ਇੰਗਲੈਂਡ ਦੀਆਂ ਵੀਰਵਾਰ ਨੂੰ ਪੈਣ ਵਾਲੀਆਂ ਵੋਟਾਂ ਤੋਂ ਪਹਿਲਾਂ ਸਾਰੀਆਂ ਪਾਰਟੀਆਂ ਨੇ ਵੋਟਰਾਂ ਨੂੰ ਭਰਮਾਉਣ ਲਈ ਆਖਰੀ ਹੰਭਲਾ ਮਾਰਿਆ। ਹੁਕਮਰਾਨ ਕੰਜ਼ਰਵੇਟਿਵ ਪਾਰਟੀ ਦੇ ਬੋਰਿਸ ਜੌਹਨਸਨ ‘ਬ੍ਰੈਗਜ਼ਿਟ’ ਲਾਗੂ ਕਰਾਉਣ ਅਤੇ ਲੇਬਰ ਪਾਰਟੀ ਦੇ ਜੈਰੇਮੀ ਕੌਰਬਿਨ ‘ਭਵਿੱਖ ਲਈ ਵੋਟ’ ਦੇ ਸਹਾਰੇ ਸੱਤਾ ਹਾਸਲ ਕਰਨ ਦੇ ਚਾਹਵਾਨ ਹਨ। ਲਿਬਰਲ ਡੈਮੋਕਰੈਟ ਆਗੂ ਜੋਅ ਸਵਿਨਸਨ ਯੂਕੇ ਦੇ ਯੂਰੋਪੀਅਨ ਯੂਨੀਅਨ ਤੋਂ ਅੱਡ ਨਾ ਹੋਣ ਦਾ ਨਾਅਰਾ ਬੁਲੰਦ ਕਰ ਰਹੇ ਹਨ। ਸਕੌਟਿਸ਼ ਨੈਸ਼ਨਲ ਪਾਰਟੀ ਦੇ ਆਗੂ ਨਿਕੋਲਾ ਸਟਰਜਿਓਨ ਵੀ ਵੋਟਰਾਂ ਨੂੰ ਆਪਣੇ ਪੱਖ ’ਚ ਕਰਨ ਲਈ ਜੁਟੇ ਹੋਏ ਹਨ। ਬੀਬੀਸੀ ਦੇ ਚੋਣ ਸਰਵੇਖਣ ਮੁਤਾਬਕ ਕੰਜ਼ਰਵੇਟਿਵ ਪਾਰਟੀ ਨੂੰ 43 ਫ਼ੀਸਦੀ ਵੋਟਾਂ ਨਾਲ 339 ਸੀਟਾਂ ਮਿਲਣ ਦੀ ਸੰਭਾਵਨਾ ਹੈ ਜਦਕਿ ਲੇਬਰ 34 ਫ਼ੀਸਦੀ ਵੋਟ ਲੈ ਕੇ 231 ਸੀਟਾਂ ’ਤੇ ਸਿਮਟ ਜਾਵੇਗੀ। ਲਿਬਰਲ ਡੈਮੋਕਰੈਟਸ ਨੂੰ 12 ਫ਼ੀਸਦੀ ਵੋਟਾਂ ਨਾਲ 15 ਸੀਟਾਂ, ਸਕੌਟਿਸ਼ ਨੈਸ਼ਨਲ ਪਾਰਟੀ ਨੂੰ 41 ਸੀਟਾਂ, ਗਰੀਨਜ਼ ਨੂੰ 3 ਫ਼ੀਸਦੀ ਵੋਟਾਂ ਨਾਲ ਇਕ ਸੀਟ ਅਤੇ ਬ੍ਰੈਗਜ਼ਿਟ ਪਾਰਟੀ ਨੂੰ ਤਿੰਨ ਫ਼ੀਸਦੀ ਵੋਟਾਂ ਮਿਲਣਗੀਆਂ ਪਰ ਉਹ ਕੋਈ ਸੀਟ ਨਹੀਂ ਜਿੱਤ ਸਕੇਗੀ। ਸਰਵੇਖਣਾਂ ਮੁਤਾਬਕ ਕੰਜ਼ਰਵੇਟਿਵ ਪਾਰਟੀ ਨੂੰ ਚੋਣਾਂ ਮਗਰੋਂ ਸਾਧਾਰਨ ਬਹੁਮੱਤ ਮਿਲ ਜਾਵੇਗਾ। ਉਂਜ ਲੇਬਰ ਪਾਰਟੀ ਉਮੀਦ ਕਰ ਰਹੀ ਹੈ ਕਿ 2017 ਦੀਆਂ ਆਮ ਚੋਣਾਂ ਵਾਂਗ ਵੋਟਰ ਉਨ੍ਹਾਂ ਦੇ ਪੱਖ ’ਚ ਭੁਗਤ ਸਕਦਾ ਹੈ। ਉਧਰ ਵੱਡੇ ਧਨਾਢਾਂ ਦੀ ਵੀ ਚੋਣਾਂ ’ਚ ਦਿਲਚਸਪੀ ਹੈ ਕਿਉਂਕਿ ਲੇਬਰ ਪਾਰਟੀ ਨੇ ਟੈਕਸ ਚੋਰੀ ਰੋਕਣ ਜਿਹੇ ਕਦਮਾਂ ’ਤੇ ਹਮਲਾ ਕੀਤਾ ਹੈ। ਉਨ੍ਹਾਂ ਊਰਜਾ ਅਤੇ ਰੇਲਵੇ ਸਮੇਤ ਅਹਿਮ ਇੰਸਟਰੀਜ਼ ਨੂੰ ਤਰਕਸੰਗਤ ਬਣਾਉਣ ਦਾ ਵਾਅਦਾ ਕੀਤਾ ਹੈ। ਮੋਬਾਈਲ ਫੋਨ ਕੰਪਨੀ ਦੇ ਮਾਲਕ ਅਰਬਪਤੀ ਜੌਹਨ ਕੌਡਵੈੱਲ ਨੇ ਚਿਤਾਵਨੀ ਦਿੱਤੀ ਕਿ ਜੇਕਰ ਟੈਕਸ ਲਾਏ ਗਏ ਤਾਂ ਇਸ ਨਾਲ ਨਿਵੇਸ਼ ਘੱਟ ਜਾਵੇਗਾ।
UK ਯੂਕੇ ਚੋਣਾਂ: ਪਾਰਟੀਆਂ ਨੇ ਆਖਰੀ ਹੰਭਲਾ ਮਾਰਿਆ