰੀ ਟੀਮ 177 ਦੌੜਾਂ ਹੀ ਬਣਾ ਸਕੀ। ਸਿਰਫ਼ ਸੰਜੂ ਸੈਮਸਨ (78 ਦੌੜਾਂ) ਹੀ ਗੇਂਦਬਾਜ਼ਾਂ ਸਾਹਮਣੇ ਟਿਕ ਸਕਿਆ। ਗੁਜਰਾਤ ਵੱਲੋਂ ਅਕਸਰ ਪਟੇਲ ਨੇ ਚਾਰ, ਚਿੰਤਨ ਗਜ਼ਾ ਨੇ ਤਿੰਨ ਅਤੇ ਰਸ ਕਲਾਰੀਆ ਨੇ ਦੋ ਵਿਕਟਾਂ ਲਈਆਂ।ਗਰੁੱਪ ‘ਬੀ’ ਦੇ ਮੈਚਾਂ ਵਿੱਚ ਰਾਜਕੋਟ ਵਿੱਚ ਉਤਰ ਪ੍ਰਦੇਸ਼ ਨੇ ਮੁਹੰਮਦ ਕੈਫ਼ ਦੀਆਂ 165 ਦੌੜਾਂ ਅਤੇ ਅਕਸ਼ਦੀਪ ਨਾਥ ਦੀਆਂ 95 ਦੌੜਾਂ ਦੀ ਬਦੌਲਤ ਉਤਰ ਪ੍ਰਦੇਸ਼ ਨੇ 523 ਦੌੜਾਂ ਬਣਾ ਕੇ ਸੌਰਾਸ਼ਟਰ ਖ਼ਿਲਾਫ਼ ਪਹਿਲੀ ਪਾਰੀ ਦੇ ਆਧਾਰ ’ਤੇ 192 ਦੌੜਾਂ ਦੀ ਲੀਡ ਹਾਸਲ ਕੀਤੀ। ਸੌਰਾਸ਼ਟਰ ਨੇ ਪਹਿਲੀ ਪਾਰੀ ਵਿੱਚ 331 ਦੌੜਾਂ ਬਣਾਈਆਂ ਸਨ। ਇੰਦੌਰ ਵਿੱਚ ਤਾਮਿਲਨਾਡੂ ਦੀ ਟੀਮ ਦੂਜੀ ਪਾਰੀ ਵਿੱਚ ਚਾਰ ਵਿਕਟਾਂ ’ਤੇ 177 ਦੌੜਾਂ ਬਣਾ ਕੇ ਖੇਡ ਰਹੀ ਹੈ। ਕੌਸ਼ਿਕ 66 ਦੌੜਾਂ ’ਤੇ ਬੱਲੇਬਾਜ਼ੀ ਕਰ ਰਿਹਾ ਹੈ, ਜਦਕਿ ਐੱਨ ਜਗਦੀਸ਼ਨ ਨੇ 54 ਦੌੜਾਂ ਦੀ ਪਾਰੀ ਖੇਡੀ। ਮੱਧ ਪ੍ਰਦੇਸ਼ ਨੇ ਪਹਿਲੀ ਪਾਰੀ ਵਿੱਚ 333 ਦੌੜਾਂ ਬਣਾਈਆਂ। ਇਸ ਦੌਰਾਨ ਵੈਂਕਟੇਸ਼ ਅਈਅਰ (88 ਦੌੜਾਂ), ਰਮੀਜ਼ ਖ਼ਾਨ (87 ਦੌੜਾਂ) ਅਤੇ ਮਿਹਰ ਹਿਰਵਾਨੀ (71 ਦੌੜਾਂ) ਦੀਆਂ ਪਾਰੀਆਂ ਅਹਿਮ ਰਹੀਆਂ। ਪਹਿਲੀ ਪਾਰੀ ਵਿੱਚ 149 ਦੌੜਾਂ ’ਤੇ ਢੇਰ ਹੋਣ ਵਾਲੀ ਤਾਮਿਲਨਾਡੂ ਦੀ ਟੀਮ ਹੁਣ ਵੀ ਸੱਤ ਦੌੜਾਂ ਨਾਲ ਪੱਛੜ ਰਹੀ ਹੈ। ਮੈਸੂਰ ਵਿੱਚ ਹਿਮਾਚਲ ਪ੍ਰਦੇਸ਼ ਨੇ ਰਿਸ਼ੀ ਧਵਨ ਦੀਆਂ 93 ਦੌੜਾਂ ਅਤੇ ਪੀ ਖੰਡੂਰੀ ਦੀਆਂ 69 ਦੌੜਾਂ ਦੀ ਬਦੌਲਤ ਪਹਿਲੀ ਪਾਰੀ 280 ਦੌੜਾਂ ’ਤੇ ਖ਼ਤਮ ਕਰ ਦਿੱਤੀ। ਪਹਿਲੀ ਪਾਰੀ ਵਿੱਚ 166 ਦੌੜਾਂ ਬਣਾਉਣ ਵਾਲੀ ਕਰਨਾਟਕ ਦੀ ਟੀਮ ਦੂਜੀ ਪਾਰੀ ਵਿੱਚ ਤਿੰਨ ਵਿਕਟਾਂ 191 ਦੌੜਾਂ ਬਣਾ ਕੇ ਖੇਡ ਰਹੀ ਹੈ ਅਤੇ 77 ਦੌੜਾਂ ਦੀ ਲੀਡ ਬਣਾਈ ਹੈ।

Previous articleਮੇਰੀਕੌਮ ਤੇ ਨਿਖ਼ਤ ’ਚ ਹੋਵੇਗਾ ਫਾਈਨਲ
Next articleਬਾਕਸਿੰਗ ਡੇਅ ਟੈਸਟ: ਆਸਟਰੇਲੀਆ ਦੂਜੇ ਦਿਨ ਵੀ ਭਾਰੂ