ਇਨਕਲਾਬੀ ਗੀਤ-ਸੰਗੀਤ, ਕਵਿਤਾਵਾਂ, ਨਾਟਕ ਅਤੇ ਤਰਕਸ਼ੀਲ ਜਾਦੂ ਸ਼ੋਅ ਨੇ ਦਰਸ਼ਕ ਕੀਲੇ
ਰੋਪੜ (ਸਮਾਜ ਵੀਕਲੀ) (ਰਮੇਸ਼ਵਰ ਸਿੰਘ) – ਬੀਤੇ ਮੰਗਲਵਾਰ ਨੂੰ ਅੰਤਰ-ਰਾਸ਼ਟਰੀ ਇਨਕਲਾਬੀ ਮੰਚ ਵੱਲੋਂ ਪਿੰਡ ਪਪਰਾਲ਼ਾ ਵਿਖੇ ਕਰਵਾਇਆ ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸਮਾਗਮ ਅਮਿਟ ਪੈੜਾਂ ਪਾ ਗਿਆ। ਮੰਚ ਵੱਲੋਂ ਮੁੱਖ ਪ੍ਰਬੰਧਕ ਨਿਯੁਕਤ ਕੀਤੇ ਇੰਸਪੈਕਟਰ ਮੋਹਨ ਸਿੰਘ ਪਪਰਾਲ਼ਾ ਤੇ ਸਰਪੰਚ ਜਸਬੀਰ ਸਿੰਘ ਦੀ ਦੇਖ ਰੇਖ ਵਿੱਚ ਹੋਏ ਇਸ ਪ੍ਰੋਗਰਾਮ ਦਾ ਆਰੰਭ ਕ੍ਰਾਂਤੀ ਕਲਾ ਮੰਚ ਰੋਪੜ (ਨਿਰਦੇਸ਼ਕ ਅਰਵਿੰਦਰ ਰਾਜੂ) ਦੇ ਨਾਟਕ ਨਵੀਂ ਸਵੇਰ ਤੋਂ ਹੋਇਆ।
ਉਚੇਚੇ ਤੌਰ ‘ਤੇ ਪਹੁੰਚੇ ਤਹਿਸੀਲਦਾਰ ਕੁਲਦੀਪ ਸਿੰਘ ਨੇ ਨਸ਼ਿਆਂ ਖਿਲਾਫ਼ ਖੇਡੇ ਇਸ ਨਾਟਕ ਨੂੰ ਆਧਾਰ ਬਣਾ ਕੇ ਨੋਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਆਪ ਅਜਿਹੀਆਂ ਅਲਾਮਤਾਂ ਤੋਂ ਬਚਣ ਦੇ ਨਾਲ਼ ਨਾਲ਼ ਜਾਗਰੂਕਤਾ ਸਬੰਧੀ ਕੰਮ ਕਰ ਰਹੇ ਲੋਕਾਂ ਅਤੇ ਸੰਸਥਾਵਾਂ ਦਾ ਵੀ ਡਟ ਕੇ ਸਾਥ ਦੇਣ। ਪਿੰਡ ਦੇ ਬੱਚਿਆਂ ਨੇ ਸ਼ਬਦ ਗਾਇਨ ਅਤੇ ਕਵਿਤਾਵਾਂ ਨਾਲ਼ ਖੂਬ ਵਾਹ ਵਾਹ ਖੱਟੀ। ਪਿੰਡ ਦੇ ਬਲਾਕ ਪੱਧਰ ਤੋਂ ਉੱਪਰ ਪ੍ਰਾਪਤੀਆਂ ਕਰਨ ਵਾਲ਼ੇ ਬੱਚਿਆਂ ਸੋਹਿਲ, ਪ੍ਰੀਤੀ ਕੁਮਾਰੀ, ਫਰਮਾਨ ਤੇ ਸਾਹਿਲ ਨੂੰ ਮੁੱਖ ਮਹਿਮਾਨ ਦਵਿੰਦਰ ਸਿੰਘ ਜਟਾਣਾ ਸਾਬਕਾ ਡਾਇਰੈਕਟਰ ਸਟੇਟ ਬੈਂਕ ਆਫ਼ ਪਟਿਆਲਾ, ਰਣਬੀਰ ਕੌਰ ਬੱਲ ਯੂ.ਐੱਸ.ਏ. ਕੌਮਾਂਤਰੀ ਚੇਅਰਪਰਸਨ (ਮੰਚ) ਵੱਲੋਂ ਵਿਸ਼ੇਸ਼ ਹਾਜ਼ਰੀ ਲਵਾ ਰਹੇ ਉਹਨਾਂ ਦੇ ਭਾਣਜੇ ਮਨਜੋਧ ਸਿੰਘ ਅਤੇ ਪੰਚਾਇਤ ਵੱਲੋਂ ਖ਼ਾਸ ਤੌਰ ‘ਤੇ ਸਨਮਾਨਿਤ ਕੀਤਾ ਗਿਆ। ਇਸੇ ਦੌਰਾਨ ਗ੍ਰਾਮ ਪੰਚਾਇਤ ਵੱਲੋਂ ਰਣਬੀਰ ਕੌਰ ਬੱਲ ਦਾ ਵੀ ਮਨਜੋਧ ਰਾਹੀਂ ਖਾਸ ਤੌਰ ‘ਤੇ ਸਨਮਾਨ ਕੀਤਾ ਗਿਆ।
ਫਿਰ ਵਾਰੀ ਆਈ ਆਪਣੀਆਂ ਸਿਆਸੀ ਵਿਅੰਗਮਈ ਰਚਨਾਵਾਂ ਲਈ ਮਸ਼ਹੂਰ ਗੀਤਕਾਰ ਅਤੇ ਗਾਇਕ ਰੋਮੀ ਘੜਾਮੇਂ ਵਾਲ਼ੇ ਦੀ। ਜਿਸਨੇ ਹੋ ਰਹੀ ਹੈ ਬੱਸ ਜੈ ਜੈਕਾਰ, ਜੈ ਜੈਕਾਰ ਹੈ ਬਾਬਿਆਂ ਦੀ, ਜੁਮਲੇ ਲੈ ਲਉ ਜੁਮਲੇ ਵਰਗੇ ਸੋਲੋ ਗੀਤਾਂ ਨਾਲ਼ ਮਾਹੌਲ ਗਰਮਾ ਕੇ ਨਾਲ਼ ਦੀ ਨਾਲ਼ ਸੱਦ ਲਿਆ ਆਪਣੀ ਇਨਕਲਾਬੀ ਸਹਿ ਗਾਇਕਾ ਦਿਲਪ੍ਰੀਤ ਅਟਵਾਲ ਨੂੰ। ਜਿਸ ਨਾਲ਼ ਗਾਏ ਮੁੰਡਾ ਚੌਂਕੀਦਾਰ ਲੱਗਿਆ ਤੇ ਗੋਦੀ ਮੀਡੀਆ ਜਿਹੇ ਸੁਪਰਹਿੱਟ ਦੋਗਾਣਿਆਂ ਨਾਲ਼ ਸਮਾਗਮ ਜਿਵੇਂ ਸ਼ਿਖਰਾਂ ਨੂੰ ਛੋਹ ਗਿਆ ਤੇ ਬਿਨਾਂ ਕੋਈ ਬ੍ਰੇਕ ਲਿਆਂ ਬੁਲਾ ਲਿਆ ਆਪਣੇ ਭਤੀਜੇ ਅਰਨਮ ਨੂੰ ਤੇ ਛੋਹ ਲਿਆ ਪੁਆਧ, ਪੁਆਧੀ ਬੋਲੀ ਅਤੇ ਪੁਆਧੀ ਸੱਭਿਆਚਾਰ ਦੀ ਤਰਜਮਾਨੀ ਕਰਦਾ ਦੋਹਾਂ ਦਾ ਸਾਂਝਾ ਗੀਤ ਪੁਆਧੀਆਂ ਕੇ ਕਿਆ ਕੈਹਣੈ।
ਉਸ ਤੋਂ ਬਾਅਦ ਇਨਕਲਾਬੀ ਗਾਇਕ ਭੋਲਾ ਸੰਗਰਾਮੀ ਨੇ ਆਪਣੇ ਸ਼ਹੀਦ ਭਗਤ, ਊਧਮ ਸਿੰਘ, ਗਦਰੀ ਤੇ ਸਿੱਖ ਇਤਿਹਾਸ ਆਦਿ ਨਾਲ਼ ਸਬੰਧਤ ਬੀਰ ਰਸੀ ਗੀਤਾਂ ਨਾਲ਼ ਸਰੋਤਿਆਂ ਵਿੱਚ ਵੱਖਰਾ ਹੀ ਜੋਸ਼ ਭਰੀ ਰੱਖਿਆ। ਫਿਰ ਸੰਸਾਰ ਪ੍ਰਸਿੱਧ ਤਰਕਸ਼ੀਲ ਜਾਦੂਗਰ ਜਗਦੇਵ ਕੰਮੋਮਾਜਰਾ ਤੇ ਉਨ੍ਹਾਂ ਦੇ ਸਹਾਇਕਾਂ ਰੋਮੀ, ਕ੍ਰਿਸ਼ਮਾ, ਅੰਗਰੇਜ ਤੇ ਡਿੰਪਲ ਨੇ ਆਪਣੇ ਜਾਦੂਈ ਟ੍ਰਿੱਕਾਂ ਨਾਲ਼ ਦਰਸ਼ਕਾਂ ਨੂੰ ਸਾਹ ਤੱਕ ਰੋਕਣ ਲਈ ਮਜਬੂਰ ਕਰੀ ਰੱਖਿਆ। ਅੰਤ ਵਿੱਚ ਸਟੇਜ ਸੰਚਾਲਨ ਦੀ ਬਾਖੂਬ ਸੇਵਾ ਨਿਭਾ ਰਹੇ ਦਵਿੰਦਰ ਸਿੰਘ ਤੇ ਮੋਹਨ ਸਿੰਘ ਨੇ ਸਾਂਝੇ ਤੌਰ ‘ਤੇ ਪ੍ਰੋਗਰਾਮ ਨੂੰ ਸਫ਼ਲ ਵਿੱਚ ਯੋਗਦਾਨੀਆਂ ਦਾ ਸ਼ੁਕਰਾਨਾ ਕੀਤਾ।
ਇਸ ਮੌਕੇ ਮੰਚ ਦੇ ਕੌਮਾਂਤਰੀ ਕਾਨੂੰਨੀ ਸਲਾਹਕਾਰ ਐਡਵੋਕੇਟ ਸਤਨਾਮ ਸਿੰਘ, ਸੂਬਾ ਕਮੇਟੀ ਮੈਂਬਰ ਸੁਰਜੀਤ ਮੰਡ, ਸੂਬਾਈ ਸੀ. ਮੀ. ਪ੍ਰਧਾਨ ਜਸਵਿੰਦਰ ਕੌਰ ਸ਼ਾਹੀ, ਸੂਬਾਈ ਮੀਤ ਪ੍ਰਧਾਨ ਅੰਗਰੇਜ ਸਿੰਘ, ਸੂਬਾਈ ਕਾਨੂੰਨੀ ਸਲਾਹਕਾਰ ਐਡਵੋਕੇਟ ਨਰਿੰਦਰ ਸਿੰਘ, ਗ੍ਰਾਮ ਟੀਮ ਪਿੰਡ ਘੜਾਮਾਂ ਸਲਾਹਕਾਰ ਗੁਰਦਾਸ ਸਿੰਘ, ਹੈੱਡਮਿਸਟ੍ਰੈੱਸ ਹਰਪ੍ਰੀਤ ਕੌਰ ਅਤੇ ਬਲਵਿੰਦਰ ਕੌਰ ਪ੍ਰਧਾਨ ਮਹਿਲਾ ਮੰਡਲ (ਪਪਰਾਲ਼ਾ) ਵਿਸ਼ੇਸ਼ ਤੌਰ ‘ਤੇ ਹਾਜ਼ਰ ਹੋਏ।
ਕੌਮਾਂਤਰੀ ਪ੍ਰਧਾਨ ਰੁਪਿੰਦਰ ਜੋਧਾਂ ਜਾਪਾਨ, ਕੌਮਾਂਤਰੀ ਮੁੱਖ ਸਰਪ੍ਰਸਤ ਦਵਿੰਦਰ ਸਿੰਘ ਪੱਪੂ ਬੈਲਜ਼ੀਅਮ, ਕੌਮਾਂਤਰੀ ਜਰਨਲ ਸਕੱਤਰ ਬਲਿਹਾਰ ਸੰਧੂ ਅਸਟ੍ਰੇਲੀਆ, ਕੌਮਾਂਤਰੀ ਬੁਲਾਰੇ ਨਵਦੀਪ ਜੋਧਾਂ ਕੈਨੇਡਾ ਅਤੇ ਕੌਮਾਂਤਰੀ ਮੀਤ ਪ੍ਰਧਾਨ ਬਿੰਦਰ ਜਾਨ-ਏ-ਸਾਹਿਤ ਇਟਲੀ ਨੇ ਆਪਣੀ ਸਮੁੱਚੀ ਪ੍ਰਬੰਧਕ ਭਾਰਤੀ ਟੀਮ ਨੂੰ ਕਾਨਫਰੰਸ ਕਾਲ ‘ਤੇ ਸਮਾਗਮ ਦੀ ਸਫ਼ਲਤਾ ਲਈ ਸ਼ਾਬਾਸ਼ ਆਖਦਿਆਂ ਮੁਬਾਰਕਾਬਾਦ ਦਿੱਤੀ ਤੇ ਭਵਿੱਖ ਵਿੱਚ ਇੱਦਾਂ ਹੀ ਮਹਾਨ ਯੋਧਿਆਂ ਨੂੰ ਸਮਰਪਿਤ ਸਰਗਰਮੀਆਂ ਜਾਰੀ ਰੱਖਣ ਦਾ ਅਹਿਦ ਲਿਆ। ਜਿਕਰਯੋਗ ਹੈ ਕਿ ਅੱਜਕੱਲ੍ਹ ਅਮਰੀਕਾ ਦੇ ਸ਼ਹਿਰ ਯੂਨੀਅਨ ਸਿਟੀ ਵਿੱਚ ਰਹਿ ਰਹੇ ਸ਼੍ਰੀਮਤੀ ਬੱਲ ਲੰਮਾ ਸਮਾਂ ਪਪਰਾਲ਼ਾ ਦੇ ਨੇੜਲੇ ਪਿੰਡ ਰੈਲੋਂ ਦੇ ਸਕੂਲ ਵਿੱਚ ਅਧਿਆਪਨ ਦੀ ਸੇਵਾ ਨਿਭਾਉਂਦੇ ਰਹੇ ਹਨ। ਜਿਸ ਨੂੰ ਮੁੱਖ ਰੱਖਦਿਆਂ ਸਮੁੱਚੇ ਅੰਤਰ-ਰਾਸ਼ਟਰੀ ਇਨਕਲਾਬੀ ਮੰਚ ਪਰਿਵਾਰ ਦੀ ਦਿਲੀ ਤਮੰਨਾ ਸੀ ਕਿ ਆਪਣੇ ਬਾਦਸਤੂਰ ਚੱਲ ਰਹੇ ਸਮਾਗਮਾਂ ਵਿੱਚੋਂ ਇੱਕ ਇਸ ਇਲਾਕੇ ਵਿੱਚ ਕਰਵਾਇਆ ਜਾਵੇ।