ਕਾਂਗਰਸੀ ਆਗੂ ਨੇ ਆਪਣੀ ਸੁਰੱਖਿਆ ਬਾਰੇ ਖ਼ਦਸ਼ਿਆਂ ਨੂੰ ਨਕਾਰਿਆ;
ਯੋਗੀ ਦੀ ਤਿੱਖੀ ਆਲੋਚਨਾ
ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਨੇ ਅੱਜ ਆਪਣੇ ਚਾਰ ਦਿਨਾ ਲਖ਼ਨਊ ਦੌਰੇ ਦੇ ਆਖ਼ਰੀ ਦਿਨ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਸੁਰੱਖਿਆ ਕੋਈ ਵੱਡਾ ਮੁੱਦਾ ਨਹੀਂ ਹੈ। ਇਹ ਨਿੱਕੀ ਜਿਹੀ ਗੱਲ ਹੈ ਤੇ ਇਸ ਉੱਤੇ ਕਿਸੇ ਵਿਚਾਰ-ਚਰਚਾ ਦੀ ਲੋੜ ਨਹੀਂ। ਪ੍ਰਿਯੰਕਾ ਨੇ ਕਿਹਾ ਕਿ ਇਸ ਦਾ ਲੋਕਾਂ ਨਾਲ ਕੋਈ ਲੈਣਾ-ਦੇਣਾ ਨਹੀਂ। ਕਾਂਗਰਸੀ ਆਗੂ ਯੂਪੀ ਪੁਲੀਸ ਵੱਲੋਂ ਉਨ੍ਹਾਂ ਦੀ ਕੀਤੀ ਕਥਿਤ ਖਿੱਚ-ਧੂਹ ਦੇ ਸੰਦਰਭ ’ਚ ਗੱਲ ਕਰ ਰਹੀ ਸੀ। ਉਨ੍ਹਾਂ ਕਿਹਾ ‘ਮਸਲਾ ਤਾਂ ਉੱਤਰ ਪ੍ਰਦੇਸ਼ ਵਿਚ ਆਮ ਨਾਗਰਿਕਾਂ ਦੀ ਸੁਰੱਖਿਆ ਦਾ ਹੈ।’ ਯੂਪੀ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ’ਤੇ ਨਿਸ਼ਾਨਾ ਸਾਧਦਿਆਂ ਉਨ੍ਹਾਂ ਕਿਹਾ ਕਿ ਇਸ ਮੁਲਕ ’ਚ ਹਿੰਸਾ ਜਾਂ ‘ਬਦਲਾਖ਼ੋਰੀ’ ਲਈ ਕੋਈ ਥਾਂ ਨਹੀਂ ਹੈ। ਦੱਸਣਯੋਗ ਹੈ ਕਿ ਯੂਪੀ ਦੇ ਮੁੱਖ ਮੰਤਰੀ ਨੇ ਚਿਤਾਵਨੀ ਦਿੱਤੀ ਸੀ ਕਿ ਦੰਗਾ ਕਰ ਕੇ ਸਰਕਾਰੀ ਸੰਪਤੀ ਨੂੰ ਨੁਕਸਾਨ ਪਹੁੰਚਾਉਣ ਵਾਲਿਆਂ ਨੂੰ ‘ਭੁਗਤਾਨ’ ਕਰਨਾ ਪਵੇਗਾ। ਕਾਂਗਰਸੀ ਆਗੂ ਨੇ ਕਿਹਾ ਕਿ ਭਗਵਾਂ ਰੰਗ ਹਿੰਦੂਤਵ ਦੀ ਤਰਜਮਾਨੀ ਕਰਦਾ ਹੈ, ਉਹ ਧਰਮ ਜੋ ਹਿੰਸਾ ਜਾਂ ਬਦਲੇ ਨੂੰ ਨਕਾਰਦਾ ਹੈ। ਪ੍ਰਿਯੰਕਾ ਨੇ ਭਗਵਾਨ ਕ੍ਰਿਸ਼ਨ ਤੇ ਭਗਵਾਨ ਰਾਮ ਦਾ ਜ਼ਿਕਰ ਕਰਦਿਆਂ ਕਿਹਾ ਕਿ ਦੋਵੇਂ ਦਿਆਲਤਾ ਦੇ ਪ੍ਰਤੀਕ ਸਨ। ਉਨ੍ਹਾਂ ਨਾਲ ਹੀ ਕਿਹਾ ਕਿ ਭਗਵਾਨ ਸ਼ਿਵ ਦੀ ਬਰਾਤ ’ਚ ਹਰ ਕੋਈ ਨੱਚਦਾ ਹੈ। ਮੁਲਕ ਦੀ ਰੂਹ ਦਾ ਹਿੰਸਾ, ਬਦਲੇ ਅਤੇ ਰੰਜ ਨਾਲ ਕੋਈ ਮੇਲ ਨਹੀਂ ਹੈ। ਮੁੱਖ ਮੰਤਰੀ ’ਤੇ ਤਿੱਖਾ ਹੱਲਾ ਬੋਲਦਿਆਂ ਪ੍ਰਿਯੰਕਾ ਨੇ ਕਿਹਾ ‘ਉਹ ਯੋਗੀ ਦੇ ਵਸਤਰ ਪਹਿਨਦੇ ਹਨ, ਉਨ੍ਹਾਂ ਭਗਵੇਂ ਕੱਪੜੇ ਪਾਏ ਹੋਏ ਹਨ। ਇਹ ਭਗਵਾਂ ਤੁਹਾਡਾ ਨਹੀਂ ਹੈ, ਇਹ ਭਾਰਤ ਦੀਆਂ ਧਾਰਮਿਕ ਤੇ ਅਧਿਆਤਮਕ ਰਵਾਇਤਾਂ ਦਾ ਹਿੱਸਾ ਹੈ। ਇਹੀ ਹਿੰਦੂ ਧਰਮ ਦਾ ਪ੍ਰਤੀਕ ਹੈ ਤੇ ਇਸ ਧਰਮ ਨੂੰ ਧਾਰਨ ਕਰੋ।’ ਉਨ੍ਹਾਂ ਯੂਪੀ ’ਚ ਪੁਲੀਸ ਕਾਰਵਾਈ ਖ਼ਿਲਾਫ਼ ਰਾਜਪਾਲ ਅਨੰਦੀਬੇਨ ਪਟੇਲ ਨੂੰ ਮੰਗ ਪੱਤਰ ਵੀ ਸੌਂਪਿਆ। ਪ੍ਰਿਯੰਕਾ ਨੇ ਦਾਅਵਾ ਕੀਤਾ ਕਿ ਨਾਗਰਿਕਤਾ ਸੋਧ ਐਕਟ ਖ਼ਿਲਾਫ਼ ਰੋਸ ਪ੍ਰਦਰਸ਼ਨਾਂ ’ਚ 23 ਜਾਨਾਂ ਗਈਆਂ ਹਨ ਤੇ ਪੁਲੀਸ ਨੇ ਬੇਗੁਨਾਹ ਲੋਕਾਂ ’ਤੇ ਤਸ਼ੱਦਦ ਢਾਹ ਕੇ ਸੰਪਤੀ ਦਾ ਨੁਕਸਾਨ ਕੀਤਾ ਹੈ। ਇਸ ਤੋਂ ਇਲਾਵਾ ਸੀਆਰਪੀਐੱਫ ਨੇ ਅੱਜ ਬਿਆਨ ਜਾਰੀ ਕਰ ਕੇ ਕਿਹਾ ਹੈ ਕਿ ਕਾਂਗਰਸੀ ਆਗੂ ਦੀ ਸੁਰੱਖਿਆ ਟੁੱਟੀ ਨਹੀਂ ਹੈ ਬਲਕਿ ਉਹ ਖ਼ੁਦ ‘ਨੇਮ ਤੋੜ’ ਕੇ ਸਕੂਟਰ ਪਿੱਛੇ ਬੈਠ ਕੇ ਗਈ ਹੈ।