ਉੱਤਰ ਪ੍ਰਦੇਸ਼ ਦੀ ਯੋਗੀ ਆਦਿਤਿਆਨਾਥ ਸਰਕਾਰ ਦੇ ਪਹਿਲੇ ਕੈਬਨਿਟ ਵਿਸਥਾਰ ਤਹਿਤ ਬੁੱਧਵਾਰ ਨੂੰ 23 ਮੰਤਰੀਆਂ ਨੇ ਹਲਫ਼ ਲਿਆ। ਇਨ੍ਹਾਂ ਵਿੱਚ 18 ਨਵੇਂ ਚਿਹਰੇ ਸ਼ਾਮਲ ਹਨ। ਰਾਜ ਭਵਨ ਵਿੱਚ ਹੋਏ ਸਮਾਗਮ ਦੌਰਾਨ ਰਾਜਪਾਲ ਆਨੰਦੀ ਬੇਨ ਪਟੇਲ ਨੇ ਛੇ ਕੈਬਨਿਟ, ਛੇ ਰਾਜ ਮੰਤਰੀ(ਸੁਤੰਤਰ ਚਾਰਜ ) ਅਤੇ 11 ਰਾਜ ਮੰਤਰੀਆਂ ਨੂੰ ਅਹੁਦੇ ਅਤੇ ਰਾਜ਼ਦਾਰੀ ਦੀ ਸਹੁੰ ਚੁਕਾਈ। ਕੈਬਨਿਟ ਵਿੱਚ ਭਾਜਪਾ ਦੀ ਸਹਿਯੋਗੀ ਅਪਨਾ ਦਲ ਨੂੰ ਨੁਮਾਇੰਦਗੀ ਨਹੀਂ ਮਿਲੀ। ਰਾਜਮੰਤਰੀ ਮਹਿੰਦਰ ਸਿੰਘ, ਸੁਰੇਸ਼ ਰਾਣਾ, ਭੁਪੇਂਦਰ ਸਿੰਘ ਚੌਧਰੀ ਅਤੇ ਅਨਿਲ ਰਾਜਭਰ ਨੂੰ ਤਰੱਕੀ ਦਿੰਦਿਆਂ ਕੈਬਨਿਟ ਮੰਤਰੀ ਦੇ ਅਹੁਦੇ ਦੀ ਸਹੁੰ ਚੁਕਾਈ ਗਈ। ਉਥੇ ਭੋਗਾਂਵ ਤੋਂ ਵਿਧਾਇਕ ਰਾਮ ਨਰੇਸ਼ ਅਗਨੀਹੋਤਰੀ ਅਤੇ ਘਾਟਮਪੁਰ ਤੋਂ ਵਿਧਾਇਕ ਕਮਲ ਰਾਣੀ ਵਰੁਣ ਜਿਹੇ ਨਵੇਂ ਚਿਹਰੇ ਹਨ ਜਿਨ੍ਹਾਂ ਨੂੰ ਸਿੱਧੇ ਕੈਬਨਿਟ ਵਿੱਚ ਥਾਂ ਮਿਲੀ ਹੈ। ਕਮਲ ਰਾਣੀ ਇਕੋਇਕ ਮਹਿਲਾ ਕੈਬਨਿਟ ਮੰਤਰੀ ਹੈ। ਇਸ ਤੋਂ ਪਹਿਲਾਂ ਰੀਤਾ ਬਹੁਗੁਣਾ ਜੋਸ਼ੀ ਕੈਬਨਿਟ ਮੰਤਰੀ ਸਨ, ਪਰ ਇਲਾਹਾਬਾਦ ਤੋਂ ਲੋਕ ਸਭਾ ਚੋਣ ਜਿੱਤਣ ਬਾਅਦ ਉਨ੍ਹਾਂ ਮੰੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ। ਵਾਰਾਣਸੀ ਤੋਂ ਵਿਧਾਇਕ ਸੂਚਨਾ ਰਾਜਮੰਤਰੀ ਨੀਲਕੰਠ ਤਿਵਾੜੀ ਨੂੰ ਵੀ ਤਰੱਕੀ ਦਿੱਤੀ ਗਈ ਹੈ। ਉਸ ਨੂੰ ਸੁੰਤਤਰ ਚਾਰਜ ਦੇ ਰਾਜ ਮੰਤਰੀ ਦਾ ਅਹੁਦਾ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਕਪਿਲਦੇਵ ਅਗਰਵਾਲ, ਸਤੀਸ਼ ਦਿਵੇਦੀ, ਅਸ਼ੋਕ ਕਟਾਰੀਆ, ਸ੍ਰੀਰਾਮ ਚੌਹਾਨ ਅਤੇ ਰਵਿੰਦਰ ਜਾਇਸਵਾਲ ਵਰਗੇ ਨਵੇਂ ਚਿਹਰਿਆਂ ਨੂੰ ਵੀ ਸੁੰਤਤਰ ਚਾਰਜ ਦੇ ਰਾਜ ਮੰਤਰੀ ਬਣਾਇਆ ਗਿਆ ਹੈ। ਇਸ ਤੋਂ ਇਲਾਵਾ ਅਨਿਲ ਸ਼ਰਮਾ, ਮਹੇਸ਼ ਗੁਪਤਾ, ਆਨੰਦ ਸਵਰੂਪ ਸ਼ੁਕਲਾ, ਵਿਜੈ ਕਸ਼ਿਅਪ, ਗਿਰੀਰਾਜ ਸਿੰਘ ਧਰਮੇਸ਼, ਲਾਖਨ ਸਿੰਘ ਰਾਜਪੂਤ, ਨੀਲਿਮਾ ਕਟਿਆਰ, ਚੌਧਰੀ ਉਦੈਭਾਨ ਸਿੰਘ, ਚੰਦਰਿਕਾ ਪ੍ਰਸ਼ਾਦ ਉਪਾਧਿਆਏ, ਰਮਾਸ਼ੰਕਰ ਸਿੰਘ ਪਟੇਲ ਅਤੇ ਅਜੀਤ ਸਿੰਘ ਪਾਲ ਨੂੰ ਰਾਜਮੰਤਰੀ ਬਣਾਇਆ ਗਿਆ ਹੈ। ਹਾਲ ਦੀ ਘੜੀ ਸਰਕਾਰ ਵਿੱਚ ਅਪਨਾ ਦਲ ਦੇ ਜੈ ਕੁਮਾਰ ਸਿੰਘ ਹੀ ਸ਼ਾਮਲ ਹਨ।
HOME ਯੋਗੀ ਕੈਬਨਿਟ ਦਾ ਵਿਸਥਾਰ, 23 ਨਵੇਂ ਮੰਤਰੀਆਂ ਨੇ ਲਿਆ ਹਲਫ਼