ਫਿਲੌਰ ਨਕੋਦਰ ਮਹਿਤਪੁਰ (ਹਰਜਿੰਦਰ ਪਾਲ ਛਾਬੜਾ) (ਸਮਾਜ ਵੀਕਲੀ): ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ, ਫਿਲੌਰ ਵਿਖੇ ਲਫ਼ਜ਼ਾਂ ਦੀ ਦੁਨੀਆ ਸਾਹਿਤ ਸਭਾ, ਨਕੋਦਰ ਅਤੇ ਕਾਵਿ-ਕਸੀਦਾ ਪੰਜਾਬੀ ਸਾਹਿਤ ਸਭਾ ਦੇ ਸਾਂਝੇ ਉਦਮ ਨਾਲ਼ ‘ਵਿਦਿਆਰਥੀਆਂ ਦੀਆਂ ਮਨੋਵਿਗਿਆਨਕ ਸਮੱਸਿਆਵਾਂ ਅਤੇ ਹੱਲ’ ਵਿਸ਼ੇ ‘ਤੇ ਅਹਿਮ ਸਮਾਗਮ ਕਰਵਾਇਆ ਗਿਆ। ਇਸ ਅਹਿਮ ਸਮਾਗਮ ਵਿੱਚ ਪ੍ਰਸਿੱਧ ਸਮਾਜ ਸੇਵੀ ਸ੍ਰੀ ਰਾਜੂ ਸੋਨੀ ਹੁਰਾਂ ਵਿਸ਼ਾ ਮਾਹਰ ਵਜੋਂ ਸ਼ਿਰਕਤ ਕੀਤੀ ਅਤੇ ਆਪਣੇ ਮਨੋਵਿਗਿਆਨਕ ਆਧਾਰਤ ਵਿਚਾਰਾਂ ਨਾਲ਼ ਨੌਜਵਾਨ ਵਿਦਿਆਰਥੀਆਂ ਦੀਆਂ ਮਨੋਵਿਗਿਆਨਕ ਗੁੰਝਲਾਂ ਨੂੰ ਸੁਲਝਾਇਆ। ਉਨ੍ਹਾਂ ਵੱਖ ਵੱਖ ਮਨੋਵਿਗਿਆਨਕ ਬੀਮਾਰੀਆਂ ਜਿਵੇਂ ਹਿਸਟੀਰੀਆ, ਬਾਇਓ-ਪੋਲਰ ਅਤੇ ਮੇਨੀਆ ਆਦਿ ਦਾ ਜ਼ਿਕਰ ਕੀਤਾ ਅਤੇ ਡਿਪਰੈਸ਼ਨ ਦੇ ਮਨੋਵਿਗਿਆਨਕ ਉਪਾਅ ਦੱਸੇ।
ਸ੍ਰੀ ਰਾਜੂ ਸੋਨੀ ਹੁਰਾਂ ਕਿਹਾ ਕਿ ਪਿਆਰੇ ਵਿਦਿਆਰਥੀਓ ! ਆਪਣੇ ਆਪ ਨੂੰ ਪਛਾਣੋਂ, ਮੋਬਾਇਲ ਸੈੱਲ ਦਾ ਸਦ-ਉਪਯੋਗ ਕਰੋ ਅਤੇ ਕਿਤਾਬਾਂ ਨਾਲ਼ ਪਿਆਰ ਪਾਓ। ਤੁਹਾਡੀ ਜ਼ਿੰਦਗੀ ਸਵਰਗ ਬਣ ਜਾਵੇਗੀ।’ ਇਸ ਉਪਰੰਤ ਪ੍ਰਿੰਸੀਪਲ ਡਾ. ਪਰਮਜੀਤ ਕੌਰ ਜੱਸਲ ਹੁਰਾਂ ਆਏ ਮਹਿਮਾਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਾਨੂੰ ਆਪਣੇ ‘ਸਵੈ’ ਸੰਬੰਧੀ ਚੇਤੰਨ ਹੋਣਾ ਚਾਹੀਦਾ ਹੈ। ਸ੍ਰੀ ਰਾਜੂ ਸੋਨੀ ਹੁਰਾਂ ਦੇ ਕਹਿਣ ਮੁਤਾਬਕ ਸਾਨੂੰ ਆਪਣੀਆਂ ਤੇ ਸਮਾਜ ਦੀਆਂ ਸਮੱਸਿਆਂਵਾਂ ਦਾ ਮਨੋਵਿਗਿਆਨਕ ਹੱਲ ਲੱਭਣ ਵੱਲ ਰੁਚਿਤ ਹੋਣਾ ਚਾਹੀਦਾ ਹੈ। ਉਨ੍ਹਾਂ ਅੱਗੇ ਕਿਹਾ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ, ਫਿਲੌਰ ਵੱਲੋਂ ਹਮੇਸ਼ਾ ਵਿਦਿਆਰਥੀਆਂ ਦੀ ਹਰ ਪੱਖ ਤੋਂ ਸੁਚੇਤ ਅਗਵਾਈ ਕੀਤੀ ਜਾਂਦੀ ਹੈ।ਇਸ ਮਗਰੋਂ ਸ੍ਰੀ ਰਾਜੂ ਸੋਨੀ ਹੁਰਾਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਪ੍ਰੋਫੈਸਰ ਜਸਵੀਰ ਸਿੰਘ ਤੇ ਪ੍ਰੋ. ਪਰਮਜੀਤ ਕੌਰ ਹੁਰਾਂ ਦੀ ਅਗਵਾਈ ਵਿੱਚ ਕਾਵਿ ਕਸੀਦਾ ਪੰਜਾਬੀ ਸਾਹਿਤ ਸਭਾ ਦੀ ਸਮੂਹ ਟੀਮ, ਪ੍ਰੋ. ਰਾਜਨ ਮਿੱਤੂ, ਪ੍ਰੋ. ਰੁਪਿੰਦਰ ਸਿੰਘ ਅਤੇ ਪ੍ਰੋ. ਬਬੀਤਾ ਕੁਮਾਰੀ ਅਤੇ ਵਿਦਿਆਰਥੀ ਮੌਜੂਦ ਸਨ।
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly