ਲੁਧਿਆਣਾ, (ਹਰਜਿੰਦਰ ਛਾਬੜਾ) ਉੱਘੇ ਪੰਜਾਬੀ ਲੇਖਕ ਤੇ ਸਾਹਿੱਤ ਸੁਰ ਸੰਗਮ ਇਟਲੀ ਦੇ ਪ੍ਰਤੀਨਿਧ ਦਲਜਿੰਦਰ ਸਿੰਘ ਰਹਿਲ ਨੂੰ ਇਟਲੀ ਵਾਪਸ ਪਰਤਣ ਦੀ ਅਲਵਿਦਾਈ ਸ਼ਾਮ ਤੇ ਰਚਾਏ ਸਨਮਾਨ ਸਮਾਗਮ ਮੌਕੇ ਸੰਬੋਧਨ ਕਰਦਿਆਂ ਪੰਜਾਬੀ ਲੋਕ ਵਿਰਾਸਤ ਅਕਾਡਮੀ ਦੇ ਚੇਅਰਮੈਨ ਪ੍ਰੋ: ਗੁਰਭਜਨ ਸਿੰਘ ਗਿੱਲ ਨੇ ਕਿਹਾ ਹੈ ਕਿ ਉਹ ਇੰਗਲੈਂਡ ਤੋਂ ਬਿਨਾ ਬਾਕੀ ਯੋਰਪ ਵਿੱਚ ਹੋ ਰਹੀ ਸਾਹਿੱਤਕ ਸਿਰਜਣਾ ਤੋਂ ਸੰਗਠਿਤ ਰੂਪ ਵਿੱਚ ਓਨੇ ਜਾਣੂੰ ਨਹੀਂ ਹਨ, ਜਿੰਨਾ ਉਸ ਧਰਤੀ ਤੇ ਵਧੀਆ ਸਿਰਜਣਾਤਮਕ ਕੰਮ ਵਿਅਕਤੀਗਤ ਪੱਧਰ ਤੇ ਹੋ ਰਿਹਾ ਹੈ। ਵਿਅਕਤੀਗਤ ਰਚਨਾਵਾਂ ਦੇ ਨਾਲ ਨਾਲ ਯੋਰਪ ਦੀਆਂ ਲੇਖਕ ਸੰਸਥਾਵਾਂ ਤੇ ਵਿਅਕਤੀਆਂ ਨੂੰ ਇਹ ਕੰਮ ਬਹੁਤ ਪਹਿਲਾਂ ਕਰਨਾ ਬਣਦਾ ਸੀ ਪਰ ਹੁਣ ਵੀ ਡੁੱਲ੍ਹੇ ਬੇਰਾਂ ਦਾ ਕੱਖ ਨਹੀਂ। ਵਿਗੜਿਆ। ਸਾਹਿੱਤ ਸੁਰ ਸੰਗਮ ਇਟਲੀ ਨੂੰ ਯੋਰਪੀਨ ਦੇਸ਼ਾਂ ਚ ਵੱਸਦੇ ਲੇਖਕਾਂ ਦੀਆਂ ਕਹਾਣੀਆਂ, ਕਵਿਤਾਵਾਂ ਤੇ ਵਾਰਤਕ ਰਚਨਾਵਾਂ ਦੇ ਚੋਣਵੇਂ ਸੰਗ੍ਰਹਿ ਪ੍ਰਕਾਸ਼ਿਤ ਕਰਨੇ ਚਾਹੀਦੇ ਹਨ।
ਪ੍ਰੋ: ਗਿੱਲ ਬੀਤੀ ਰਾਤ ਹੀ ਯੂ ਕੇ ਦੀਆਂ ਅਦਬੀ ਸੰਸਥਾਵਾਂ ਦੇ ਸੱਦੇ ਤੇ ਗਲਾਸਗੋ, ਬਰਮਿੰਘਮ, ਲਿਸਟਰ ਤੇ ਲੰਡਨ ਦਾ 15 ਰੋਜ਼ਾ ਦੌਰਾ ਕਰਕੇ ਬੀਤੀ ਰਾਤ ਹੀ ਵਤਨ ਪਰਤੇ ਹਨ। ਉਨ੍ਹਾਂ ਦੱਸਿਆ ਕਿ ਯੂ ਕੇ ਵਿੱਚ ਵੱਸਦੇ ਪੰਜਾਬੀ ਪੰਜਾਬੀ ਮਾਂ ਬੋਲੀ ਦੇ ਵਿਕਾਸ, ਪੰਜਾਬ ਦੀ ਵਿਗੜ ਰਹੀ ਸਰਬਪੱਖੀ ਸਥਿਤੀ ਬਾਰੇ ਬੇਹੱਦ ਚਿੰਤਤ ਹਨ ਪਰ ਬੱਝੇ ਹੋਏ ਖੰਭਾਂ ਵਾਲੇ ਪਰਿੰਦੇ ਵਾਂਗ ਬੇਬੱਸ ਹਨ। ਉਹ ਵਲਾਇਤ ਰਹਿੰਦੇ ਜ਼ਰੂਰ ਹਨ ਪਰ ਰੂਹ ਹਾਲੇ ਵੀ ਪੰਜਾਬ ਚ ਤੁਰੀ ਫਿਰਦੀ ਹੈ।
ਇਸ ਮੌਕੇ ਦਲਜਿੰਦਰ ਸਿੰਘ ਰਹਿਲ ਤੇ ਉਨ੍ਹਾਂ ਦੀ ਜੀਵਨ ਸਾਥਣ ਨੂੰ ਦੋਸ਼ਾਲਾ ਤੇ ਗੁਲਦਸਤਾ ਭੇਂਟ ਕਰਕੇ ਪ੍ਰੋ: ਗੁਰਭਜਨ ਗਿੱਲ, ਪ੍ਰੋ: ਰਵਿੰਦਰ ਭੱਠਲ, ਤ੍ਰੈਲੋਚਨ ਲੋਚੀ, ਮਨਜਿੰਦਰ ਧਨੋਆ, ਸਰਦਾਰਨੀ ਜਸਵਿੰਦਰ ਕੌਰ ਗਿੱਲ ਤੇ ਪ੍ਰੋ: ਸ਼ਰਨਜੀਤ ਕੌਰ ਨੇ ਪੰਜਾਬੀ ਲੋਕ ਵਿਰਾਸਤ ਅਕਾਡਮੀ ਵੱਲੋਂ ਸਨਮਾਨਿਤ ਕੀਤਾ।
ਪੰਜਾਬੀ ਸਾਹਿੱਤ ਅਕਾਡਮੀ ਦੇ ਪ੍ਰਧਾਨ ਪ੍ਰੋ: ਰਵਿੰਦਰ ਸਿੰਘ ਭੱਠਲ ਨੇ ਕਿਹਾ ਕਿ ਦਲਜਿੰਦਰ ਪੰਜਾਬੀ ਦਾ ਮਾਣਮੱਤਾ ਸ਼ਾਇਰ ਹੈ ਜਿਸ ਨੇ ਸ਼ਬਦਾਂ ਦੀ ਢਾਲ ਕਾਵਿ ਸੰਗ੍ਰਹਿ ਰਾਹੀਂ ਆਪਣੀ ਲੋਕ ਪੱਖੀ ਸੋਚ ਤੇ ਕਾਵਿ ਆਭਾ ਦਾ ਲੋਹਾ ਮੰਨਵਾਇਆ ਹੈ। ਪੰਜਾਬੀ ਸਾਹਿੱਤ ਅਕਾਡਮੀ ਦਾ ਮੈਂਬਰ ਹੋਣ ਕਾਰਨ ਉਹ ਸਾਡਾ ਇਟਲੀ ਚ ਸਫ਼ੀਰ ਹੈ। ਸਾਹਿੱਤ ਸੁਰ ਸੰਗਮ ਵੱਲੋਂ ਯੋਰਪ ਦੇ ਲੇਖਕਾਂ ਨੂੰ ਉਹ ਪੰਜਾਬ ਦੀਆਂ ਸਾਹਿੱਤਕ ਸੰਸਥਾਵਾਂ ਨਾਲ ਜੋੜਨ ਦੇ ਸਮਰੱਥ ਹੋ ਸਕਿਆ ਹੈ।
ਪੰਜਾਬੀ ਕਵੀ ਤ੍ਰੈਲੋਚਨ ਲੋਚੀ ਤੇ ਮਨਜਿੰਦਰ ਧਨੋਆ ਨੇ ਕਿਹਾ ਕਿ ਦਲਜਿੰਦਰ ਰਹਿਲ ਸਿਰਜਣਧਾਰਾ ਸੰਸਥਾ ਚ ਸਾਡਾ ਦੋ ਦਹਾਕੇ ਪਹਿਲਾਂ ਸਾਥੀ ਸੀ ਪਰ ਹੁਣ ਪਰਦੇਸ ਜਾ ਕੇ ਵੀ ਉਸ ਪੰਜਾਬੀ ਭਵਨ ਤੇ ਸਾਹਿੱਤਕ ਸੰਸਥਾਵਾਂ ਨਾਲ ਸਾਂਝ ਬਣਾਈ ਰੱਖੀ ਹੈ, ਇਹ ਸ਼ੁਭ ਸ਼ਗਨ ਹੈ।
ਜੀ ਜੀ ਐੱਨ ਖ਼ਾਲਸਾ ਕਾਲਿਜ ਦੇ ਪਰਵਾਸੀ ਸਾਹਿੱਤ ਅਧਿਅਨ ਕੇਂਦਰ ਵੱਲੋਂ ਬਦੇਸ਼ਾਂ ਚ ਵੱਸਦੇ ਲੇਖਕਾਂ ਨੂੰ ਸੱਦਾ ਪੱਤਰ ਦਿੰਦਿਆਂ ਤ੍ਰੈਮਾਸਿਕ ਪੱਤਰ ਪਰਵਾਸ ਦੀ ਸੰਪਾਦਕ ਪ੍ਰੋ: ਸ਼ਰਨਜੀਤ ਕੌਰ ਨੇ ਕਿਹਾ ਕਿ 23-24 ਜਨਵਰੀ ਨੂੰ ਪਰਵਾਸੀ ਸਾਹਿੱਤ ਅਜੇਕੇ ਸੰਦਰਭ ਵਿੱਚ ਵਿਸ਼ੇ ਤੇ ਤੀਸਰੀ ਵਿਸ਼ਵ ਪੰਜਾਬੀ ਕਾਨਫਰੰਸ ਕਰਵਾਈ ਜਾ ਰਹੀ ਹੈ ਜਿਸ ਵਿੱਚ ਦੁਨੀਆ ਭਰ ਦੇ ਵਿਦਵਾਨਾਂ ਨੂੰ ਬੁਲਾਵਾ ਦਿੱਤਾ ਗਿਆ ਹੈ। ਸਾਹਿੱਤ ਸੁਰ ਸੰਗਮ ਇਟਲੀ ਨੂੰ ਵੀ ਇਸ ਕਾਨਫਰੰਸ ਵਿੱਚ ਡੈਲੀਗੇਸ਼ਨ ਜ਼ਰੂਰ ਭੇਜਣਾ ਚਾਹੀਦਾ ਹੈ।
ਧੰਨਵਾਦ ਕਰਦਿਆਂ ਦਲਜਿੰਦਰ ਸਿੰਘ ਰਹਿਲ ਨੇ ਕਿਹਾ ਕਿ ਉਹ ਪਿਛਲੇ ਲੰਮੇ ਸਮੇਂ ਤੋਂ ਡਾ: ਐੱਸ ਪੀ ਸਿੰਘ ਅਤੇ ਪ੍ਰੋ: ਗੁਰਭਜਨ ਗਿੱਲ ਜੀ ਦੀ ਪ੍ਰੇਰਨਾ ਸਦਕਾ ਇਸ ਕਾਨਫਰੰਸ ਦੀਆਂ ਸਰਗਰਮੀਆਂ ਅਤੇ ਪਰਵਾਸ ਦੇ ਪ੍ਰਕਾਸ਼ਨ ਤੋਂ ਜਾਣੂੰ ਹਨ ਅਤੇ ਯੋਰਪ ਦੇ ਲੇਖਕਾਂ ਨੂੰ ਇਹ ਸੂਚਨਾ ਦੇ ਕੇ ਕਾਨਫਰੰਸ ਵਿੱਚ ਪੁੱਜਣ ਦੀ ਪ੍ਰੇਰਨਾ ਦੇਣਗੇ।