- ‘ਰੇਡ ਰਾਜ’ ਉਤੇ ਉਤਰੀ ਮੋਦੀ ਸਰਕਾਰ: ਕਾਂਗਰਸ
- ਮਾਮਲੇ ਦਾ ਸਿਆਸੀਕਰਨ ਨਾ ਕੀਤਾ ਜਾਵੇ: ਭਾਜਪਾ
ਨਵੀਂ ਦਿੱਲੀ (ਸਮਾਜ ਵੀਕਲੀ): ਦਿੱਲੀ ਪੁਲੀਸ ਦੀ ਅਪਰਾਧ ਸ਼ਾਖਾ ਨੇ ਅੱਜ ‘ਇੰਡੀਅਨ ਯੂਥ ਕਾਂਗਰਸ’ ਦੇ ਪ੍ਰਧਾਨ ਸ੍ਰੀਨਿਵਾਸ ਬੀ.ਵੀ. ਤੋਂ ਕਰੋਨਾ ਨਾਲ ਸਬੰਧਤ ਸਮੱਗਰੀ, ਦਵਾਈਆਂ ਤੇ ਆਕਸੀਜਨ ਸਿਲੰਡਰਾਂ ਬਾਰੇ ਪੁੱਛਗਿੱਛ ਕੀਤੀ। ਸ੍ਰੀਨਿਵਾਸ ਲੋੜਵੰਦਾਂ ਨੂੰ ਇਹ ਸਾਮਾਨ ਮੁਹੱਈਆ ਕਰਵਾ ਰਿਹਾ ਹੈ। ਪੁਲੀਸ ਦਾ ਕਹਿਣਾ ਹੈ ਕਿ ਪੁੱਛਗਿੱਛ ਅਦਾਲਤੀ ਹੁਕਮਾਂ ਮੁਤਾਬਕ ਕੀਤੀ ਗਈ ਹੈ। ਅਦਾਲਤ ਨੇ ਪੁਲੀਸ ਨੂੰ ਹੁਕਮ ਦਿੱਤਾ ਸੀ ਕਿ ਸਿਆਸੀ ਆਗੂਆਂ ਵੱਲੋਂ ਰੈਮਡੇਸਿਵਿਰ ਖ਼ਰੀਦਣ ਤੇ ਅਗਾਂਹ ਵੰਡਣ ਨਾ ਨੋਟਿਸ ਲੈ ਕੇ ਲੋੜ ਪੈਣ ਉਤੇ ਐਫਆਈਆਰ ਦਰਜ ਕੀਤੀ ਜਾਵੇ।
ਸ੍ਰੀਨਿਵਾਸ ਨੇ ਕਿਹਾ ਕਿ ਪੁਲੀਸ ਜਾਣਨਾ ਚਾਹੁੰਦੀ ਹੈ ਕਿ ਸਾਨੂੰ ਰਾਹਤ ਸਮੱਗਰੀ ਕਿਵੇਂ ਮਿਲ ਰਹੀ ਹੈ ਜੋ ਅਸੀਂ ਲੋਕਾਂ ਵਿਚ ਵੰਡ ਰਹੇ ਹਾਂ। ਯੂਥ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਉਨ੍ਹਾਂ ਦੇ ਸੈਂਕੜੇ ਵਲੰਟੀਅਰ ਦਿਨ-ਰਾਤ ਲੱਗੇ ਹੋਏ ਹਨ ਤੇ ਪ੍ਰਬੰਧ ਕਰ ਰਹੇ ਹਨ। ਭਾਜਪਾ ਆਗੂ ਗੌਤਮ ਗੰਭੀਰ ਤੇ ਪਾਰਟੀ ਦੀ ਦਿੱਲੀ ਯੂਨਿਟ ਦੇ ਬੁਲਾਰੇ ਹਰੀਸ਼ ਖੁਰਾਨਾ ਤੋਂ ਵੀ ਪੁਲੀਸ ਨੇ ਪੁੱਛਗਿੱਛ ਕੀਤੀ ਹੈ। ਗੰਭੀਰ ਤੇ ਖੁਰਾਨਾ ਨੇ ਕਿਹਾ ਕਿ ਮਾਮਲੇ ਦਾ ਸਿਆਸੀਕਰਨ ਨਹੀਂ ਕੀਤਾ ਜਾਣਾ ਚਾਹੀਦਾ। ਸ੍ਰੀਨਿਵਾਸ ਨੇ ਕਿਹਾ ਕਿ ਉਹ ਪੁੱਛਗਿੱਛ ਤੋਂ ਡਰਨ ਵਾਲਾ ਨਹੀਂ ਹੈ ਤੇ ਲੋਕਾਂ ਦੀ ਮਦਦ ਕਰਨਾ ਜਾਰੀ ਰੱਖੇਗਾ।
ਇਸੇ ਦੌਰਾਨ ਕਾਂਗਰਸ ਨੇ ਦੋਸ਼ ਲਾਇਆ ਹੈ ਕਿ ਮੋਦੀ ਸਰਕਾਰ ‘ਰੇਡ ਰਾਜ’ ਉਤੇ ਉਤਰ ਆਈ ਹੈ। ‘ਇੰਡੀਅਨ ਯੂਥ ਕਾਂਗਰਸ’ ਦੇ ਪ੍ਰਧਾਨ ਸ੍ਰੀਨਿਵਾਸ ਬੀ.ਵੀ. ਤੋਂ ਆਕਸੀਜਨ ਅਤੇ ਮੈਡੀਕਲ ਸਪਲਾਈ ਸਬੰਧੀ ਪੁਲੀਸ ਵੱਲੋਂ ਪੁੱਛਗਿੱਛ ਕੀਤੇ ਜਾਣ ਤੋਂ ਬਾਅਦ ਕਾਂਗਰਸ ਨੇ ਕੇਂਦਰ ਸਰਕਾਰ ਉਤੇ ਨਿਸ਼ਾਨਾ ਸੇਧਿਆ ਹੈ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly