ਉੱਤਰ ਪ੍ਰਦੇਸ਼ ਦੇ ਜ਼ਿਲ੍ਹਾ ਕਨੌਜ ਵਿੱਚ ਵਾਪਰੇ ਹਾਦਸੇ ਸਬੰਧੀ ਮੁੱਖ ਮੰਤਰੀ ਆਦਿੱਤਿਆਨਾਥ ਯੋਗੀ ਵਲੋਂ ਮ੍ਰਿਤਕਾਂ ਦੇ ਪਰਿਵਾਰਾਂ ਲਈ 2-2 ਲੱਖ ਰੁਪਏ ਐਕਸ-ਗ੍ਰੇਸ਼ੀਆ ਅਤੇ ਜ਼ਖ਼ਮੀਆਂ ਲਈ 50-50 ਹਜ਼ਾਰ ਰੁਪਏ ਦੀ ਮਾਲੀ ਮਦਦ ਦਾ ਐਲਾਨ ਕੀਤਾ ਗਿਆ ਹੈ। ਮੁੱਖ ਮੰਤਰੀ ਵਲੋਂ ਜ਼ਿਲ੍ਹਾ ਮੈਜਿਸਟ੍ਰੇਟ ਤੋਂ ਹਾਦਸੇ ਦੀ ਰਿਪੋਰਟ ਮੰਗੀ ਗਈ ਹੈ। ਸ਼ੁੱਕਰਵਾਰ ਦੇਰ ਰਾਤ ਟਰੱਕ ਨਾਲ ਟੱਕਰ ਮਗਰੋਂ ਡਬਲ-ਡੈਕਰ ਬੱਸ ਨੂੰ ਲੱਗੀ ਅੱਗ ਕਾਰਨ ਘੱਟੋ-ਘੱਟ 10 ਲੋਕਾਂ ਦੀ ਮੌਤ ਹੋ ਗਈ ਸੀ ਅਤੇ ਕਈ ਬੁਰੀ ਤਰ੍ਹਾਂ ਝੁਲਸ ਗਏ ਸਨ।
ਪੁਲੀਸ ਅਨੁਸਾਰ ਜੈਪੁਰ ਤੋਂ ਫ਼ਾਰੁਖਾਬਾਦ ਜਾ ਰਹੀ ਬੱਸ ਵਿੱਚ ਕੁੱਲ 45 ਜਣੇ ਸਵਾਰ ਸਨ। ਚਿਬ੍ਰਾਮਊ ਨੇੜੇ ਜੀਟੀ ਰੋਡ ’ਤੇ ਵਾਪਰੇ ਇਸ ਹਾਦਸੇ ਵਿੱਚ ਬੱਸ ਬੁਰੀ ਤਰ੍ਹਾਂ ਨੁਕਸਾਨੀ ਗਈ। ਬੱਸ ਵਿੱਚੋਂ ਅੱਗ ਵਿੱਚ ਸੜੀਆਂ 10 ਲਾਸ਼ਾਂ ਕੱਢੀਆਂ ਗਈਆਂ। ਮ੍ਰਿਤਕਾਂ ਵਿੱਚ ਹਾਦਸਾਗ੍ਰਸਤ ਹੋਏ ਟਰੱਕ ਦਾ ਚਾਲਕ ਰਿੰਕੂ ਯਾਦਵ (32) ਵੀ ਸ਼ਾਮਲ ਹੈ। ਕਾਨਪੁਰ ਦੇ ਆਈਜੀ ਮੋਹਿਤ ਅਗਰਵਾਲ ਅਨੁਸਾਰ ਮ੍ਰਿਤਕਾਂ ਦੀ ਸਹੀ ਗਿਣਤੀ ਡੀਐੱਨਏ ਟੈਸਟਾਂ ਤੋਂ ਬਾਅਦ ਹੀ ਪਤਾ ਲੱਗ ਸਕੇਗੀ। ਐੱਸਪੀ ਅਮਰੇਂਦਰ ਪ੍ਰਤਾਪ ਸਿੰਘ ਨੇ ਦੱਸਿਆ ਕਿ ਇਸ ਘਟਨਾ ਵਿੱਚ 20 ਮੌਤਾਂ ਹੋਣ ਦਾ ਖ਼ਦਸ਼ਾ ਹੈ। ਪੁਲੀਸ ਅਧਿਕਾਰੀਆਂ ਅਨੁਸਾਰ ਟੱਕਰ ਦੇ ਝਟਕੇ ਕਾਰਨ ਡੀਜ਼ਲ ਇੰਜਣ ਫਟ ਗਿਆ ਅਤੇ ਬੱਸ ਅੱਗ ਵਿੱਚ ਘਿਰ ਗਈ। ਚਾਰ ਫਾਇਰ ਬ੍ਰਿਗੇਡ ਗੱਡੀਆਂ ਨੇ ਕਰੀਬ 30-40 ਮਿੰਟਾਂ ਵਿੱਚ ਅੱਗ ’ਤੇ ਕਾਬੂ ਪਾਇਆ। ਬੱਸ ਦੀਆਂ ਕਈ ਸਵਾਰੀਆਂ ਅਜੇ ਲਾਪਤਾ ਹਨ।
INDIA ਯੂਪੀ ਬੱਸ ਹਾਦਸਾ: ਪੀੜਤ ਪਰਿਵਾਰਾਂ ਲਈ 2-2 ਲੱਖ ਐਕਸ-ਗ੍ਰੇਸ਼ੀਆ ਦਾ ਐਲਾਨ