ਯੈੱਸ ਬੈਂਕ ਦੇ ਖਾਤਾਧਾਰਕਾਂ ਵਿੱਚ ਬੇਚੈਨੀ

ਭਾਰਤੀ ਰਿਜ਼ਰਵ ਬੈਂਕ ਵੱਲੋਂ ਬੀਤੇ ਦਿਨੀਂ ਪੂੰਜੀ ਦੀ ਵੱਡੀ ਘਾਟ ਨਾਲ ਜੂਝ ਰਹੇ ਯੈੱਸ ਬੈਂਕ ਦੇ ਬੋਰਡ ਆਫ਼ ਡਾਇਰੈਕਟਰਜ਼ ਨੂੰ ਭੰਗ ਕਰਕੇ ਆਪਣਾ ਪ੍ਰਬੰਧਕ ਨਿਯੁਕਤ ਕਰਨ ਅਤੇ ਯੈੱਸ ਬੈਂਕ ਦੇ ਖਾਤਾਧਾਰਕਾਂ ਲਈ ਅਗਲੇ ਹੁਕਮਾਂ ਤੱਕ ਪੈਸੇ ਕਢਵਾਉਣ ਦੀ ਲਿਮਟ 50 ਹਜ਼ਾਰ ਰੁਪਏ ਪ੍ਰਤੀ ਮਹੀਨਾ ਤੈਅ ਕਰਨ ਦੇ ਤਾਜ਼ਾ ਦਿਸ਼ਾ-ਨਿਰਦੇਸ਼ਾਂ ਤੋਂ ਬਾਅਦ ਖਪਤਕਾਰਾਂ ਵਿੱਚ ਖਲਬਲੀ ਮਚ ਗਈ ਹੈ। ਇਹੀ ਨਹੀਂ ਬਿਜਲੀ ਬਿੱਲਾਂ ਦੇ ਭੁਗਤਾਨ ਸਮੇਤ ਹੋਰ ਆਨਲਾਈਨ ਸਹੂਲਤਾਂ ਨਾਲ ਜੁੜੇ ਕਾਰੋਬਾਰੀਆਂ ਦੀ ਨੀਂਦ ਵੀ ਉੱਡ ਗਈ ਹੈ। ਉਧਰ, ਬੈਂਕ ਦੇ ਖਾਤਾਧਾਰਕ ਸਵੇਰ ਤੋਂ ਲਾਈਨਾਂ ਵਿੱਚ ਲੱਗ ਕੇ ਬੈਂਕ ਤੋਂ ਪੈਸੇ ਕਢਵਾਉਣ ਲਈ ਖੱਜਲ-ਖੁਆਰ ਹੋ ਰਹੇ ਹਨ।
ਵੇਰਵਿਆਂ ਅਨੁਸਾਰ ਇੱਥੋਂ ਦੇ ਫੇਜ਼-3ਬੀ2 ਦੀ ਮਾਰਕੀਟ ਵਿੱਚ ਯੈੱਸ ਬੈਂਕ ਵਿੱਚ ਅੱਜ ਸਵੇਰ ਤੋਂ ਪੈਸੇ ਕਢਵਾਉਣ ਵਾਲੇ ਖਪਤਕਾਰਾਂ ਦਾ ਤਾਂਤਾ ਲੱਗਿਆ ਰਿਹਾ। ਬੈਂਕ ’ਚੋਂ ਪੈਸੇ ਕਢਵਾਉਣ ਲਈ ਲਾਈਨ ਵਿੱਚ ਲੱਗੇ ਰਵਿੰਦਰ ਸਿੰਘ ਅਤੇ ਹੋਰਨਾਂ ਨੇ ਕਿਹਾ ਕਿ ਯੈੱਸ ਬੈਂਕ ਦੇ ਏਟੀਐਮ ਵੀ ਬੰਦ ਹੋ ਗਏ ਹਨ ਜਿਸ ਕਾਰਨ ਏਟੀਐਮ ਵਿੱਚ ਕੋਈ ਪੈਸਾ ਨਹੀਂ ਨਿਕਲ ਰਿਹਾ। ਬੈਂਕ ਅਧਿਕਾਰੀ ਵੀ ਬਰਾਂਚ ਵਿੱਚ ਪੈਸਿਆਂ ਦੀ ਤੋਟ ਆਉਣ ਦੀ ਗੱਲ ਆਖ ਰਹੇ ਹਨ। ਖਪਤਕਾਰਾਂ ਨੂੰ 50 ਹਜ਼ਾਰ ਵੀ ਨਹੀਂ ਦਿੱਤੇ ਜਾ ਰਹੇ ਹਨ।
ਖਪਤਕਾਰਾਂ ਨੇ ਕਿਹਾ ਕਿ ਉਨ੍ਹਾਂ ਨੂੰ ਸਮਝ ਨਹੀਂ ਆ ਰਿਹਾ ਕਿ ਉਹ ਹੁਣ ਕਿੱਥੇ ਜਾਣ। ਖਪਤਕਾਰ ਨੇ ਦੱਸਿਆ ਕਿ ਉਸ ਨੇ ਆਪਣੇ ਘਰ ਦੇ ਖਰਚੇ ਤੋਂ ਇਲਾਵਾ ਮਕਾਨ ਸਮੇਤ ਹੋਰ ਕਰਜ਼ਿਆਂ ਦੀਆਂ ਕਿਸ਼ਤਾਂ ਦੇਣੀਆਂ ਹੁੰਦੀਆਂ ਹਨ ਅਤੇ 31 ਮਾਰਚ ਤੱਕ ਬਕਾਇਆ ਕਿਸ਼ਤਾਂ ਦਾ ਭੁਗਤਾਨ ਕਰਨਾ ਜ਼ਰੂਰੀ ਹੈ। ਉਸ ਦੀ ਸਾਰੀ ਤਨਖ਼ਾਹ ਵੀ ਯੈੱਸ ਬੈਂਕ ਦੇ ਖਾਤੇ ਵਿੱਚ ਆਉਂਦੀ ਹੈ ਅਤੇ ਉਸ ਨੂੰ ਸਮਝ ਨਹੀਂ ਆ ਰਿਹਾ ਕਿ ਉਹ ਸਿਰਫ਼ 50 ਹਜ਼ਾਰ ਰੁਪਏ ਵਿੱਚ ਗੁਜ਼ਾਰਾ ਕਿਵੇਂ ਕਰੇਗਾ। ਬੈਂਕ ਦੇ ਬਾਹਰ ਲਾਈਨ ਵਿੱਚ ਖੜ੍ਹੇ ਖਾਤਾਧਾਰਕਾਂ ਨੇ ਕਿਹਾ ਕਿ ਥੋੜ੍ਹੀ ਦੇਰ ਬਾਅਦ ਬੈਂਕ ਬੰਦ ਹੋਣ ਵਾਲਾ ਹੈ ਪਰ ਬੈਂਕ ਸਟਾਫ਼ ਉਨ੍ਹਾਂ ਦੀ ਸਮੱਸਿਆ ਨਹੀਂ ਸਮਝ ਰਿਹਾ। ਜਿਹੜੇ ਲੋਕਾਂ ਨੇ ਯੈੱਸ ਬੈਂਕ ਤੋਂ ਕਰਜ਼ਾ ਲਿਆ ਹੋਇਆ ਹੈ, ਉਨ੍ਹਾਂ ਨੂੰ ਖਾਤੇ ਵਿੱਚ ਮੌਜੂਦ ਪੈਸੇ ਕਢਵਾਉਣ ਤੋਂ ਇਹ ਕਹਿ ਕੇ ਜਵਾਬ ਦਿੱਤਾ ਜਾ ਰਿਹਾ ਹੈ ਕਿ ਪਹਿਲਾਂ ਉਹ ਆਪਣੇ ਕਰਜ਼ੇ ਦੀ ਅਦਾਇਗੀ ਕਰਨ। ਉਧਰ, ਬੈਂਕ ਅਧਿਕਾਰੀ ਅਤੇ ਸਟਾਫ਼ ਨੇ ਇਹ ਕਹਿ ਕੇ ਗੱਲ ਕਰਨ ਤੋਂ ਟਾਲਾ ਵੱਟ ਲਿਆ ਕਿ ਉਹ ਮੀਡੀਆ ਨਾਲ ਗੱਲ ਕਰਨ ਲਈ ਅਧਿਕਾਰਤ ਨਹੀਂ ਹਨ।
ਕਾਰੋਬਾਰੀ ਮਲਕੀਤ ਸਿੰਘ ਸੈਣੀ ਨੇ ਦੱਸਿਆ ਕਿ ਉਸ ਦਾ ਯੈੱਸ ਬੈਂਕ ਵਿੱਚ ਬਿਜਨਸ ਖਾਤਾ ਹੈ। ਇਸ ਖਾਤੇ ਵਿੱਚ ਹਰੇਕ ਮਹੀਨੇ ਘੱਟੋ ਘੱਟ 30 ਹਜ਼ਾਰ ਰੁਪਏ ਬਕਾਇਆ ਦਿਖਾਉਣਾ ਪੈਂਦਾ ਹੈ। ਇਸ ਤੋਂ ਬਾਅਦ ਹੀ 5 ਲੱਖ ਤੱਕ ਦਾ ਕਾਰੋਬਾਰ ਕੀਤਾ ਜਾ ਸਕਦਾ ਹੈ ਪਰ ਇਹ ਕਾਰੋਬਾਰ ਉਸ ਦਾ ਅੱਜ ਤੋਂ ਬਿਲਕੁਲ ਬੰਦ ਹੋ ਗਿਆ ਹੈ।

Previous articleDelimitation likely to address aspirations of Jammu, Kashmir
Next articleਦਿੱਲੀ ਦੰਗੇ: ਸੰਸਦ ਦੇ ਦੋਵੇਂ ਸਦਨਾਂ ’ਚ ਪੰਜਵੇਂ ਦਿਨ ਵੀ ਹੰਗਾਮਾ