ਮਰਚੈਂਟ ਨੇਵੀ ’ਚ ਕਾਰਜਸ਼ੀਲ ਦੋ ਨੌਜਵਾਨਾਂ ਨੂੰ ਬਿਨਾਂ ਕਸੂਰ ਕੱਟਣੀ ਪਈ ਕੈਦ
ਕਾਹਨੂੰਵਾਨ ਇਲਾਕੇ ਨਾਲ ਸਬੰਧਤ ਦੋ ਨੌਜਵਾਨ ਕਰੀਬ ਡੇਢ ਸਾਲ ਯੂਨਾਨ ਵਿਚ ਕੈਦ ਕੱਟਣ ਤੋਂ ਬਾਅਦ ਅੱਜ ਘਰ ਪਰਤ ਆਏ ਹਨ। ਵੇਰਵਿਆਂ ਮੁਤਾਬਕ ਮਰਚੈਂਟ ਨੇਵੀ (ਸਮੁੰਦਰੀ ਵਪਾਰ ਖੇਤਰ) ਵਿਚ ਕਈ ਸਾਲਾਂ ਤੋਂ ਕਾਰਜਸ਼ੀਲ ਜੈਦੀਪ ਠਾਕਰ ਦਸੰਬਰ 2017 ਵਿਚ ਭਾਰਤ ਤੋਂ ਵਾਪਸ ਪਰਤ ਕੇ ਸਾਈਪ੍ਰਸ ਤੋਂ ਆਪਣੇ ਮਾਲਵਾਹਕ ਸਮੁੰਦਰੀ ਬੇੜੇ ਵਿਚ ਸਵਾਰ ਹੋਇਆ ਸੀ। ਸਫ਼ਰ ਦੌਰਾਨ ਯੂਨਾਨ (ਗਰੀਸ) ਨੇੜੇ ਉਨ੍ਹਾਂ ਦੇ ਜਹਾਜ਼ ਵਿਚ ਤਕਨੀਕੀ ਖ਼ਰਾਬੀ ਆ ਗਈ। ਮੁਰੰਮਤ ਲਈ ਜਦ ਉਹ ਯੂਨਾਨ ਦੀ ਇਕ ਬੰਦਰਗਾਹ ਦੇ ਤੱਟ ਉੱਤੇ ਰੁਕੇ ਤਾਂ ਉੱਥੇ ਸੁਰੱਖਿਆ ਅਮਲੇ ਵੱਲੋਂ ਰੁਟੀਨ ਪੜਤਾਲ ਦੌਰਾਨ ਜਹਾਜ਼ ਵਿਚੋਂ ਗੋਲਾ-ਬਾਰੂਦ ਬਰਾਮਦ ਹੋਣ ਕਾਰਨ ਅਮਲਾ ਮੈਂਬਰਾਂ ਨੂੰ ਸਥਾਨਕ ਅਥਾਰਿਟੀ ਨੇ ਜੇਲ੍ਹ ਭੇਜ ਦਿੱਤਾ। ਇਨ੍ਹਾਂ ਵਿਚ ਪੰਜ ਭਾਰਤੀਆਂ ਸਮੇਤ ਨੌਂ ਮੁਲਾਜ਼ਮ ਤੇ ਅਫ਼ਸਰ ਸ਼ਾਮਲ ਸਨ। ਹਾਲਾਂਕਿ ਉਨ੍ਹਾਂ ਵੱਲੋਂ ਬੇਕਸੂਰ ਹੋਣ ਦਾ ਦਾਅਵਾ ਕੀਤਾ ਗਿਆ, ਪਰ ਯੂਨਾਨ ਦੇ ਸੁਰੱਖਿਆ ਬਲਾਂ ਤੇ ਪ੍ਰਸ਼ਾਸਨ ਨੇ ਨੇਮਾਂ ਮੁਤਾਬਕ ਕਾਰਵਾਈ ਕਰ ਕੇ ਉਨ੍ਹਾਂ ਨੂੰ ਜੇਲ੍ਹ ਡੱਕ ਦਿੱਤਾ। ਜੈਦੀਪ ਨੇ ਦੱਸਿਆ ਕਿ ਜੇਲ੍ਹ ਵਿਚਲਾ ਮਾਹੌਲ ਠੀਕ ਨਹੀਂ ਸੀ। ਕਈ ਖ਼ਤਰਨਾਕ ਮੁਲਜ਼ਮ ਉੱਥੇ ਕੈਦ ਸਨ ਤੇ ਹਰ ਵੇਲੇ ਲੜਾਈ-ਝਗੜੇ ਦਾ ਖ਼ਦਸ਼ਾ ਰਹਿੰਦਾ ਸੀ ਜੋ ਜਾਨਲੇਵਾ ਵੀ ਸਾਬਿਤ ਹੋ ਸਕਦਾ ਸੀ। ਉਨ੍ਹਾਂ ਦੱਸਿਆ ਕਿ ਇਸ ਦੌਰਾਨ ਜੇਲ੍ਹ ਵਿਚ ਹੀ ਬੰਦ ਪਾਕਿਸਤਾਨੀ ਨੌਜਵਾਨਾਂ ਨੇ ਉਨ੍ਹਾਂ ਦੀ ਕਾਫ਼ੀ ਮਦਦ ਕੀਤੀ ਤੇ ਸਰੀਰਕ ਤੌਰ ’ਤੇ ਵੀ ਉਨ੍ਹਾਂ ਦੀ ਰਾਖੀ ਕੀਤੀ। ਉਨ੍ਹਾਂ ਦੱਸਿਆ ਕਿ ਕੁੱਝ ਹੋਰ ਭਾਰਤੀ ਵੀ ਨਸ਼ਿਆਂ ਦੀ ਤਸਕਰੀ ਦੇ ਦੋਸ਼ ਹੇਠ ਯੂਨਾਨ ਦੀਆਂ ਜੇਲ੍ਹ ’ਚ ਹਨ। ਉਨ੍ਹਾਂ ਰਿਹਾਈ ਲਈ ਭਾਜਪਾ ਆਗੂ ਸਵਰਨ ਸਿੰਘ ਸਲਾਰੀਆ, ਯੂਨਾਨ ਰਹਿੰਦੇ ਮਗਰ ਗਾਂਧੀ ਅਤੇ ਕੈਪਟਨ ਸੰਜੇ ਪਰਾਸ਼ਰ ਦੇ ਯੋਗਦਾਨ ਦਾ ਵਿਸ਼ੇਸ਼ ਜ਼ਿਕਰ ਕੀਤਾ।
ਜਹਾਜ਼ ਵਿਚ ਲੱਦੇ ਗੋਲਾ-ਬਾਰੂਦ ਤੋਂ ਅਣਜਾਣ ਸਨ ਨੌਜਵਾਨ
ਨੌਜਵਾਨਾਂ ਨੇ ਕਿਹਾ ਕਿ ਜਹਾਜ਼ ਵਿਚ 29 ਕੰਟੇਨਰਾਂ ’ਚ ਭਰਿਆ ਹੋਇਆ 420 ਟਨ ਗੋਲਾ-ਬਾਰੂਦ ਤੁਰਕੀ ਤੋਂ ਲੋਡ ਹੋ ਕੇ ਆਇਆ ਸੀ, ਪਰ ਉਨ੍ਹਾਂ ਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਸੀ। ਉਹ ਇਸ ਜਹਾਜ਼ ਵਿੱਚ ਸਾਈਪ੍ਰਸ ਤੋਂ ਸਵਾਰ ਹੋਏ ਸਨ ਤੇ ਉਨ੍ਹਾਂ ਦਾ ਕੰਮ ਜਹਾਜ਼ ਦੀ ਤਕਨੀਕੀ ਸੰਭਾਲ ਕਰਨਾ ਸੀ। ਇਸ ਦੇ ਬਾਵਜੂਦ ਉਨ੍ਹਾਂ ਨੂੰ ਡੇਢ ਸਾਲ ਮਾਨਸਿਕ ਅਤੇ ਸਰੀਰਕ ਸੰਤਾਪ ਭੋਗਣਾ ਪਿਆ।