ਚੰਡੀਗੜ੍ਹ ਐਨਐਚਐਮ ਐਂਪਲਾਈਜ਼ ਯੂਨੀਅਨ ਦੇ ਸੱਦੇ ’ਤੇ ਅੱਜ ਚੱਡੀਗੜ੍ਹ ਦੇ ਹਸਪਤਾਲਾਂ ਤੇ ਡਿਸਪੈਂਸਰੀਆਂ ਵਿਚ ਕੰਮ ਕਰਦੇ ਪੈਰਾ-ਮੈਡੀਕਲ ਸਟਾਫ ਨੇ ਹੜਤਾਲ ਕਰਕੇ ਸਾਰੇ ਕੰਮ ਠੱਪ ਕਰ ਦਿੱਤੇ। ਹੜਤਾਲ ਵਿਚ ਐਨਐਚਐਮ ਸਕੀਮ ਅਧੀਨ ਕੰਮ ਕਰਦੀਆਂ ਸਟਾਫ ਨਰਸਾਂ, ਐਲਐਚਵੀਜ਼, ਏਐਨਐਮਜ਼, ਮੈਡੀਕਲ ਲੈਬ ਤਕਨੀਸ਼ੀਅਨ, ਫਾਰਮਾਸਿਸਟ, ਰੇਡੀਓਗ੍ਰਾਫਰਜ਼, ਐਸਟੀਐਲਜ਼ ਵਰਗਾਂ ਦੇ ਮੁਲਾਜ਼ਮ ਸ਼ਾਮਲ ਹੋਏ, ਜਿਸ ਕਾਰਨ ਸਾਰੇ ਕੰਮ ਠੱਪ ਰਹੇ। ਹੜਤਾਲੀ ਮੁਲਾਜ਼ਮਾਂ ਨੇ ਸਾਰਾ ਦਿਨ ਸੈਕਟਰ-16 ਦੇ ਸਰਕਾਰੀ ਹਸਪਤਾਲ ਦੇ ਪ੍ਰਸ਼ਾਸਕੀ ਕੰਪਲੈਕਸ ਮੂਹਰੇ ਪ੍ਰਦਰਸ਼ਨ ਕੀਤਾ। ਪ੍ਰਸ਼ਾਸਨ ਵੱਲੋਂ ਡਾਕਟਰਾਂ ਨੂੰ ਵੀ ਮਹਿਜ਼ 45 ਹਜ਼ਾਰ ਰੁਪਏ ਤਨਖਾਹ ਦੇ ਕੇ ਸ਼ੋਸ਼ਣ ਕੀਤਾ ਜਾ ਰਿਹਾ ਹੈ। ਮੁਲਾਜ਼ਮਾਂ ਨੇ ਦੱਸਿਆ ਕਿ ਉਹ 8 ਤੋਂ 20 ਸਾਲਾਂ ਤੋਂ ਯੂੁਟੀ ਦੇ ਹਸਪਤਾਲਾਂ ਤੇ ਡਿਸਪੈਂਸਰੀਆਂ ਵਿਚ ਨੌਕਰੀਆਂ ਕਰ ਰਹੇ ਹਨ। ਇਨ੍ਹਾਂ ਵਿਚੋਂ ਸਟਾਫ ਨਰਸਾਂ ਨੂੰ ਮਹਿਜ਼ 12000 ਰੁਪਏ ਪ੍ਰਤੀ ਮਹੀਨਾ ਤਨਖਾਹ ਦਿੱਤੀ ਜਾ ਰਹੀ ਹੈ। ਦੂਸਰੇ ਪਾਸੇ ਪ੍ਰਸ਼ਾਸਨ ਠੇਕੇ ’ਤੇ ਕੰਮ ਕਰਦੀਆਂ ਨਰਸਾਂ ਨੂੰ ਡੀਸੀ ਰੇਟ ਤਹਿਤ 28000 ਰੁਪਏ ਤਨਖਾਹ ਦੇ ਰਿਹਾ ਹੈ ਜਦਕਿ ਐਨਐਚਐਮ ਨਰਸਾਂ ਉਪਰ ਡੀਸੀ ਰੇਟ ਲਾਗੂ ਕਰਨ ਤੋਂ ਵੀ ਇਨਕਾਰੀ ਹੈ ਤੇ ਰੈਗੂਲਰ ਨਰਸਾਂ ਨੂੰ ਔਸਤਨ 60 ਹਜ਼ਾਰ ਰੁਪਏ ਦੇ ਕਰੀਬ ਤਨਖਾਹਾਂ ਮਿਲ ਰਹੀਆਂ ਹਨ। ਲੈਬ ਤਕਨੀਸ਼ੀਅਨਾਂ ਨੂੰ ਮਹਿਜ਼ 10 ਹਜ਼ਾਰ ਰੁਪਏ ਤਨਖਾਹ, ਠੇਕੇ ’ਤੇ ਕੰਮ ਕਰਦੇ ਲੈਬ ਤਨਕਨੀਸ਼ੀਅਨਾਂ ਨੂੰ ਡੀਸੀ ਰੇਟ ਤਹਿਤ 21000 ਰੁਪਏ ਤੇ ਰੈਗੂਲਰ ਲੈਬ ਤਕਨੀਸ਼ੀਅਨਾਂ ਦੀਆਂ ਤਨਖਾਹਾਂ 35000 ਰੁਪਏ ਦੇ ਕਰੀਬ ਹਨ। ਇਨ੍ਹਾਂ ਮੁਲਾਜ਼ਮਾਂ ਨੂੰ ਪਹਿਲਾਂ 3 ਫੀਸਦ ਮਿਲਦਾ ਬੋਨਸ ਵੀ ਖੋਹ ਲਿਆ ਹੈ। ਯੂਨੀਅਨ ਦੀ ਪ੍ਰਧਾਨ ਪਰਮਜੀਤ ਕੌਰ, ਜਨਰਲ ਸਕੱਤਰ ਅਮਿਤ ਕੁਮਾਰ, ਚੰਡੀਗੜ੍ਹ ਯੂਟੀ ਸੁਬਾਰਡੀਨੇਟ ਫੈਡਰੇਸ਼ਨ ਦੇ ਪ੍ਰਧਾਨ ਰਣਜੀਤ ਸਿੰਘ, ਜਨਰਲ ਸਕੱਤਰ ਰਾਜਿੰਦਰ ਕੁਮਾਰ ਅਤੇ ਪੈਰਾ ਮੈਡੀਕਲ ਸਟਾਫ ਐਸੋਸੀਏਸ਼ਨ ਦੇ ਪ੍ਰਧਾਨ ਕਮਲਜੀਤ ਸਿੰਘ ਨੇ ਸੰਘਰਸ਼ ਤੇਜ਼ ਕਰਨ ਦੀ ਚਿਤਾਵਨੀ ਦਿੱਤੀ।
INDIA ਯੂਟੀ ਦੇ ਪੈਰਾ-ਮੈਡੀਕਲ ਸਟਾਫ ਵੱਲੋਂ ਹੜਤਾਲ