ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅਦਿੱਤਿਆਨਾਥ ਨੇ ਇਥੇ ਚੋਣ ਪ੍ਰਚਾਰ ਦੌਰਾਨ ਭਾਰਤੀ ਸੈਨਾ ਨੂੰ ‘ਮੋਦੀ ਜੀ ਦੀ ਸੈਨਾ’ ਆਖਿਆ। ਇਸ ਦੌਰਾਨ ਚੋਣ ਕਮਿਸ਼ਨ ਨੇ ਗਾਜ਼ਿਆਬਾਦ ਦੇ ਜ਼ਿਲ੍ਹਾ ਮੈਜਿਸਟ੍ਰੇਟ ਤੋਂ ਰਿਪੋਰਟ ਤਲਬ ਕਰ ਲਈ ਹੈ। ਸ਼ਾਸਨ ਦੇ ਮੁੱਦੇ ’ਤੇ ਐਤਵਾਰ ਨੂੰ ਵਿਰੋਧੀ ਧਿਰ ’ਤੇ ਵਰ੍ਹਦਿਆਂ ਉਨ੍ਹਾਂ ਕਿਹਾ ਕਿ ਜੋ ਕਾਂਗਰਸ, ਸਮਾਜਵਾਦੀ ਪਾਰਟੀ ਅਤੇ ਬਹੁਜਨ ਸਮਾਜ ਪਾਰਟੀ ਲਈ ‘ਅਸੰਭਵ’ ਸੀ, ਉਹ ਭਾਜਪਾ ਸ਼ਾਸਨ ਦੌਰਾਨ ਸੰਭਵ ਕਰ ਦਿਖਾਇਆ। ਉਨ੍ਹਾਂ ਕਿਹਾ ਕਿ ਮੋਦੀ ਹੈ ਤਾਂ ਹਰ ਗੱਲ ਮੁਮਕਿਨ ਹੈ। ਸ੍ਰੀ ਅਦਿੱਤਿਆਨਾਥ ਨੇ ਕਿਹਾ,‘‘ਕਾਂਗਰਸ ਦੇ ਲੋਕ ਅਤਿਵਾਦੀਆਂ ਨੂੰ ਬਿਰਯਾਨੀ ਖਵਾਉਂਦੇ ਸਨ ਅਤੇ ਮੋਦੀ ਜੀ ਦੀ ਸੈਨਾ ਅਤਿਵਾਦੀਆਂ ਨੂੰ ਗੋਲੀ ਜਾਂ ਗੋਲਾ ਦਿੰਦੀ ਹੈ। ਕਾਂਗਰਸ ਦੇ ਲੋਕ ਮਸੂਦ ਅਜ਼ਹਰ ਦੇ ਨਾਮ ਨਾਲ ‘ਜੀ’ ਵਰਤ ਕੇ ਅਤਿਵਾਦ ਨੂੰ ਉਤਸ਼ਾਹਿਤ ਕਰਦੇ ਹਨ। ਦੋਵੇਂ ਪਾਰਟੀਆਂ ’ਚ ਇਹੋ ਫ਼ਰਕ ਹੈ।’’ ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨੇ ਸਰਹੱਦ ਪਾਰ ਅਤਿਵਾਦੀਆਂ ਦੇ ਖ਼ਾਤਮੇ ਨੂੰ ਸੰਭਵ ਬਣਾਇਆ। ਮੌਜੂਦਾ ਕੇਂਦਰੀ ਮੰਤਰੀ ਵੀ ਕੇ ਸਿੰਘ ਲਈ ਪ੍ਰਚਾਰ ਕਰਦਿਆਂ ਉਨ੍ਹਾਂ ਕੇਂਦਰ ’ਚ ਸ੍ਰੀ ਮੋਦੀ ਦੇ ਪੰਜ ਸਾਲਾਂ ਅਤੇ ਆਪਣੇ ਸੂਬੇ ਦੇ ਦੋ ਸਾਲਾਂ ਦੇ ਸ਼ਾਸਨ ਦੌਰਾਨ ਖ਼ਿੱਤੇ ਨੂੰ ਦਿੱਤੀਆਂ ਸੌਗਾਤਾਂ ਦਾ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਪੱਛਮੀ ਉੱਤਰ ਪ੍ਰਦੇਸ਼ ’ਚ ਸੁਰੱਖਿਆ ਦੇ ਹਾਲਾਤ ਸੁਧਰੇ ਹਨ ਅਤੇ ਹੁਣ ਕੋਈ ਵੀ ਮਹਿਲਾਵਾਂ, ਲੜਕੀਆਂ ਨਾਲ ਛੇੜਖਾਨੀ ਨਹੀਂ ਕਰ ਸਕਦਾ ਜਦਕਿ ਅਪਰਾਧੀਆਂ ਨੂੰ ਸਲਾਖਾਂ ਪਿੱਛੇ ਡੱਕ ਦਿੱਤਾ ਗਿਆ ਹੈ ਜਾਂ ਉਹ ਮਾਰੇ ਜਾ ਚੁੱਕੇ ਹਨ।
HOME ਯੋਗੀ ਨੇ ਭਾਰਤੀ ਸੈਨਾ ਨੂੰ ‘ਮੋਦੀ ਜੀ ਦੀ ਸੈਨਾ’ ਆਖਿਆ