ਮੁੰਬਈ (ਸਮਾਜਵੀਕਲੀ) :ਯਸ਼ ਰਾਜ ਫਿਲਮਜ਼ (ਵਾਈਆਰਐੱਫ) ਨੇ ਅੱਜ ਮੁੰਬਈ ਪੁਲੀਸ ਨੂੰ ਆਪਣੇ ਨਵੇਂ ਪ੍ਰੋਜੈਕਟਾਂ ਲਈ ਮਰਹੂਮ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੇ ਹਸਤਾਖ਼ਰਾਂ ਵਾਲੇ ਕਰਾਰ ਦੀਆਂ ਕਾਪੀਆਂ ਸੌਂਪੀਆਂ। ਅਦਾਕਾਰ ਨੇ ਪਿਛਲੇ ਐਤਵਾਰ ਆਪਣੇ ਬਾਂਦਰਾ ਸਥਿਤ ਅਪਾਰਟਮੈਂਟ ਵਿੱਚ ਖੁਦਕੁਸ਼ੀ ਕਰ ਲਈ ਸੀ ਅਤੇ ਪੁਲੀਸ ਅਨੁਸਾਰ ਮੌਕੇ ਤੋਂ ਕੋਈ ਖ਼ੁਦਕੁਸ਼ੀ ਨੋਟ ਬਰਾਮਦ ਨਹੀਂ ਹੋਇਆ ਸੀ।
ਪੁਲੀਸ ਅਧਿਕਾਰੀ ਨੇ ਦੱਸਿਆ ਕਿ ਬਾਂਦਰਾ ਪੁਲੀਸ ਨੇ 18 ਜੂਨ ਨੂੰ ਯਸ਼ ਰਾਜ ਫਿਲਮਜ਼ ਨੂੰ ਪੱਤਰ ਭੇਜ ਕੇ ਸੁਸ਼ਾਂਤ ਨਾਲ ਕੀਤੇ ਕਰਾਰ ਦੀਆਂ ਕਾਪੀਆਂ ਮੰਗੀਆਂ ਸਨ। ਪੁਲੀਸ ਅਨੁਸਾਰ ਜਾਂਚ ਅਧਿਕਾਰੀਆਂ ਨੂੰ ਵਾਈਆਰਐੱਫ ਤੋਂ ਕੰਟਰਕੈਟ ਦੀਆਂ ਕਾਪੀਆਂ ਮਿਲ ਗਈਆਂ ਹਨ, ਜਿਸ ’ਤੇ ਸੁਸ਼ਾਂਤ ਦੇ ਹਸਤਾਖ਼ਰ ਹਨ।
ਪੁਲੀਸ ਅਨੁਸਾਰ ਸੁਸ਼ਾਤ ਦੀ ਮਹਿਲਾ ਮਿੱਤਰ ਰੀਆ ਚੱਕਰਬਰਤੀ ਨੇ ਜਾਂਚਕਰਤਾਵਾਂ ਨੂੰ ਦੱਸਿਆ ਸੀ ਕਿ ਅਦਾਕਾਰ ਨੇ ਯਸ਼ ਰਾਜ ਫਿਲਮਜ਼ ਨਾਲ ਆਪਣਾ ਕੰਟਰਕੈਟ ਖ਼ਤਮ ਕਰ ਦਿੱਤਾ ਸੀ ਅਤੇ ਊਸ ਨੂੰ ਵੀ ਇਸ ਬੈਨਰ ਨਾਲ ਕੰਮ ਨਾ ਕਰਨ ਲਈ ਆਖਿਆ ਸੀ। ਸੁਸ਼ਾਂਤ ਨੇ ਵਾਈਆਰਐੱਫ ਬੈਨਰ ਦੀਆਂ ਦੋ ਫਿਲਮਾਂ ‘ਸ਼ੁੱਧ ਦੇਸੀ ਰੋਮਾਂਸ’ (2013) ਅਤੇ ‘ਡਿਟੈਕਟਿਵ ਬਿਯੋਮਕੇਸ਼ ਬਕਸ਼ੀ!’ (2015) ਵਿੱਚ ਕੰਮ ਕੀਤਾ ਸੀ। ਬੈਨਰ ਨਾਲ ਊਸ ਨੇ ਤੀਜੀ ਫਿਲਮ ‘ਪਾਣੀ’ ਸਾਈਨ ਕੀਤੀ ਸੀ ਪਰ ਰਿਪੋਰਟਾਂ ਅਨੁਸਾਰ ਵਾਈਆਰਐੱਫ ਨੇ ਇਹ ਪ੍ਰੋਜੈਕਟ ਛੱਡ ਦਿੱਤਾ ਸੀ।