ਕੁਝ ਪਿੰਡ ਵਾਸੀਆਂ ਵੱਲੋਂ ਬਾਘਣ ਨੂੰ ਜਾਨੋਂ ਮਾਰਨ ਦਾ ਵੀਡੀਓ ਵਾਇਰਲ ਹੋਣ ਮਗਰੋਂ ਪੁਲੀਸ ਨੇ ਸ਼ੁੱਕਰਵਾਰ ਨੂੰ 43 ਵਿਅਕਤੀਆਂ ਖ਼ਿਲਾਫ਼ ਐੱਫਆਈਆਰ ਦਰਜ ਕੀਤੀ ਹੈ। ਮੁੱਖ ਵਣਪਾਲ ਸੁਨੀਲ ਪਾਂਡੇ ਮੁਤਾਬਕ ਬਾਘਣ ਨੇ ਬੁੱਧਵਾਰ ਨੂੰ ਦਿਓਰੀਆ ਰੇਂਜ ’ਚ ਖੇਤਾਂ ’ਚ ਕੰਮ ਕਰ ਰਹੇ ਵਿਅਕਤੀਆਂ ’ਤੇ ਹਮਲਾ ਕਰ ਦਿੱਤਾ ਸੀ ਜਿਸ ਨਾਲ 9 ਵਿਅਕਤੀ ਜ਼ਖ਼ਮੀ ਹੋ ਗਏ ਸਨ। ਪਾਂਡੇ ਨੇ ਦੋਸ਼ ਲਾਇਆ ਕਿ ਜੰਗਲਾਤ ਮਹਿਕਮੇ ਦਾ ਅਮਲਾ ਮੌਕੇ ’ਤੇ ਪੁੱਜਾ ਸੀ ਪਰ ਪਿੰਡ ਵਾਸੀਆਂ ਨੇ ਉਨ੍ਹਾਂ ਨਾਲ ਧੱਕਾ-ਮੁੱਕੀ ਕੀਤੀ ਅਤੇ ਬਾਘਣ ਦਾ ਪਤਾ ਨਹੀਂ ਲਾਉਣ ਦਿੱਤਾ। ਬਾਅਦ ’ਚ ਅਮਲੇ ਨੂੰ ਬਾਘਣ ਮਰਿਆ ਹੋਇਆ ਮਿਲਿਆ। ਅਧਿਕਾਰੀ ਨੇ ਦੱਸਿਆ ਕਿ ਤਿੰਨ ਮੈਂਬਰੀ ਕਮੇਟੀ ਵੱਲੋਂ ਕੀਤੇ ਗਏ ਪੋਸਟਮਾਰਟਮ ’ਚ ਖ਼ੁਲਾਸਾ ਹੋਇਆ ਕਿ ਬਾਘਣ ਦੀਆਂ ਹੱਡੀਆਂ ਟੁੱਟਣ ਅਤੇ ਸੱਟਾਂ ਲੱਗਣ ਕਾਰਨ ਅੰਦਰ ਖ਼ੂਨ ਵਗਣ ਕਰਕੇ ਉਸ ਦੀ ਮੌਤ ਹੋਈ ਹੈ। ਬਾਅਦ ’ਚ ਵੀਡੀਓ ਸਾਹਮਣੇ ਆਇਆ ਜਿਸ ’ਚ ਲੋਕ ਬਾਘਣ ਨੂੰ ਲਾਠੀਆਂ ਨਾਲ ਮਾਰਦੇ ਨਜ਼ਰ ਆ ਰਹੇ ਸਨ। ਪੁਲੀਸ ਅਧਿਕਾਰੀ ਨੇ ਕਿਹਾ ਕਿ 43 ’ਚੋਂ 12 ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਪੂਰਨਪੁਰ ਕੋਤਵਾਲੀ ’ਚ ਕੇਸ ਦਰਜ ਕੀਤਾ ਗਿਆ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜੇਕਰ ਜਾਂਚ ਦੌਰਾਨ ਲੋਕ ਦੋਸ਼ੀ ਪਾਏ ਗਏ ਤਾਂ ਉਨ੍ਹਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।
INDIA ਯੂਪੀ ’ਚ ਬਾਘਣ ਨੂੰ ਮਾਰਨ ’ਤੇ 43 ਖ਼ਿਲਾਫ਼ ਕੇਸ