ਲੰਡਨ, (ਰਾਜਵੀਰ ਸਮਰਾ) (ਸਮਾਜ ਵੀਕਲੀ)– ਯੂ. ਕੇ ‘ਚ ਤਾਲਾਬੰਦੀ ਨਿਯਮਾਂ ਵਿਚ ਸਰਕਾਰ ਹੋਰ ਢਿੱਲ ਦੇ ਦਿੱਤੀ ਹੈ | ਜਦ ਕਿ ਇਸ ਤੋਂ ਪਹਿਲਾਂ 1 ਅਗਸਤ ਨੂੰ ਜਾਰੀ ਹੋਣ ਵਾਲੀਆਂ ਇਨ੍ਹਾਂ ਛੋਟਾਂ ਨੂੰ ਕੋਵਿਡ-19 ਦੇ ਮਾਮਲੇ ਵਧਣ ਕਾਰਨ ਮੁਲਤਵੀ ਕਰਨ ਦੇ ਨਾਲ-ਨਾਲ ਕੁਝ ਨਿਯਮਾਂ ਨੂੰ ਮੁੜ ਲਾਗੂ ਕਰ ਦਿੱਤਾ ਗਿਆ ਸੀ | ਨਵੀਆਂ ਛੋਟਾਂ ਤਹਿਤ ਵਿਆਹ ਸਮਾਗਮਾਂ ‘ਚ ਮੁੜ 30 ਮਹਿਮਾਨਾਂ ਨੂੰ ਖੁੱਲ੍ਹ ਦਿੱਤੀ ਗਈ ਹੈ ਅਤੇ ਉਨ੍ਹਾਂ ਨੂੰ ਬੈਠ ਕੇ ਖਾਣਾ ਖਾਣ ਦੀ ਵੀ ਛੋਟ ਹੋਵੇਗੀ |
ਅੰਦਰਲੇ ਥੇਟਰ, ਸੰਗੀਤ ਅਤੇ ਹੋਰ ਪੇਸ਼ਕਾਰੀਆਂ ਲਈ ਸਮਾਜਿਕ ਦੂਰੀ ਰੱਖਦਿਆਂ ਖੁੱਲ੍ਹ ਦੇ ਦਿੱਤੀ ਗਈ ਹੈ | ਇਸ ਤੋਂ ਇਲਾਵਾ ਸਰਕਾਰ ਨੇ ਹੋਰ ਕਈ ਢਿੱਲਾਂ ਦਿੱਤੀਆਂ ਹਨ | ਫਰਾਂਸ ‘ਚ ਨਵੇਂ ਕੋਰੋਨਾ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਫਰਾਂਸ, ਨੀਦਰਲੈਂਡ, ਮੌਨੱਕੋ, ਮਾਲਟਾ, ਤੁਰਕਸ, ਅਰੂਬਾ ਆਦਿ ਤੋਂ ਆਉਣ ਵਾਲੇ ਯਾਤਰੀਆਂ ਨੂੰ 14 ਦਿਨ ਲਈ ਇਕਾਂਤਵਾਸ ‘ਚ ਰਹਿਣਾ ਲਾਜ਼ਮੀ ਕਰ ਦਿੱਤਾ ਹੈ | ਸਰਕਾਰ ਦੇ ਇਸ ਨਵੇਂ ਫ਼ਰਮਾਨ ਤੋਂ ਬਾਅਦ ਛੁੱਟੀਆਂ ਕੱਟਣ ਗਏ ਯਾਤਰੀ ਵੱਡੀ ਗਿਣਤੀ ‘ਚ ਵਾਪਸ ਪਰਤਣ ਲੱਗੇ | ਦੱਸਣਯੋਗ ਹੈ ਕਿ ਇਕੱਲੇ ਫਰਾਂਸ ‘ਚ ਹੀ 1 ਲੱਖ 60 ਹਜ਼ਾਰ ਯਾਤਰੀ ਛੁੱਟੀਆਂ ਕੱਟਣ ਗਏ ਹੋਏ ਹਨ |