ਲੰਡਨ-(ਰਾਜਵੀਰ ਸਮਰਾ) (ਸਮਾਜ ਵੀਕਲੀ): ਪ੍ਧਾਨ ਮੰਤਰੀ ਬੋਰਿਸ ਜਾਨਸਨ ਨੇ ਯੂ. ਕੇ. ਵਿਚ ਤਾਲਾਬੰਦੀ ਦੀਆਂ ਪਾਬੰਦੀਆਂ ਵਿਚ ਹੋਰ ਢਿੱਲ ਦੇਣ ਦੀ ਮਨਾਹੀ ਕੀਤੀ ਹੈ । ਉਨ੍ਹਾਂ ਖਦਸ਼ਾ ਪ੍ਰਗਟਾਇਆ ਕਿ ਕੋਰੋਨਾ ਵਾਇਰਸ ਦੇ ਮਾਮਲੇ ਹੋਰ ਵੱਧ ਸਕਦੇ ਹਨ। ਜਾਨਸਨ ਨੇ ਲੰਡਨ ਦੇ ਡਾਊਨਿੰਗ ਸਟ੍ਰੀਟ ਵਿਚ ਕਿਹਾ, “ਸਾਨੂੰ ਵਾਇਰਸ ਨੂੰ ਕਾਬੂ ਵਿਚ ਰੱਖਣ ਲਈ ਵਧੇਰੇ ਸਖਤੀ ਵਰਤਣ ਦੀ ਜ਼ਰੂਰਤ ਹੈ।
ਉਨ੍ਹਾਂ ਇਹ ਵੀ ਐਲਾਨ ਕੀਤਾ ਕਿ ਪਬਲਿਕ ਟ੍ਰਾਂਸਪੋਰਟ ਅਤੇ ਸਿਨੇਮਾਘਰਾਂ ਤੋਂ ਇਲਾਵਾ ਕਈ ਹੋਰ ਜਨਤਕ ਥਾਵਾਂ ‘ਤੇ ਫੇਸ ਮਾਸਕ ਲਗਾਉਣਾ ਲਾਜ਼ਮੀ ਹੋਵੇਗਾ। ਨੈਸ਼ਨਲ ਸਟੈਟਿਸਟਿਕਸ ਆਫਿਸ (ਓ.ਐੱਨ.ਐੱਸ.) ਦੇ ਅੰਕੜਿਆਂ ਦਾ ਹਵਾਲਾ ਦਿੰਦੇ ਹੋਏ, ਜਾਨਸਨ ਨੇ ਕਿਹਾ, “ਮਈ ਤੋਂ ਬਾਅਦ ਪਹਿਲੀ ਵਾਰ ਯੂ. ਕੇ. ਵਿਚ ਭਾਈਚਾਰੇ ਵਿਚ ਵਾਇਰਸ ਵਧਣ ਦਾ ਖਦਸ਼ਾ ਵਧੇਰੇ ਹੈ।” ਯੂ. ਕੇ. ਦੇ ਪ੍ਰਧਾਨ ਮੰਤਰੀ ਨੇ ਹਾਲਾਂਕਿ ਜ਼ੋਰ ਦੇ ਕੇ ਕਿਹਾ ਕਿ ਕੋਰੋਨਾ ਵਾਇਰਸ ਕਾਰਨ ਹਰ ਰੋਜ਼ ਅਤੇ ਹਫਤੇ ਵਿਚ ਹੋਣ ਵਾਲੀਆਂ ਮੌਤਾਂ ਦੀ ਗਿਣਤੀ ਘੱਟ ਰਹੀ ਹੈ ਪਰ ਇਸ ਦੇ ਨਾਲ ਹੀ ਉਨ੍ਹਾਂ ਚਿਤਾਵਨੀ ਦਿੱਤੀ ਕਿ ਕੁੱਝ ਯੂਰਪੀ ਦੇਸ਼ ਇਸ ਨੂੰ ਕੰਟਰੋਲ ਕਰਨ ਲਈ ਸੰਘਰਸ਼ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਬ੍ਰਿਟੇਨ ਨੂੰ ਪ੍ਰਤੀਕਿਰਿਆ ਦੇਣ ਲਈ ਤਿਆਰ ਰਹਿਣਾ ਚਾਹੀਦਾ ਹੈ।
ਜਾਨਸਨ ਨੇ ਹਾਲਾਂਕਿ ਇਸ ਗੱਲ ਤੋਂ ਇਨਕਾਰ ਕੀਤਾ ਕਿ ਬ੍ਰਿਟੇਨ ਨੇ ਪਹਿਲੀ ਵਾਰ ਤਾਲਾਬੰਦੀ ਦੀਆਂ ਪਾਬੰਦੀਆਂ ਹਟਾਉਣ ਲਈ ਬਹੁਤ ਤੇਜ਼ੀ ਦਿਖਾਈ। ਉਨ੍ਹਾਂ ਅਪੀਲ ਕੀਤੀ ਕਿ ਲੋਕ ਵਾਇਰਸ ਤੋਂ ਬਚਣ ਲਈ ਸਾਵਧਾਨੀ ਅਤੇ ਸਮਾਜਕ ਦੂਰੀ ਵਰਗੀਆਂ ਸਾਵਧਾਨੀਆਂ ਅਪਨਾਉਣ।