ਯੂਪੀ ਪੁਲੀਸ ਨੇ ਰਾਹੁਲ-ਪ੍ਰਿਯੰਕਾ ਨੂੰ ਮੇਰਠ ਜਾਣ ਤੋਂ ਰੋਕਿਆ

ਮੇਰਠ- ਸੋਧੇ ਨਾਗਰਿਕਤਾ ਕਾਨੂੰਨ ਖ਼ਿਲਾਫ਼ ਪ੍ਰਦਰਸ਼ਨ ਦੌਰਾਨ ਮੇਰਠ ਵਿਚ ਮਾਰੇ ਗਏ ਲੋਕਾਂ ਦੇ ਪਰਿਵਾਰਾਂ ਨਾਲ ਮੁਲਾਕਾਤ ਲਈ ਜਾ ਰਹੇ ਕਾਂਗਰਸੀ ਆਗੂ ਰਾਹੁਲ ਗਾਂਧੀ ਤੇ ਪਾਰਟੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਨੂੰ ਅੱਜ ਉੱਤਰ ਪ੍ਰਦੇਸ਼ ਪੁਲੀਸ ਨੇ ਰੋਕ ਲਿਆ। ਇਸ ਤੋਂ ਬਾਅਦ ਰਾਹੁਲ ਤੇ ਪ੍ਰਿਯੰਕਾ ਦਿੱਲੀ ਵਾਪਸ ਚਲੇ ਗਏ। ਇਕੋ ਕਾਰ ਵਿਚ ਸਵਾਰ ਰਾਹੁਲ ਤੇ ਪ੍ਰਿਯੰਕਾ ਨੂੰ ਜ਼ਿਲ੍ਹੇ ਦੇ ਹੱਦ ’ਤੇ ਹੀ ਪੁਲੀਸ ਨੇ ਕਾਨੂੰਨ-ਵਿਵਸਥਾ ਦੀ ਸਥਿਤੀ ਦਾ ਹਵਾਲਾ ਦੇ ਕੇ ਰੋਕ ਲਿਆ। ਰਾਹੁਲ ਨੇ ਕਿਹਾ ਕਿ ਉਨ੍ਹਾਂ ਨੂੰ ਹੁਕਮ ਬਾਰੇ ਕੋਈ ਦਸਤਾਵੇਜ਼ ਨਹੀਂ ਦਿਖਾਇਆ ਗਿਆ। ਸਿਰਫ਼ ਵਾਪਸ ਜਾਣ ਲਈ ਕਹਿ ਦਿੱਤਾ ਗਿਆ। ਰਾਹੁਲ ਤੇ ਪ੍ਰਿਯੰਕਾ ਨਾਲ ਕਾਂਗਰਸ ਦੇ ਸੀਨੀਅਰ ਆਗੂ ਪ੍ਰਮੋਦ ਤਿਵਾੜੀ ਵੀ ਮੌਜੂਦ ਸਨ। ਤਿਵਾੜੀ ਨੇ ਕਿਹਾ ਕਿ ਪਹਿਲਾਂ ਆਗੂਆਂ ਨੂੰ ਮੁਰਾਦਨਗਰ ਵਿਚ ਰੋਕਿਆ ਗਿਆ ਤੇ ਫਿਰ ਮੇਰਠ ਦੇ ਬਾਹਰ। ਪ੍ਰਸ਼ਾਸਨ ਨੇ ਕਿਹਾ ਕਿ ਹਾਲੇ ਸਥਿਤੀ ਠੀਕ ਨਹੀਂ ਹੈ ਤੇ ਆਗੂਆਂ ਦੇ ਜਾਣ ਨਾਲ ਅਸ਼ਾਂਤੀ ਪੈਦਾ ਹੋ ਸਕਦੀ ਹੈ। ਤਿਵਾੜੀ ਮੁਤਾਬਕ ਪ੍ਰਸ਼ਾਸਨ ਨੇ ਭਰੋਸਾ ਦਿੱਤਾ ਹੈ ਕਿ ਅਗਲੇ 2-3 ਦਿਨਾਂ ’ਚ ਰਾਹੁਲ ਤੇ ਪ੍ਰਿਯੰਕਾ ਨੂੰ ਮੇਰਠ ਜਾਣ ਦੀ ਇਜਾਜ਼ਤ ਦੇ ਦਿੱਤੀ ਜਾਵੇਗੀ। ਮੇਰਠ ਵਿਚ ਸੀਨੀਅਰ ਕਾਂਗਰਸੀ ਆਗੂ ਇਮਰਾਨ ਮਸੂਦ ਨੇ ਦੱਸਿਆ ਕਿ ਰਾਹੁਲ ਤੇ ਪ੍ਰਿਯੰਕਾ ਨੂੰ ਪੁਲੀਸ ਨੇ ਦਿੱਲੀ ਰੋਡ ਸਥਿਤ ਪਰਤਾਪੁਰ ਥਾਣੇ ਕੋਲ ਰੋਕਿਆ। ਰਾਹੁਲ ਨੇ ਪੁਲੀਸ ਨੂੰ ਦੱਸਿਆ ਕਿ ਉਹ ਲਿਸਾੜੀ ਗੇਟ ’ਚ ਉਨ੍ਹਾਂ ਪੰਜ ਜਣਿਆਂ ਦੇ ਘਰ ਜਾਣਾ ਚਾਹੁੰਦੇ ਹਨ ਜਿਨ੍ਹਾਂ ਦੇ ਬੱਚਿਆਂ ਦੀ ਪ੍ਰਦਰਸ਼ਨਾਂ ਵਿਚ ਮੌਤ ਹੋਈ ਹੈ। ਰਾਹੁਲ ਨੇ ਇਹ ਵੀ ਦੱਸਿਆ ਸੀ ਕਿ ਉਨ੍ਹਾਂ ਸਣੇ ਸਿਰਫ਼ ਤਿੰਨ ਜਣੇ ਹੀ ਪੀੜਤ ਪਰਿਵਾਰਾਂ ਨੂੰ ਮਿਲਣਗੇ। ਹਾਲਾਂਕਿ ਇਸ ਦੌਰਾਨ ਰਾਹੁਲ ਤੇ ਪ੍ਰਿਯੰਕਾ ਕਾਲੇ ਰੰਗ ਦੀ ਇਨੋਵਾ ਵਿਚ ਬੈਠੇ ਰਹੇ ਤੇ ਮੀਡੀਆ ਨਾਲ ਗੱਲਬਾਤ ਨਹੀਂ ਕੀਤੀ। ਕਾਂਗਰਸੀ ਆਗੂ ਮਸੂਦ ਨੇ ਕਿਹਾ ਕਿ ਦੋ ਦਿਨ ਬਾਅਦ ਕਾਂਗਰਸੀ ਆਗੂ ਦੁਬਾਰਾ ਆਉਣਗੇ। ਪ੍ਰਿਯੰਕਾ ਨੇ ਹਾਲਾਂਕਿ ਪੀੜਤਾਂ ਨਾਲ ਫੋਨ ’ਤੇ ਗੱਲਬਾਤ ਕੀਤੀ। ਬਾਅਦ ਵਿਚ ਮਸੂਦ ਤੇ ਕਾਂਗਰਸ ਦੇ ਇਕ ਹੋਰ ਆਗੂ ਨੇ ਪਰਿਵਾਰਾਂ ਨਾਲ ਮੁਲਾਕਾਤ ਕੀਤੀ। ਮੇਰਠ ਪ੍ਰਸ਼ਾਸਨ ਨੇ ਮਗਰੋਂ ਪ੍ਰੈੱਸ ਨੋਟ ਜਾਰੀ ਕਰ ਕੇ ਧਾਰਾ 144 ਦਾ ਹਵਾਲਾ ਦਿੱਤਾ।

Previous articleਕਸ਼ਮੀਰ ਵਿਚ ਪਾਰਾ ਡਿੱਗਿਆ, ਠੰਢ ਵਧੀ
Next article‘ਚੀਫ਼ ਆਫ਼ ਡਿਫੈਂਸ ਸਟਾਫ਼’ ਦੇ ਅਹੁਦੇ ਨੂੰ ਕੈਬਨਿਟ ਦੀ ਮਨਜ਼ੂਰੀ