ਯੂਐੱਨ ਵੱਲੋਂ ਮਸੂਦ ਅਜ਼ਹਰ ਆਲਮੀ ਦਹਿਸ਼ਤਗਰਦ ਕਰਾਰ

ਕੂਟਨੀਤਕ ਪੱਧਰ ’ਤੇ ਭਾਰਤ ਦੀ ਵੱਡੀ ਜਿੱਤ, ਚੀਨ ਵੱਲੋਂ ਰੋਕ ਹਟਾ ਲੈਣ ਨਾਲ ਰਾਹ ਹੋਇਆ ਪੱਧਰਾ

ਸੰਯੁਕਤ ਰਾਸ਼ਟਰ ਨੇ ਪਾਕਿਸਤਾਨ ਆਧਾਰਤ ਜੈਸ਼-ਏ-ਮੁਹੰਮਦ ਦੇ ਮੁਖੀ ਮਸੂਦ ਅਜ਼ਹਰ ਨੂੰ ਅੱਜ ਆਲਮੀ ਦਹਿਸ਼ਤਗਰਦ ਐਲਾਨ ਦਿੱਤਾ ਹੈ। ਕੂਟਨੀਤਕ ਪੱਧਰ ’ਤੇ ਭਾਰਤੀ ਦੀ ਇਹ ਵੱਡੀ ਜਿੱਤ ਚੀਨ ਵੱਲੋਂ ਆਪਣੀ ਵੀਟੋ ਤਾਕਤ ਦਾ ਇਸਤੇਮਾਲ ਕਰਦਿਆਂ ਸੁਰੱਖਿਆ ਕੌਂਸਲ ਦੀ ਸੈਂਕਸ਼ਨਜ਼ ਕਮੇਟੀ ਵੱਲੋਂ ਪੇਸ਼ ਤਜਵੀਜ਼ ’ਤੇ ਲਾਈ ਰੋਕ ਹਟਾ ਲੈਣ ਮਗਰੋਂ ਸੰਭਵ ਹੋਈ ਹੈ। ਆਲਮੀ ਦਹਿਸ਼ਤਗਰਦ ਐਲਾਨੇ ਜਾਣ ਨਾਲ ਜੈਸ਼ ਮੁਖੀ ਦੇ ਅਸਾਸੇ ਜਾਮ ਹੋ ਜਾਣਗੇ ਤੇ ਉਹਦੇ ਸਫ਼ਰ ਕਰਨ ਤੇ ਹਥਿਆਰਾਂ ਦੇ ਲੈਣ ਦੇਣ ਦੀ ਪਾਬੰਦੀ ਆਇਦ ਰਹੇਗੀ। ਸੰਯੁਕਤ ਰਾਸ਼ਟਰ ਵਿੱਚ ਭਾਰਤ ਦੇ ਸਫ਼ੀਰ ਤੇ ਸਥਾਈ ਨੁਮਾਇੰਦੇ ਸੱਯਦ ਅਕਬਰੂਦੀਨ ਨੇ ਇਕ ਟਵੀਟ ’ਚ ਕਿਹਾ, ‘ਵੱਡੇ, ਛੋਟੇ, ਸਾਰੇ ਇਕੱਠੇ ਹੋ ਗਏ। ਯੂਐੱਨ ਦੀ ਸੈਂਕਸ਼ਨਜ਼ ਸੂਚੀ ਵਿੱਚ ਮਸੂਦ ਅਜ਼ਹਰ ਨੂੰ ਦਹਿਸ਼ਤਗਰਦ ਵਜੋਂ ਨਾਮਜ਼ਦ ਕਰ ਦਿੱਤਾ ਗਿਆ ਹੈ। ਤੁਹਾਡੇ ਸਾਰਿਆਂ ਦੇ ਸਹਿਯੋਗ ਲਈ ਸ਼ੁਕਰੀਆ।’ ਚੀਨ ਵੱਲੋਂ ਲਾਈ ਰੋਕ ਹਟਾ ਲੈਣ ਬਾਰੇ ਪੁੱਛੇ ਜਾਣ ’ਤੇ ਅਕਬਰੂਦੀਨ ਨੇ ਕਿਹਾ, ‘ਹਾਂ, ਕੰਮ ਨਿੱਬੜ ਗਿਆ।’ ਉਨ੍ਹਾਂ ਕਿਹਾ ਕਿ ਸੈਂਕਸ਼ਨਜ਼ ਕਮੇਟੀ ਨੇ ਫੈਸਲਾ ਮੈਂਬਰਾਂ ਦੀ ਇਤਫ਼ਾਕ ਰਾਏ ਨਾਲ ਲਿਆ ਹੈ। ਫਰਵਰੀ ਵਿੱਚ ਜੰਮੂ ਕਸ਼ਮੀਰ ਦੇ ਪੁਲਵਾਮਾ ਵਿੱਚ ਸੀਆਰੀਪੀਐਫ ਦੇ ਕਾਫਲੇ ਨੂੰ ਨਿਸ਼ਾਨਾ ਬਣਾ ਕੇ ਕੀਤੇ ਫਿਦਾਈਨ ਹਮਲੇ ਦੀ ਜ਼ਿੰਮੇਵਾਰੀ ਜੈਸ਼-ਏ-ਮੁਹੰਮਦ ਵੱਲੋਂ ਲੈਣ ਮਗਰੋਂ ਫਰਾਂਸ, ਯੂਕੇ ਤੇ ਅਮਰੀਕਾ ਨੇ ਜੈਸ਼ ਮੁਖੀ ਮਸੂਦ ਅਜ਼ਹਰ ਨੂੰ ਆਲਮੀ ਦਹਿਸ਼ਤਗਰਦ ਨਾਮਜ਼ਦ ਕਰਨ ਸਬੰਧੀ ਤਜਵੀਜ਼ ਯੂਐੱਨ ਸੁਰੱਖਿਆ ਪ੍ਰੀਸ਼ਦ ਦੀ 1267 ਅਲ ਕਾਇਦਾ ਸੈਂਕਸ਼ਨਜ਼ ਕਮੇਟੀ ਵਿੱਚ ਰੱਖੀ ਸੀ। ਉਦੋਂ ਚੀਨ ਨੇ ਐਨ ਆਖਰੀ ਮੌਕੇ ਆਪਣੀ ਵੀਟੋ ਤਾਕਤ ਦਾ ਇਸਤੇਮਾਲ ਕਰਦਿਆਂ ਇਸ ਤਜਵੀਜ਼ ਨੂੰ ‘ਤਕਨੀਕੀ ਆਧਾਰ’ ’ਤੇ ਬਕਾਇਆ ਰੱਖਦਿਆਂ ਕਿਹਾ ਸੀ ਕਿ ਇਸ ਦੀ ‘ਜਾਂਚ ਪੜਤਾਲ ਲਈ ਉਸ ਨੂੰ ਵਧੇਰੇ ਸਮੇਂ’ ਦੀ ਦਰਕਾਰ ਹੈ। ਚੀਨ ਇਸ ਤੋਂ ਪਹਿਲਾਂ ਤਿੰਨ ਵਾਰ ਸਾਲ 2009, 2016 ਤੇ 2017 ਵਿੱਚ ਵੱਖ ਵੱਖ ਮੌਕਿਆਂ ’ਤੇ ਜੈਸ਼ ਮੁਖੀ ਨੂੰ ਆਲਮੀ ਦਹਿਸ਼ਤਗਰਦ ਐਲਾਨੇ ਜਾਣ ਸਬੰਧੀ ਤਜਵੀਜ਼ਾਂ ਨੂੰ ਡੱਕ ਚੁੱਕਾ ਹੈ।

Previous articleਮਾਓਵਾਦੀਆਂ ਦੇ ਹਮਲੇ ’ਚ 15 ਕਮਾਂਡੋ ਹਲਾਕ
Next articleਭਾਜਪਾ ਵੱਲੋਂ ਸੱਤ ‘ਆਪ’ ਵਿਧਾਇਕ ਖਰੀਦਣ ਦੀ ਕੋਸ਼ਿਸ਼: ਸਿਸੋਦੀਆ