ਯੂਕੇ ਦੀ ਸੰਸਦ ’ਚ ਮੁੜ ਉਠਿਆ ਕਿਸਾਨ ਅੰਦੋਲਨ ਦਾ ਮੁੱਦਾ

ਜਲੰਧਰ (ਸਮਾਜ ਵੀਕਲੀ): ਇੰਗਲੈਂਡ ਦੇ ਸੰਸਦ ਮੈਂਬਰ ਤਨਮਨਜੀਤ ਸਿੰਘ ਢੇਸੀ ਨੇ ਕਿਸਾਨ ਅੰਦੋਲਨ ਦਾ ਮੁੱਦਾ ਮੁੜ ਉਥੋਂ ਦੀ ਸੰਸਦ ਵਿੱਚ ਚੁੱਕਿਆ ਹੈ। ਜਲੰਧਰ ਦੇ ਪਿੰਡ ਰਾਏਪੁਰ ਦੇ ਮੂਲ ਪਿਛੋਕੜ ਵਾਲੇ ਤਨਮਨਜੀਤ ਸਿੰਘ ਢੇਸੀ ਨੇ ਗੱਲਬਾਤ ਦੌਰਾਨ ਦੱਸਿਆ ਕਿ ਉਨ੍ਹਾਂ ਯੂਕੇ ਦੇ ਪ੍ਰਧਾਨ ਮੰਤਰੀ ਬੋਰਿਸ ਜੌਹਨਸਨ ਨੂੰ 100 ਐੱਮਪੀਜ਼ ਦੇ ਦਸਤਖ਼ਤ ਕਰਵਾ ਕੇ ਚਿੱਠੀ ਭੇਜੀ ਹੈ। ਇਸ ਤੋਂ ਇਲਾਵਾ ਇੱਕ ਲੱਖ ਤੋਂ ਵੱਧ ਲੋਕਾਂ ਨੇ ਇਸ ਬਾਬਤ ਆਨਲਾਈਨ ਪਟੀਸ਼ਨ ’ਤੇ ਦਸਤਖ਼ਤ ਵੀ ਕੀਤੇ ਹਨ ਅਤੇ ਇਹ ਆਪਣੇ-ਆਪ ਵਿੱਚ ਇੱਕ ਵੱਡੀ ਮੁਹਿੰਮ ਹੈ।

ਉਨ੍ਹਾਂ ਮਜ਼ਦੂਰਾਂ ਦੇ ਹੱਕ ਵਿੱਚ ਆਵਾਜ਼ ਬੁਲੰਦ ਕਰਨ ਵਾਲੀ ਨੌਦੀਪ ਕੌਰ (23) ਦਾ ਮਾਮਲਾ ਵੀ ਉਠਾਇਆ ਅਤੇ ਪਾਰਲੀਮੈਂਟ ’ਚ ਇਸ ’ਤੇ ਚਰਚਾ ਕਰਨ ਦੀ ਮੰਗ ਵੀ ਕੀਤੀ। ਸ੍ਰੀ ਢੇਸੀ ਨੇ ਕਿਹਾ ਕਿ ਇਸ ਅੰਦੋਲਨ ਦੌਰਾਨ ਨੌਦੀਪ ਕੌਰ ਵਰਗੇ ਸਮਾਜਿਕ ਕਾਰਕੁਨਾਂ ਅਤੇ ਪੱਤਰਕਾਰਾਂ ਨੂੰ ਪੁਲੀਸ ਹਿਰਾਸਤ ’ਚ ਰੱਖ ਕੇ ਉਨ੍ਹਾਂ ਨੂੰ ਕਥਿਤ ਤੌਰ ’ਤੇ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਉਸ ’ਤੇ ਜਿਸਮਾਨੀ ਤਸ਼ੱਦਦ ਕੀਤਾ ਗਿਆ ਹੈ ਜਿਸ ਦੀ ਦੁਨੀਆ ਭਰ ਵਿੱਚ ਨਿੰਦਾ ਹੋ ਰਹੀ ਹੈ। ਢੇਸੀ ਨੇ ਕਿਹਾ ਕਿ ਭਾਰਤ ’ਚ ਕਿਸਾਨ ਅੰਦੋਲਨ ਪਿਛਲੇ ਕੁਝ ਮਹੀਨਿਆਂ ਤੋਂ ਚੱਲ ਰਿਹਾ ਹੈ ਅਤੇ ਇਸ ਨੇ ਸਾਡੀ ਚਿੰਤਾ ਵਧਾਈ ਹੈ।

Previous articleਤ੍ਰਿਣਮੂਲ ਸੰਸਦ ਮੈਂਬਰ ਤ੍ਰਿਵੇਦੀ ਵੱਲੋਂ ਰਾਜ ਸਭਾ ’ਚੋਂ ਅਸਤੀਫ਼ਾ
Next articleMyanmar remits sentences of over 23,000 prisoners amid protests