ਲੰਡਨ (ਸਮਾਜਵੀਕਲੀ) – ਯੂਕੇ ਦੀ ਕੌਮੀ ਸਿਹਤ ਸੇਵਾ (ਐਨਐਚਐੱਸ) ਦੇ ਐਮਰਜੈਂਸੀ ਮੈਡੀਸਨ ਮਾਹਿਰ ਡਾ. ਮਨਜੀਤ ਸਿੰਘ ਰਿਆਤ ਦਾ ਕਰੋਨਾਵਾਇਰਸ ਨਾਲ ਦੇਹਾਂਤ ਹੋ ਗਿਆ ਹੈ। ਉਸ ਇਸ ਸੰਕਟ ਦੀ ਘੜੀ ਦੌਰਾਨ ਐਨਐਚਐੱਸ ਲਈ ਡਿਊਟੀ ਕਰ ਰਹੇ ਸਨ। ਡਾ. ਰਿਆਤ ਪੂਰਬੀ ਮਿਡਲੈਂਡਜ਼ ਖਿੱਤੇ ਦੇ ਰਾਇਲ ਡਰਬੀ ਹਸਪਤਾਲ ਵਿਚ ਦਾਖ਼ਲ ਸਨ।
ਰਿਆਤ (52) ਡਰਬੀ ਤੇ ਬਰਟਨ ਦੇ ਯੂਨੀਵਰਸਿਟੀ ਹਸਪਤਾਲਾਂ ਵਿਚ ਤਾਇਨਾਤ ਸਨ। ਯੂਕੇ ਵਿਚ ਉਹ ਸਿੱਖ ਭਾਈਚਾਰੇ ’ਚੋਂ ਪਹਿਲੇ ਐਕਸੀਡੈਂਟ ਤੇ ਐਮਰਜੈਂਸੀ ਕੰਸਲਟੈਂਟ (ਏ ਐਂਡ ਈ) ਸਨ। ਡਾ. ਰਿਆਤ ਦੇ ਸਹਿਯੋਗੀ ਉਨ੍ਹਾਂ ਦੇ ਬੇਹੱਦ ਨੇੜੇ ਸਨ ਤੇ ਪੂਰੇ ਮੁਲਕ ਦੇ ਡਾਕਟਰ ਭਾਈਚਾਰੇ ’ਚ ਉਨ੍ਹਾਂ ਦਾ ਬਹੁਤ ਸਤਿਕਾਰ ਸੀ।
ਹਸਪਤਾਲ ਦੇ ਮੁੱਖ ਕਾਰਜਕਾਰੀ ਅਧਿਕਾਰੀ ਗੈਵਿਨ ਬੌਇਲ ਨੇ ਕਿਹਾ ਕਿ ਪਿਛਲੇ ਦੋ ਦਹਾਕਿਆਂ ਦੌਰਾਨ ਡਰਬੀਸ਼ਾਇਰ ਵਿਚ ਐਮਰਜੈਂਸੀ ਮੈਡੀਸਨ ਸੇਵਾ ਦੇ ਵਿਕਾਸ ਵਿਚ ਉਨ੍ਹਾਂ ਦਾ ਅਹਿਮ ਯੋਗਦਾਨ ਰਿਹਾ ਹੈ। ਡਾ. ਰਿਆਤ ਨੇ ਲੈਸਟਰ ਯੂਨੀਵਰਸਿਟੀ ਤੋਂ 1992 ਵਿਚ ਡਾਕਟਰੀ ਲਈ ਯੋਗਤਾ ਹਾਸਲ ਕੀਤੀ।
ਇਸ ਤੋਂ ਬਾਅਦ ਉਨ੍ਹਾਂ ਕਈ ਹਸਪਤਾਲਾਂ ਵਿਚ ਪ੍ਰੈਕਟਿਸ ਕੀਤੀ। ਪੈਰਾ-ਮੈਡੀਕਲ ਸਟਾਫ਼ ਪੱਕੇ ਤੌਰ ’ਤੇ ਆਉਣ ਤੋਂ ਪਹਿਲਾਂ ਉਹ ਦੋਵਾਂ ਹਸਪਤਾਲਾਂ ਵਿਚ ਹਾਦਸਿਆਂ ਸਬੰਧੀ ਫਲਾਇੰਗ ਸਕੁਐਡ ਦੇ ਆਗੂ ਰਹੇ। ਇਸ ਤੋਂ ਇਲਾਵਾ ਰਿਆਤ ਯੂਕੇ ਦੇ ਪਹਿਲੇ ਕਲੀਨੀਕਲ ਖੋਜਾਰਥੀਆਂ ਵਿਚੋਂ ਇਕ ਸਨ।
ਅਕਾਦਮਿਕ ਪੱਧਰ ’ਤੇ ਐਮਰਜੈਂਸੀ ਮੈਡੀਸਨ ਦੇ ਵਿਕਾਸ ’ਚ ਵੀ ਉਨ੍ਹਾਂ ਦਾ ਵੱਡਾ ਯੋਗਦਾਨ ਰਿਹਾ। ਯੂਕੇ ਦੀ ਸਿਹਤ ਸੇਵਾ ਦੇ ਮੰਨੇ-ਪ੍ਰਮੰਨੇ ਡਾਕਟਰਾਂ ਤੇ ਅਧਿਕਾਰੀਆਂ ਨੇ ਰਿਆਤ ਦੀ ਮੌਤ ’ਤੇ ਡੂੰਘਾ ਦੁੱਖ ਪ੍ਰਗਟ ਕੀਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਰਿਆਤ ਇਸ ਜੋਖ਼ਮ ਭਰੇ ਤੇ ਗੁੰਝਲਦਾਰ ਕਾਰਜ ਦੌਰਾਨ ਵੀ ਖ਼ੁਸ਼ ਤਬੀਅਤ ਰਹਿੰਦੇ ਸਨ ਤੇ ਦੂਜਿਆਂ ਨੂੰ ਵੀ ਖ਼ੁਸ਼ ਰੱਖਦੇ ਸਨ।
ਡਾ. ਰਿਆਤ ਦੇ ਪਰਿਵਾਰ ਵਿਚ ਪਤਨੀ ਤੋਂ ਇਲਾਵਾ ਦੋ ਪੁੱਤਰ ਹਨ। ਉਨ੍ਹਾਂ ਯੂਕੇ ਦੇ ਅਣਗਿਣਤ ਮੈਡੀਕਲ ਵਿਭਾਗਾਂ ਵਿਚ ਤੇ ਅਕਾਦਮਿਕ ਪੱਧਰ ’ਤੇ ਵੀ ਮੋਹਰੀ ਭੂਮਿਕਾ ਨਿਭਾਈ।