ਲਖਨਊ (ਸਮਾਜਵੀਕਲੀ) – ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅਦਿੱਤਿਆਨਾਥ ਨੇ ਪੁਲੀਸ ਮੁਲਾਜ਼ਮਾਂ, ਸਿਹਤ ਅਤੇ ਸੈਨੀਟੇਸ਼ਨ ਵਰਕਰਾਂ ’ਤੇ ਹਮਲੇ ਕਰਨ ਵਾਲਿਆਂ ਖ਼ਿਲਾਫ਼ ਐੱਨਐੱਸਏ ਅਤੇ ਆਫ਼ਤ ਪ੍ਰਬੰਧਨ ਐਕਟ ਤਹਿਤ ਸਖ਼ਤ ਕਾਰਵਾਈ ਦੇ ਨਿਰਦੇਸ਼ ਦਿੱਤੇ ਹਨ। ਸਰਕਾਰੀ ਤਰਜਮਾਨ ਨੇ ਕਿਹਾ ਕਿ ਇਹ ਨਿਰਦੇਸ਼ ਕਰੋਨਾਵਾਇਰਸ ਮਗਰੋਂ ਸੂਬੇ ’ਚ ਪੈਦਾ ਹੋਏ ਹਾਲਾਤ ਬਾਰੇ ਨਜ਼ਰਸਾਨੀ ਬੈਠਕ ਦੌਰਾਨ ਜਾਰੀ ਕੀਤੇ ਗਏ ਹਨ।
ਮੁੱਖ ਮੰਤਰੀ ਨੇ ਇਹ ਵੀ ਨਿਰਦੇਸ਼ ਦਿੱਤੇ ਕਿ ਡਿਊਟੀ ’ਤੇ ਤਾਇਨਾਤ ਅਮਲੇ ’ਤੇ ਹਮਲੇ ਅਤੇ ਅਜਿਹੀ ਸਰਗਰਮੀਆਂ ’ਚ ਸ਼ਾਮਲ ਵਿਅਕਤੀਆਂ ਤੋਂ ਸੰਪਤੀ ਦੇ ਨੁਕਸਾਨ ਦੀ ਭਰਪਾਈ ਕੀਤੀ ਜਾਵੇ। ਸ੍ਰੀ ਅਦਿੱਤਿਆਨਾਥ ਨੇ ਕਿਹਾ ਕਿ ਜੇਕਰ ਮੁਲਜ਼ਮ ਨੁਕਸਾਨ ਦੀ ਭਰਪਾਈ ਕਰਨ ’ਚ ਨਾਕਾਮ ਰਹਿੰਦਾ ਹੈ ਤਾਂ ਉਸ ਦੀ ਜਾਇਦਾਦ ਜ਼ਬਤ ਕਰ ਲਈ ਜਾਵੇ।
ਉਨ੍ਹਾਂ ਪੁਲੀਸ ਨੂੰ ਕਿਹਾ ਕਿ ਜਦੋਂ ਵੀ ਸਿਹਤ ਵਿਭਾਗ ਦੀਆਂ ਟੀਮਾਂ ਵੱਖ ਵੱਖ ਇਲਾਕਿਆਂ ’ਚ ਜਾਣ ਤਾਂ ਉਹ ਉਨ੍ਹਾਂ ਨਾਲ ਰਹਿਣ। ਮੁੱਖ ਮੰਤਰੀ ਨੇ ਇਹ ਹਦਾਇਤਾਂ ਉਸ ਸਮੇਂ ਜਾਰੀ ਕੀਤੀਆਂ ਹਨ ਜਦੋਂ ਇਕ ਦਿਨ ਪਹਿਲਾਂ ਮੁਰਾਦਾਬਾਦ ’ਚ ਸਿਹਤ ਅਤੇ ਸੈਨੀਟੇਸ਼ਨ ਵਰਕਰਾਂ ’ਤੇ ਹਮਲਾ ਕੀਤਾ ਗਿਆ ਸੀ।
ਕੌਮੀ ਸੁਰੱਖਿਆ ਐਕਟ (ਐੱਨਐੱਸਏ) ਤਹਿਤ ਬਿਨਾਂ ਮੁਕੱਦਮਾ ਚਲਾਏ ਕਿਸੇ ਵੀ ਵਿਅਕਤੀ ਨੂੰ 12 ਮਹੀਨਿਆਂ ਲਈ ਇਹਤਿਆਤ ਵਜੋਂ ਬੰਦੀ ਬਣਾਇਆ ਜਾ ਸਕਦਾ ਹੈ।