ਸ਼ਿਰਡੀ (ਮਹਾਰਾਸ਼ਟਰ), 19 ਅਕਤੂਬਰ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਾਂਗਰਸ ਦੀ ਅਗਵਾਈ ਵਾਲੀ ਪਿਛਲੀ ਸਰਕਾਰ ’ਤੇ ਦੋਸ਼ ਲਾਇਆ ਕਿ ਇਸ ਨੇ ਗਰੀਬੀ ਘਟਾਉਣ ਲਈ ਸੰਜੀਦਾ ਯਤਨ ਨਹੀਂ ਕੀਤੇ। ਉਨ੍ਹਾਂ ਕਿਹਾ ਕਿ ਯੂਪੀਏ ਸਰਕਾਰ ਨੇ ਆਪਣਾ ਸਾਰਾ ਜ਼ੋਰ ‘ਇਕ ਖਾਸ ਪਰਿਵਾਰ ਦਾ ਨਾਂ’ ਚਮਕਾਉਣ ’ਤੇ ਲਾ ਦਿੱਤਾ। ਸ੍ਰੀ ਮੋਦੀ ਮਹਾਰਾਸ਼ਟਰ ਦੇ ਅਹਿਮਦਨਗਰ ਜ਼ਿਲ੍ਹੇ ਵਿੱਚ ਸ਼ਿਰਡੀ ਸਥਿਤ ਸਾਈ ਮੰਦਿਰ ਦੇ ਦਰਸ਼ਨਾਂ ਮਗਰੋਂ ਸਮਾਗਮ ਨੂੰ ਸੰਬੋਧਨ ਕਰ ਰਹੇ ਸਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਦੇਸ਼ ਦੇ ਸਮੁੱਚੇ ਵਿਕਾਸ ਲਈ ਵੰਡ ਪਾਊ ਤਾਕਤਾਂ ਨੂੰ ਭਾਂਜ ਦੇਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਮੌਜੂਦਾ ਭਾਜਪਾ ਸਰਕਾਰ ਨੇ ਗਰੀਬ ਗੁਰਬੇ ਦੇ ਸਿਰ ’ਤੇ ਛੱਤ ਮੁਹੱਈਆ ਕਰਾਉਣ ਲਈ ਪਿਛਲੀ ਸਰਕਾਰ ਦੀ ਨਿਸਬਤ ਤੇਜ਼ੀ ਨਾਲ ਕੰਮ ਕੀਤਾ ਹੈ।
ਸ੍ਰੀ ਮੋਦੀ ਨੇ ਕਿਹਾ, ‘ਪਿਛਲੀ (ਯੂਪੀਏ) ਸਰਕਾਰ ਨੇ ਆਪਣੇ ਕਾਰਜਕਾਲ ਦੇ ਆਖਰੀ ਚਾਰ ਸਾਲਾਂ ਵਿੱਚ 25 ਲੱਖ ਮਕਾਨਾਂ ਦਾ ਨਿਰਮਾਣ ਕੀਤਾ ਸੀ, ਜਦੋਂਕਿ ਮੌਜੂਦਾ ਐਨਡੀਏ ਸਰਕਾਰ ਆਪਣੇ ਚਾਰ ਸਾਲਾਂ ਦੇ ਕਾਰਜਕਾਲ ਦੌਰਾਨ 1.25 ਕਰੋੜ ਮਕਾਨ ਉਸਾਰ ਚੁੱਕੀ ਹੈ।’ ਉਨ੍ਹਾਂ ਦੁਹਰਾਇਆ ਕਿ ਸਰਕਾਰ ਸਾਲ 2022 ਵਿੱਚ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਤਕ ਸਾਰੇ ਬੇਘਰਾਂ ਦੇ ਸਿਰ ’ਤੇ ਛੱਤ ਮੁਹੱਈਆ ਕਰਾਉਣ ਦੇ ਆਪਣੇ ਟੀਚੇ ਦੀ ਪੂਰਤੀ ਨੂੰ ਯਕੀਨੀ ਬਣਾਏਗੀ। ਉਨ੍ਹਾਂ ਕਿਹਾ ਕਿ ਬੀਤੇ ਵਿੱਚ ਵੀ ਯਤਨ ਹੋਏ, ਪਰ ਮੰਦੇ ਭਾਗਾਂ ਨੂੰ ਇਹ ਸਾਰੇ ਯਤਨ ਮਹਿਜ਼ ਇਕ ਪਰਿਵਾਰ ਦੇ ਨਾਂ ਨੂੰ ਹੁਲਾਰਾ ਦੇਣ ਲਈ ਸਨ। ਉਨ੍ਹਾਂ ਦਾ ਮੁੱਖ ਮੰਤਵ ਵੋਟ ਬੈਂਕ ਵਧਾਉਣਾ ਸੀ। ਇਸ ਦੌਰਾਨ ਸ੍ਰੀ ਮੋਦੀ ਵੀਡੀਓ ਕਾਨਫਰੰਸਿੰਗ ਜ਼ਰੀਏ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਲਾਭਪਾਤਰੀਆਂ ਦੇ ਰੂਬਰੂ ਵੀ ਹੋਏ। ਸ੍ਰੀ ਮੋਦੀ ਨੇ ਇਸ ਮੌਕੇ ਸਾਂਈਬਾਬਾ ਮਹਾਂਸਮਾਧੀ ਸ਼ਤਾਬਦੀ ਵਰ੍ਹੇ ਦੇ ਜਸ਼ਨਾਂ ਨੂੰ ਸਮਰਪਿਤ ਚਾਂਦੀ ਦਾ ਸਿੱਕਾ ਰਿਲੀਜ਼ ਕਰਨ ਤੋਂ ਇਲਾਵਾ ਵੱਖ ਵੱਖ ਪ੍ਰਾਜੈਕਟਾਂ ਦੇ ਨੀਂਹ ਪੱਥਰ ਵੀ ਰੱਖੇ।
ਮਹਿਲਾ ਹੱਕਾਂ ਬਾਰੇ ਕਾਰਕੁਨ ਤਿ੍ਪਤੀ ਦੇਸਾਈ ਗਿ੍ਫ਼ਤਾਰ
ਪੁਣੇ: ਪ੍ਧਾਨ ਮੰਤਰੀ ਨਰਿੰਦਰ ਮੋਦੀ ਦੀ ਸ਼ਿਰਡੀ ਫੇਰੀ ਦੇ ਮੱਦੇਨਜ਼ਰ ਪੁਲੀਸ ਨੇ ਅੱਜ ਸਵੇਰੇ ਮਹਿਲਾ ਹੱਕਾਂ ਬਾਰੇ ਕਾਰਕੁਨ ਤਿ੍ਰਪਤੀ ਦੇਸਾਈ ਨੂੰ ਹਿਰਾਸਤ ਵਿਚ ਲੈ ਲਿਆ। ਦੇਸਾਈ ਨੇ ਪ੍ਰਧਾਨ ਮੰਤਰੀ ਦੇ ਕਾਫ਼ਲੇ ਦਾ ਰਾਹ ਰੋਕਣ ਦਾ ਐਲਾਨ ਕੀਤਾ ਸੀ। ਭੂਮਾਤਾ ਰਣਰਾਗਿਨੀ ਬ੍ਰਿਗੇਡ ਦੀ ਮੁਖੀ ਦੇਸਾਈ ਵੱਲੋਂ ਕੇਰਲਾ ਦੇ ਸਬਰੀਮਾਲਾ ਮੰਦਿਰ ਵਿੱਚ ਮਹਿਲਾਵਾਂ ਦੇ ਦਾਖ਼ਲੇ ਦੀ ਵਕਾਲਤ ਕੀਤੀ ਜਾ ਰਹੀ ਹੈ।