ਬੰਗਲੁਰੂ (ਸਮਾਜ ਵੀਕਲੀ) : ਜੰਮੂ ਕਸ਼ਮੀਰ ਦੀ ਇੱਕ ਵਿਦਿਆਰਥੀ ਜਥੇਬੰਦੀ ਨੇ ਕਰਨਾਟਕ ਦੇ ਮੁੱਖ ਮੰਤਰੀ ਬੀ ਐੱਸ ਯੇਦੀਯੁਰੱਪਾ ਨੂੰ ਕਸ਼ਮੀਰ ਨਾਲ ਸਬੰਧਤ ਇੰਜਨੀਅਰਿੰਗ ਕਾਲਜ ਦੇ ਤਿੰਨ ਵਿਦਿਆਰਥੀਆਂ ਖ਼ਿਲਾਫ਼ ਲੱਗੇ ਦੇਸ਼ ਧਰੋਹ ਦੇ ਦੋਸ਼ ਵਾਪਸ ਲੈਣ ਲਈ ਪੇਸ਼ਕਦਮੀ ਕਰਨ ਦੀ ਅਪੀਲ ਕੀਤੀ ਹੈ। ਇਨ੍ਹਾਂ ਵਿਦਿਆਰਥੀਆਂ ’ਤੇ ਪਾਕਿਸਤਾਨ ਪੱਖੀ ਨਾਅਰੇ ਲਾਉਣ ਤੇ ਇੰਟਰਨੈੱਟ ਰਾਹੀਂ ਇੱਕ ਵੀਡੀਓ ਪਾਉਣ ਦਾ ਦੋਸ਼ ਹੈ।
‘ਦਿ ਜੇ ਐਂਡ ਕੇ ਸਟੂਡੈਂਟਸ ਐਸੋਸੀਏਸ਼ਨ’ ਨੇ ਵਿਦਿਆਰਥੀਆਂ ਦੀ ਮੁਅੱਤਲੀ ਸਬੰਧੀ ਹੁਕਮ ਵਾਪਸ ਲੈਣ ਦੀ ਮੰਗ ਵੀ ਕੀਤੀ ਹੈ। ਇਨ੍ਹਾਂ ਤਿੰਨਾਂ ਨੂੰ ਹੁਬਲੀ ਜ਼ਿਲ੍ਹੇ ਵਿੱਚੋਂ ਬੀਤੀ 15 ਫਰਵਰੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਜਥੇਬੰਦੀ ਨੇ ਮੁੱਖ ਮੰਤਰੀ ਨੂੰ ਲਿਖੇ ਪੱਤਰ ਵਿੱਚ ਕਿਹਾ ਕਿ ਇਨ੍ਹਾਂ ਵਿਦਿਆਰਥੀਆਂ ਤੋਂ ਪਹਿਲਾਂ ਪੁਲੀਸ ਨੇ ਪੁੱਛਗਿੱਛ ਕੀਤੀ ਤੇ ਮਗਰੋਂ ਰਿਹਾਅ ਕਰ ਦਿੱਤਾ ਬਾਅਦ ’ਚ ਸੱਜੇ ਪੱਖੀ ਕਾਰਕੁਨਾਂ ਵੱਲੋਂ ਕੀਤੇ ਮੁਜ਼ਾਹਰਿਆਂ ਕਾਰਨ ਇਨ੍ਹਾਂ ਨੂੰ ਮੁੜ ਗ੍ਰਿਫ਼ਤਾਰ ਕਰ ਲਿਆ ਗਿਆ।