ਲੰਡਨ (ਰਾਜਵੀਰਸਮਰਾ) : ਪੰਜਾਬੀਆਂ ਦੀ ਸੰਘਣੀ ਵੱਸੋਂ ਵਾਲੇ ਇੰਗਲੈਂਡ ਦੇ ਸ਼ਹਿਰ ਲੈਸਟਰ ਵਿੱਚ ਕੱਲ੍ਹ ਸ਼ਾਮ ਕੌਮਾਂਤਰੀ ਵਿਸ਼ਵ ਮਾਤ ਭਾਸ਼ਾਵਾਂ ਦਿਵਸ ਇੱਥੋਂ ਦੀਆਂ ਨਾਮਵਰ ਜਥੇਬੰਦੀਆਂ ਪੰਜਾਬੀ ਆਰਟ ਐਂਡ ਲਿਟਰੇਰੀ ਅਕਾਡਮੀ ਯੂ ਕੇ, ਪੰਜਾਬੀ ਭਾਸ਼ਾ ਚੇਤਨੱ ਬੋਰਡ ਯੂ ਕੇ ਤੇ ਸਥਾਨਕ ਗੁਰੂ ਤੇਗ ਬਹਾਦਰ ਗੁਰਦੁਆਰਾ ਦੇ ਸਾਂਝੇ ਸਹਿਯੋਗ ਨਾਲ ਆਯੋਜਿਤ ਕੀਤਾ ਗਿਆ ।
ਸਮਾਗਮ ਵਿੱਚ ਯੂ ਕੇ ਦੀਆ ਨਾਮਵਰ ਹਸਤੀਆਂ ਨੇ ਸ਼ਿਰਕਤ ਕੀਤੀ ਤੇ ਪੰਜਾਬੀ ਮਾਂ ਬੋਲੀ ਸੰਬੰਧੀ ਆਪੋ ਆਪਣੇ ਵਿਚਾਰ ਪੇਸ਼ ਕੀਤੇ । ਸ਼ਾਮ ਦੇ ਸਾਢੇ ਕੁ ਪੰਜ ਵਜੇ ਸ਼ੁਰੂ ਹੋਏ ਇਸ ਸਮਾਗਮ ਦੀ ਪ੍ਰਧਾਨਗੀ ਪੰਜਾਬੀ ਆਰਟ ਐਂਡ ਲਿਟਰੇਰੀ ਅਕਾਡਮੀ ਦੇ ਪ੍ਰਧਾਨ ਸ ਸਰੂਪ ਸਿੰਘ ਚਿੱਤਰਕਾਰ, ਸ਼ਿੰਗਾਰਾ ਸਿੰਘ ਰੰਧਾਵਾ ਕੋਹਿਨੂਰ ਰੇਡੀਓ ਲੈਸਟਰ, ਸੰਤੋਖ ਸਿੰਘ ਭੁੱਲਰ ਪ੍ਰਧਾਨ ਸ਼ਬਦ ਚੇਤਨਾ ਮੰਚ ਲੰਡਨ ਨੇ ਸਾਂਝੇ ਕੌਰ ‘ਤੇ ਕੀਤੀ ਜਦ ਕਿ ਸ ਰਾਜਿੰਦਰ ਸਿੰਘ ਪੁਰੇਵਾਲ ਚੇਅਰਮੈਨ ਪੰਜਾਬ ਟਾਈਮਜ ਗਰੁੱਪ ਆਫ ਪਬਲੀਕੇਸ਼ਨ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ । ਦੋ ਸ਼ੈਸ਼ਨਾ ਚ ਵੰਡੇ ਗਏ ਇਸ ਸਮਾਗਮ ਦੇ ਪਹਿਲੇ ਸ਼ੈਸ਼ਨ ਚ ਪੰਜਾਬੀ ਭਾਸ਼ਾ ਦੀ ਦਸ਼ਾ ਤੇ ਦਿਸ਼ਾ, ਪੰਜਾਬੀ ਬੋਲੀ ਦਾ ਕੱਲ੍ਹ ਅੱਜ ਤੇ ਭਲ਼ਕ ਤੇ ਪੰਜਾਬੀ ਬੋਲੀ ਦੀ ਹੋਂਦ ਨੂੰ ਬਚਾਈ ਰੱਖਣ ਵਾਸਤੇ ਕੀ ਉਪਰਾਲੇ ਕੀਤੇ ਜਾਣ ਆਦਿ ਤਿੰਨ ਵਿਸ਼ਿਆਂ ‘ਤੇ ਪ੍ਰੋ ਸ਼ਿੰਗਾਰਾ ਸਿੰਘ ਢਿੱਲੋਂ, ਗੁਰਮੀਤ ਸਿੰਘ ਭਕਨਾ ਤੇ ਬਲਵਿੰਦਰਪਾਲ ਸਿੰਘ ਚਾਹਲ ਨੇ ਆਪੋ ਆਪਣੇ ਪਰਚੇ ਪੇਸ਼ ਕੀਤੇ । ਪ੍ਰੋ ਸ਼ਿੰਗਾਰਾ ਸਿੰਘ ਢਿੱਲੋਂ ਨੇ ਆਪਣੇ ਪਰਚੇ ਚ ਜਿੱਥੇ ਵਿਸ਼ਵ ਮਾਤ ਭਾਸ਼ਾ ਦਿਵਸ ਦੇ ਪਿਛੋਕੜ ਤੇ ਅਹਿਮੀਅਤ ਬਾਰੇ ਗੱਲ ਕੀਤੀ ਉੱਥੇ ਬੋਲੀ ਤੇ ਲਿਪੀ ਦੇ ਅੰਤਰ, ਪੰਜਾਬੀ ਬੋਲੀ ਚ ਸਭਿਆਚਾਰੀਕਰਨ ਦੇ ਪ੍ਰਭਾਵ ਕਾਰਨ ਦੂਸਰੀਆਂ ਬੋਲੀਆ ਦੇ ਸ਼ਬਦਾਂ ਦੀ ਤਤਸਮ ਤੇ ਤਦਭਵੀ ਆਮਦ, ਬੋਲੀ ਨੂੰ ਕਿੱਤਾਮੁਖੀ ਨਾ ਬਣਾਏ ਜਾਣ ਕਾਰਨ ਹੋ ਰਹੇ ਨੁਕਸਾਨ ਤੇ ਪੰਜਾਬੀ ਬੋਲੀ ਨੂੰ ਪਾਜ ਭਾਸ਼ਾ ਦਾ ਸਹੀ ਰੁਤਬਾ ਨਾ ਮਿਲਣ ਕਾਰਨ ਹੋ ਰਹੀ ਬੇਪਰਤੀਤੀ ਆਦਿ ਮੁੱਦਿਆਂ ‘ਤੇ ਨਿੱਠ ਕੇ ਚਰਚਾ ਕੀਤੀ । ਹਰਮੀਤ ਸਿੰਘ ਭਕਨਾ ਨੇ ਪੰਜਾਬੀ ਬੋਲੀ ਦੇ ਇਤਿਹਾਸਕ ਮਹੱਤਵ ‘ਤੇ ਚਾਨਣਾ ਪਾਉਂਦਿਆਂ ਮਾਂ ਬੋਲੀ ਪੰਜਾਬੀ ਦੀ ਬਿਹਤਰੀ ਲਈ ਹੋ ਰਹੇ ਯਤਨਾਂ ਦਾ ਲੇਖਾ ਜੋਖਾ ਕਰਦਿਆਂ ਹੋਰ ਨਿੱਗਰ ਉਪਰਾਲੇ ਕੀਤੇ ਜਾਣ ਦੀ ਲੋੜ ‘ਤੇ ਜ਼ੋਰ ਦਿੱਤਾ ਤੇ ਬਲਵਿੰਦਰਪਾਲ ਸਿੰਘ ਚਾਹਲ ਨੇ ਬੋਲੀ ਤੇ ਲਿਪੀ ਦੇ ਅੰਤਰ ਬਾਰੇ ਵਿਸਥਾਰ ਸਹਿਤ ਚਾਨਣਾ ਪਾਉਂਦਿਆਂ ਦੱਸਿਆ ਕਿ ਅੱਜ ਪੰਜਾਬੀ ਬੋਲੀ ਨੂੰ ਏਨਾ ਖਤਰਾ ਨਹੀਂ ਜਿੰਨਾ ਗੁਰਮੁਖੀ ਲਿਪੀ ਨੂੰ ਖਤਰਾ ਹੈ । ਉਹਨਾਂ ਕਿਹਾ ਕਿ ਜੇਕਰ ਕਿਸੇ ਬੋਲੀ ਤੋਂ ਲਿਪੀ ਖੋਹ ਲਈ ਜਾਵੇ ਤਾਂ ਉਸ ਬੋਲੀ ਦੀ ਹੋਂਦ ਨਿਸ਼ਚੇ ਹੀ ਖ਼ਤਰੇ ਵਿੱਚ ਪੈ ਜਾਂਦੀ ਹੈ ।
ਇਸ ਮੌਕੇ ‘ਤੇ ਸਮਾਗਮ ਦੇ ਮੁੱਖ ਮਹਿਮਾਨ ਰਾਜਿੰਦਰ ਸਿੰਘ ਪੁਰੇਵਾਲ ਨੇ ਬੋਲਦਿਆਂ ਕਿਹਾ ਕਿ ਬੇਸ਼ੱਕ ਪੰਜਾਬੀ ਵਿੱਚ ਮੀਡੀਆ ਅਖਬਾਰ, ਰੇਡੀਓ ਤੇ ਟੈਲੀਵੀਜ਼ਨ ਵਗੈਰਾ ਚਲਾਉਣਾ ਇਕ ਬਿਖੜਾ ਕਾਰਜ ਹੈ ਪਰ ਉਹਨਾਂ ਨੇ ਹਮੇਸ਼ਾ ਹੀ ਪੰਜਾਬੀ ਮੀਡੀਏ ਨੂੰ ਚੱਲਦਾ ਰੱਖਣ ਵਾਸਤੇ ਪਹਿਲ ਦਿੱਤੀ ਹੈ ਭਾਵੇਂ ਕਿ ਅਜਿਹਾ ਕਰਨ ਵਾਸਤੇ ਉਹਨਾ ਨੂੰ ਬਹੁਤੀ ਵਾਰ ਪੱਲਿਓਂ ਹੀ ਖਰਚ ਕਰਨਾ ਪੈਂਦਾ ਰਿਹਾ ਹੈ । ਤੇ ੳੁਹਨਾ ਪੰਜਾਬੀ ਉੱਤੇ ਵਧ ਰਹੇ ਹਿੰਦੀ ਦੇ ਗ਼ਲਬੇ ‘ਤੇ ਗਹਿਰੀ ਚਿੰਤਾ ਦਾ ਪ੍ਰਗਟਾਵਾ ਕੀਤਾ । ਇਸ ਮੌਕੇ ‘ਤੇ ਬੋਲਦਿਆਂ ਸਿੱਖ ਧਰਮ ਦੇ ਪਰਸਿੱਧ ਪ੍ਰਚਾਰਕ ਅਮਰਜੀਤ ਸਿੰਘ ਗੁਲਸ਼ਨ ਨੇ ਗੁਰਬਾਣੀ ਦੇ ਹਵਾਲੇ ਦੇ ਕੇ ਗੁਰਮੁਖੀ ਲਿਪੀ ਦੇ ਮਹੱਤਵ ਤੋਂ ਜਾਣੂ ਕਰਵਾਇਆਂ । ਪਹਿਲੇ ਸ਼ੈਸ਼ਨ ਦੀ ਸਟੇਜੀ ਕਾਰਵਾਈ ਜਗਜੀਤ ਸਿੰਘ ਸਹੋਤਾ ਵੱਲੋਂ ਬਾਖੂਬੀ ਨਿਭਾਈ ਗਈ ਤੇ ਉਹਨਾ ਨੇ ਬੋਲੀ ਦੇ ਮਹੱਤਵ ਨੂੰ ਦਰਸਾਉਂਦੀਆਂ ਸਮੇਂ ਸਮੇਂ ਸੰਖੇਪ ਤੇ ਸਾਰਥਿਕ ਟਿੱਪਣੀਆਂ ਵੀ ਕੀਤੀਆ ।ਸਮਾਗਮ ਦੇ ਦੂਜੇ ਸ਼ੈਸ਼ਨ ਚ ਹਾਜ਼ਰ ਕਵੀਆਂ ਨੇ ਮਾਂ ਬੋਲੀ ਪੰਜਾਬੀ ਸੰਬੰਧੀ ਆਪੋ ਆਪਣਾ ਕਲਾਮ ਪੇਸ਼ ਕੀਤਾ । ਇਸ ਮੌਕੇ ‘ਕੇ ਸਰਵ ਸ਼੍ਰੀ ਹਰਦੇਵ ਬਸਰਾ, ਸੰਤੋਖ ਸਿੰਘ ਭੁੱਲਰ, ਮੁਹਿੰਦਰਪਾਲ ਸਿੰਘ, ਨਛੱਤਰ ਭੋਗਲ, ਸ਼ਿੰਗਾਰਾ ਸਿੰਘ ਰੰਧਾਵਾ, ਦਰਸ਼ਨ ਸਿੰਘ, ਗੋਗਾ ਸਿੰਘ ਤੇ ਗੁਰਮੀਤ ਸਿੰਘ ਸੰਧੂ ਨੇ ਆਪੋ ਆਪਣੀਆ ਰਚਨਾਨਾ ਦੀ ਪੇਸ਼ਕਾਰੀ ਕੀਤੀ ਦੂਜੇ ਸ਼ੈਸ਼ਨ ਚ ਸਟੇਜੀ ਕਾਰਵਾਈ ਗੁਰਮੀਤ ਸਿੰਘ ਸੰਧੂ ਵੱਲੋਂ ਬਾਖੂਬੀ ਨਿਭਾਈ ਗਈ । ਇੱਥੇ ਜਿਕਰਯੋਗ ਹੈ ਕਿ ਯੂ ਕੇ ਚ ਵਿਸ਼ਵ ਮਾਤ ਭਾਸ਼ਾਵਾਂ ਦਿਵਸ ਦੇ ਸਬੰਧ ਚ ਇਹ ਹੁਣ ਤੱਕ ਦਾ ਪਹਿਲਾ ਨਿੱਗਰ ਉਪਰਾਲਾ ਸੀ ਜੋ ਵਿਦੇਸ਼ਾਂ ਚ ਮਾਂ ਬੋਲੀ ਪੰਜਾਬੀ ਬਾਰੇ ਵਧੀਆ ਤੇ ਉਸਾਰੂ ਚਰਚਾ ਛੇੜ ਗਿਆ । ਇਸ ਮੌਕੇ ਗੁਰੂ-ਘਰ ਵੱਲੋਂ ਚਾਹ ਪਾਣੀ ਖ਼ਾਸ ਪਰਬੰਧ ਕੀਤਾ ਗਿਆ ਸੀ । ਸਮਾਗਮ ਚ ਹਾਜ਼ਰ ਬੁਲਾਰਿਆਂ ਨੇ ਪਰਬੰਧਕਾ ਵੱਲੋਂ ਮਾਤ ਭਾਸ਼ਾ ਪੰਜਾਬੀ ਸੰਬੰਧੀ ਕੀਤੇ ਗਏ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕਰਦਿਆਂ ਇਹਨਾਂ ਦੀ ਲੜੀ ਨੂੰ ਜਾਰੀ ਰੱਖਣ ਦੀ ਮੰਗ ਕਰਨ ਦੇ ਨਾਲ ਨਾਲ ਹਰ ਤਰਾਂ ਦਾ ਸਹਿਯੋਗ ਦੇਣ ਦਾ ਭਰੋਸਾ ਵੀ ਦਿੱਤਾ ।