ਯੂਪੀ ਵਿਚ ਜੈਸ਼ ਦੇ ਦੋ ਸ਼ੱਕੀ ਅਤਿਵਾਦੀ ਗ੍ਰਿਫ਼ਤਾਰ

ਉੱਤਰ ਪ੍ਰਦੇਸ਼ ਪੁਲੀਸ ਦੇ ਅਤਿਵਾਦ ਵਿਰੋਧੀ ਦਸਤੇ (ਏਟੀਐੱਸ) ਨੇ ਕਥਿਤ ਜੈਸ਼-ਏ-ਮੁਹੰਮਦ ਨਾਲ ਸਬੰਧਤ ਦੋ ਸ਼ੱਕੀਆਂ ਨੂੰ ਸਹਾਰਨਪੁਰ ਦੇ ਦਿਓਬੰਦ ਇਲਾਕੇ ਵਿਚੋਂ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਮੁਤਾਬਕ ਕਾਬੂ ਕੀਤੇ ਗਏ ਸ਼ੱਕੀ ਸਥਾਨਕ ਨੌਜਵਾਨਾਂ ਨੂੰ ਵਰਗਲਾ ਕੇ ਜੈਸ਼ ਵਿਚ ਭਰਤੀ ਕਰਨ ਦੀ ਮੁਹਿੰਮ ਤਹਿਤ ਉੱਤਰ ਪ੍ਰਦੇਸ਼ ਆਏ ਸਨ। ਗ੍ਰਿਫ਼ਤਾਰ ਨੌਜਵਾਨਾਂ ਦੀ ਸ਼ਨਾਖ਼ਤ ਸ਼ਾਹਨਵਾਜ਼ ਅਹਿਮਦ ਤੇ ਆਕਿਬ ਅਹਿਮਦ ਮਲਿਕ ਵੱਜੋਂ ਹੋਈ ਹੈ ਤੇ ਦੋਵੇਂ ਅਤਿਵਾਦੀ ਸੰਗਠਨ ਦੇ ਸਰਗਰਮ ਮੈਂਬਰ ਦੱਸੇ ਗਏ ਹਨ। ਸ਼ਾਹਨਵਾਜ਼ ਜੰਮੂ ਕਸ਼ਮੀਰ ਦੇ ਕੁਲਗਾਮ ਜਦਕਿ ਆਕਿਬ ਪੁਲਵਾਮਾ ਦਾ ਨਿਵਾਸੀ ਹੈ। ਯੂਪੀ ਦੇ ਡੀਜੀਪੀ ਓਮ ਪ੍ਰਕਾਸ਼ ਸਿੰਘ ਨੇ ਮੀਡੀਆ ਨੂੰ ਦੱਸਿਆ ਕਿ ਏਟੀਐੱਸ ਨੂੰ ਦੋ ਦਿਨ ਪਹਿਲਾਂ ਸੂਚਨਾ ਮਿਲੀ ਸੀ ਕਿ ਦਿਓਬੰਦ ਵਿਚ ਕੁਝ ਨੌਜਵਾਨ ਬਿਨਾਂ ਦਾਖ਼ਲੇ ਦੇ ਵਿਦਿਆਰਥੀ ਬਣ ਕੇ ਅਤਿਵਾਦੀ ਸੰਗਠਨ ਜੈਸ਼-ਏ-ਮੁਹੰਮਦ ਲਈ ਨੌਜਵਾਨਾਂ ਦੀ ਭਰਤੀ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਤੋਂ ਬਾਅਦ ਜਦ ਖ਼ੁਫੀਆ ਪੱਧਰ ’ਤੇ ਪੜਤਾਲ ਕੀਤੀ ਗਈ ਤਾਂ ਸ਼ੱਕ ਹੋਰ ਵੀ ਮਜ਼ਬੂਤ ਹੋ ਗਿਆ। ਡੀਜੀਪੀ ਨੇ ਦੱਸਿਆ ਕਿ ਵੀਰਵਾਰ ਸ਼ਾਮ ਏਟੀਐੱਸ ਦੇ ਆਈਜੀ ਅਸੀਮ ਅਰੁਣ ਨੂੰ ਮੌਕੇ ’ਤੇ ਭੇਜਿਆ ਗਿਆ ਤਾਂ ਸ਼ੱਕ ਯਕੀਨ ਵਿਚ ਬਦਲ ਗਿਆ। ਉਨ੍ਹਾਂ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਨੌਜਵਾਨਾਂ ਦੇ ਕਮਰੇ ਦੀ ਤਲਾਸ਼ੀ ਲੈਣ ’ਤੇ ਉਨ੍ਹਾਂ ਦੇ ਮੋਬਾਈਲ ਫੋਨ ਵਿਚੋਂ ਜਹਾਦੀ ਗੱਲਬਾਤ, ਵੀਡੀਓ ਤੇ ਤਸਵੀਰਾਂ ਬਰਾਮਦ ਹੋਈਆਂ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਦੋ ਪਿਸਤੌਲ ਤੇ 30 ਕਾਰਤੂਸ ਵੀ ਬਰਾਮਦ ਹੋਏ ਹਨ। ਪੁੱਛਗਿੱਛ ਦੌਰਾਨ ਖੁਲਾਸਾ ਹੋਇਆ ਹੈ ਕਿ ਸ਼ਾਹਨਵਾਜ਼ ਹੈਂਡ ਗ੍ਰੇਨੇਡ ਬਣਾਉਣ ਤੇ ਚਲਾਉਣ ਦਾ ਮਾਹਿਰ ਹੈ ਤੇ ਨਾਲ ਹੀ ਅਤਿਵਾਦੀ ਗਤੀਵਿਧੀਆਂ ਦੀ ਸਿਖ਼ਲਾਈ ਵੀ ਦਿੰਦਾ ਹੈ। ਉਨ੍ਹਾਂ ਕਿਹਾ ਕਿ ਉਹ ਖੁਦ ਨੂੰ ਵਿਦਿਆਰਥੀ ਦੱਸ ਕੇ ਦਿਓਬੰਦ ਦੇ ਨੌਜਵਾਨਾਂ ਨੂੰ ਗੁਮਰਾਹ ਕਰ ਰਹੇ ਸਨ। ਡੀਜੀਪੀ ਨੇ ਦੱਸਿਆ ਕਿ ਸ਼ੱਕੀ ਅਤਿਵਾਦੀਆਂ ਦੀ ਉਮਰ 20 ਤੋਂ 25 ਸਾਲ ਵਿਚਕਾਰ ਹੈ। ਦੋਵਾਂ ਨੂੰ ਟਰਾਂਜ਼ਿਟ ਰਿਮਾਂਡ ’ਤੇ ਲਖਨਊ ਲਿਆ ਕੇ ਏਟੀਐੱਸ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ ਤੇ ਪੁਲੀਸ ਰਿਮਾਂਡ ਮੰਗਿਆ ਜਾਵੇਗਾ।

Previous articleਕਸ਼ਮੀਰੀਆਂ ’ਤੇ ਹਮਲੇ ਰੋਕਣ ਦੇ ਨਿਰਦੇਸ਼
Next articleਪਾਕਿ ਨਾਲ ਕਿ੍ਕਟ ਮੈਚ ਖੇਡਣ ਬਾਰੇ ਗੇਂਦ ਕੇਂਦਰ ਦੇ ਪਾਲੇ ’ਚ