ਜਾਅਲੀ ਵੋਟਾਂ ਨੂੰ ਲੈ ਕੇ ਦੋ ਧੜੇ ਭਿੜੇ; ਪੋਲਿੰਗ ਸਟੇਸ਼ਨ ਦੇ ਬਾਹਰ ਯੂਥ ਆਗੂਆਂ ’ਤੇ ਲਾਠੀਚਾਰਜ
ਲੁਧਿਆਣਾ- ਯੂਥ ਕਾਂਗਰਸ ਦੀਆਂ ਜਥੇਬੰਧਕ ਚੋਣਾਂ ਦੌਰਾਨ ਅੱਜ ਲੁਧਿਆਣਾ ’ਚ ਯੂਥ ਕਾਂਗਰਸ ਦੇ ਦੋ ਧੜੇ ਆਪਸ ’ਚ ਭਿੜ ਗਏ। ਇਸ ਦੌਰਾਨ ਇੱਕ ਧੜੇ ਨੇ ਹਵਾਈ ਫਾਇਰ ਕਰ ਦਿੱਤੇ ਜਿਸ ਵਿੱਚ ਇੱਕ ਵੋਟਰ ਫੱਟੜ ਹੋ ਗਿਆ।
ਪ੍ਰਾਪਤ ਜਾਣਕਾਰੀ ਅਨੁਸਾਰ ਆਤਮ ਨਗਰ ’ਚ ਅੱਜ ਯੂਥ ਕਾਂਗਰਸ ਦੀਆਂ ਚੋਣਾਂ ਦੌਰਾਨ ਜਾਅਲੀ ਵੋਟਾਂ ਨੂੰ ਲੈ ਕੇ ਦੋ ਕਾਂਗਰਸੀ ਧੜੇ ਆਪਸ ’ਚ ਭਿੜ ਗਏ।
ਮੌਕੇ ’ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਲਗਭਗ 5 ਰੌਂਦ ਚਲਾਏ ਗਏ। ਗੋਲੀ ਉਮੀਦਵਾਰ ਮਨਰਾਜ ਠੁਕਰਾਲ ਦੇ ਸਮਰਥਕਾਂ ਵੱਲੋਂ ਚਲਾਈ ਗਈ ਜਿਸ ਕਾਰਨ ਵੋਟ ਪਾਉਣ ਪਾਇਆ ਜਤਿੰਦਰ ਸਿੰਘ ਰਾਜੂ ਜ਼ਖ਼ਮੀ ਹੋ ਗਿਆ। ਉਸ ਨੂੰ ਇਲਾਜ ਲਈ ਸੀਐੱਮਸੀ ਹਸਪਤਾਲ ਭਰਤੀ ਕਰਵਾਇਆ ਗਿਆ। ਗੋਲੀ ਚੱਲਣ ਦੀ ਸੂਚਨਾ ਮਿਲਦੇ ਹੀ ਪੁਲੀਸ ਅਧਿਕਾਰੀ ਮੌਕੇ ’ਤੇ ਪੁੱਜ ਗਏ। ਉੱਧਰ ਕਾਂਗਰਸੀ ਵਰਕਰ ਵੀ ਆਪਣੇ ਸਮਰਥਕਾਂ ਦੇ ਹੱਕ ’ਚ ਪੋਲਿੰਗ ਸਟੇਸ਼ਨ ਦੇ ਬਾਹਰ ਇਕੱਠੇ ਹੋ ਗਏ। ਏਸੀਪੀ ਜਤਿੰਦਰ ਚੋਪੜਾ ਨਾਲ ਕਾਂਗਰਸੀ ਕੌਂਸਲਰ ਬੀਬੀ ਰਾਜਿੰਦਰ ਕੌਰ ਦੇ ਪੁੱਤਰ ਤੇ ਬਲਾਕ ਪ੍ਰਧਾਨ ਗੁਰਪ੍ਰੀਤ ਗੋਪੀ ਦੀ ਤਿੱਖੀ ਬਹਿਸ ਹੋਈ। ਆਖਿਰਕਾਰ ਪੁਲੀਸ ਨੇ ਗੁਰਪ੍ਰੀਤ ਗੋਪੀ ਤੇ ਹੋਰ ਕਾਂਗਰਸੀ ਆਗੂਆਂ ’ਤੇ ਲਾਠੀਚਾਰਜ ਕਰ ਉਨ੍ਹਾਂ ਨੂੰ ਮੌਕੇ ਤੋਂ ਭਜਾਇਆ। ਮਾਮਲੇ ਦੀ ਭਿਣਕ ਲੱਗਦੇ ਹੀ ਹਲਕਾ ਆਤਮ ਨਗਰ ਦੇ ਇੰਚਾਰਜ ਕਮਲਜੀਤ ਸਿੰਘ ਕੜਵਲ ਵੀ ਮੌਕੇ ’ਤੇ ਪੁੱਜ ਗਏ। ਇਸ ਦੌਰਾਨ ਕਾਂਗਰਸੀਆਂ ਨੇ ਪੁਲੀਸ ਖ਼ਿਲਾਫ਼ ਨਾਅਰੇਬਾਜ਼ੀ ਵੀ ਕੀਤੀ।
ਜ਼ਿਕਰਯੋਗ ਹੈ ਕਿ ਹਲਕਾ ਆਤਮ ਨਗਰ ਦੇ ਪ੍ਰਧਾਨ ਦੇ ਅਹੁਦੇ ਲਈ ਉਮੀਦਵਾਰ ਮਨਰਾਜ ਠੁਕਰਾਲ ਅਤੇ ਅਸ਼ਵਨੀ ਕੁਮਾਰ ਚੋਣ ਮੈਦਾਨ ’ਚ ਹਨ। ਜ਼ਿਲ੍ਹਾ ਪ੍ਰਧਾਨ ਦੇ ਅਹੁਦੇ ਲਈ ਯੋਗੇਸ਼ ਹਾਂਡਾ, ਗੁਰਵਿੰਦਰ ਪਾਲ ਸਿੰਘ, ਚਰਨਜੀਤ ਸਿੰਘ, ਮੋਹਿਤ ਰਾਮਪਾਲ, ਸਾਹਿਲ ਕਪੂਰ ਅਤੇ ਸੂਬਾ ਪ੍ਰਧਾਨ ਦੀ ਚੋਣ ਲਈ ਇਕਬਾਲ ਸਿੰਘ ਗਰੇਵਾਲ ਤੇ ਸੂਬਾ ਪ੍ਰਧਾਨ ਪਰਵਿੰਦਰ ਸਿੰਘ ਲਾਪਰਾਂ ਚੋਣ ਮੈਦਾਨ ’ਚ ਹਨ। ਉਮੀਦਵਾਰ ਮਨਰਾਜ ਠੁਕਰਾਲ ਦੇ ਚਾਚਾ ਜਸਵਿੰਦਰ ਠੁਕਰਾਲ ਨੇ ਕਿਹਾ ਕਿ ਉਨ੍ਹਾਂ ਕੋਈ ਗੋਲੀ ਨਹੀਂ ਚਲਾਈ। ਪੋਲਿੰਗ ਸਟੇਸ਼ਨ ਦੇ ਬਾਹਰ ਕੈਮਰਾ ਲੱਗਾ ਹੈ, ਕੋਈ ਵੀ ਫੁਟੇਜ ਚੈੱਕ ਕਰ ਸਕਦਾ ਹੈ।
ਇਸ ਸਬੰਧੀ ਡੀਸੀਪੀ ਲੁਧਿਆਣਾ ਅਸ਼ਵਨੀ ਕਪੂਰ ਨੇ ਕਿਹਾ ਕਿ ਪੁਲੀਸ ਮਾਮਲੇ ਦੀ ਜਾਂਚ ਕਰ ਰਹੀ ਹੈ। ਗੋਲੀ ਲੱਗਣ ਕਾਰਨ ਜ਼ਖ਼ਮੀ ਹੋਏ ਵਿਅਕਤੀ ਦੇ ਬਿਆਨ ਲੈਣ ਲਈ ਪੁਲੀਸ ਹਸਪਤਾਲ ਭੇਜੀ ਗਈ ਹੈ। ਜਾਂਚ ਮਗਰੋਂ ਮੁਲਜ਼ਮਾਂ ਖਿਲਾਫ਼ ਕਾਰਵਾਈ ਜ਼ਰੂਰ ਹੋਵੇਗੀ।
ਪੁਲੀਸ ਕਮਿਸ਼ਨਰ ਰਾਕੇਸ਼ ਅਗਰਵਾਲ ਨੇ ਦੱਸਿਆ ਕਿ ਮਾਮਲੇ ਵਿਚ ਜ਼ਖ਼ਮੀ ਰਾਜੂ ਦੀ ਸ਼ਿਕਾਇਤ ’ਤੇ ਮਨਰਾਜ ਠਕੁਰਾਲ ਅਤੇ ਜਸਵਿੰਦਰ ਸਿੰਘ ਠਕੁਰਾਲ ਖ਼ਿਲਾਫ਼ ਧਾਰਾ 307 ਅਤੇ ਆਰਮਜ਼ ਐਕਟ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ।