* ਫਲੋਰ ਟੈਸਟ ਬਾਰੇ ਸਪੀਕਰ ਵੱਲੋਂ ਅੱਜ ਸੁਣਾਇਆ ਜਾ ਸਕਦਾ ਹੈ ਫ਼ੈਸਲਾ
* ਕਾਂਗਰਸ ਦੇ ਵਿਧਾਇਕ ਰਾਜਸਥਾਨ ਤੋਂ ਭੁਪਾਲ ਪਹੁੰਚੇ
ਭੁਪਾਲ– ਮੱਧ ਪ੍ਰਦੇਸ਼ ਦੇ ਸਪੀਕਰ ਐੱਨਪੀ ਪ੍ਰਜਾਪਤੀ ਨੇ ਅੱਜ ਸੂਬੇ ਦੀ ਵਿਧਾਨ ਸਭਾ ਲਈ 16 ਮਾਰਚ ਨੂੰ ਫਲੋਰ ਟੈਸਟ ਹੋਵੇਗਾ ਜਾਂ ਨਹੀਂ, ਬਾਰੇ ਕੋਈ ਫ਼ੈਸਲਾ ਸੁਣਾਉਣ ਤੋਂ ਇਨਕਾਰ ਕਰਦਿਆਂ ਕਿਹਾ ਕਿ ਉਹ ਇਸ ਸਬੰਧੀ ਫ਼ੈਸਲਾ ਭਲਕੇ ਸੁਣਾਉਣਗੇ। ਹੁਣ ਸਭ ਤੀਆਂ ਨਜ਼ਰਾਂ ਪ੍ਰਜਾਪਤੀ ਵੱਲ ਹਨ ਕਿ ਉਹ ਭਲਕੇ ਫਲੋਰ ਟੈਸਟ ਬਾਰੇ ਇਜਾਜ਼ਤ ਦਿੰਦੇ ਹਨ ਜਾਂ ਨਹੀਂ ਕਿਉਂਕਿ ਭਲਕੇ 16 ਮਾਰਚ ਨੂੰ ਬਜਟ ਸੈਸ਼ਨ ਦਾ ਪਹਿਲਾ ਦਿਨ ਵੀ ਹੈ। ਉਧਰ ਸੂਰਤਾਂ ਅਨੁਸਾਰ ਮੱਧ ਪ੍ਰਦੇਸ਼ ਵਿਧਾਨ ਸਭਾ ’ਚ ਭਲਕੇ ਸਿਰਫ ਰਾਜਪਾਲ ਦਾ ਭਾਸ਼ਨ ਹੋ ਸਕਦਾ ਹੈ। ਪੱਤਰਕਾਰਾਂ ਨੂੰ ਪ੍ਰਜਾਪਤੀ ਨੇ ਕਿਹਾ, ‘ਇਸ ਬਾਰੇ ਭਲਕੇ ਪਤਾ ਲੱਗੇਗਾ।’ ਉਨ੍ਹਾਂ ਕਿਹਾ, ‘ਮੈਂ ਕੱਲ੍ਹ ਵੀ ਕਿਹਾ ਸੀ ਕਿ ਮੈਂ ਇਸ ਸਬੰਧੀ ਕੋਈ ਫ਼ੈਸਲਾ ਕਰਾਂਗਾ, ਪਰ ਇਸ ਬਾਰੇ ਪਹਿਲਾਂ ਹੀ ਤੈਅ ਨਹੀਂ ਕੀਤਾ ਜਾ ਸਕਦਾ। ਇਹ ਨ੍ਹੇਰੇ ’ਚ ਤੀਰ ਮਾਰਨ ਵਰਗਾ ਹੋਵੇਗਾ। ਮੈਂ ਇਸ ਮਾਮਲੇ ’ਚ ਕੋਈ ਧਿਰ ਨਹੀਂ ਬਣਨਾ ਚਾਹੁੰਦਾ। ਇਸ ਲਈ ਮੈਂ ਆਪਣਾ ਫ਼ੈਸਲਾ ਭਲਕੇ ਸੁਣਾਵਾਂਗਾ।’ ਸੂਬੇ ਦੇ ਰਾਜਪਾਲ ਵੱਲੋਂ ਸ਼ਕਤੀ ਪ੍ਰਦਰਸ਼ਨ ਦੀ ਹਦਾਇਤ ਕੀਤੇ ਜਾਣ ਮਗਰੋਂ ਮੁੱਖ ਮੰਤਰੀ ਨੇ ਅੱਜ ਪਾਰਟੀ ਦੀ ਮੀਟਿੰਗ ਸੱਦੀ ਸੀ, ਜਿਸ ’ਚ ਵਿਧਾਇਕਾਂ ਨੇ ਫਲੋਰ ਟੈਸਟ ਕਰਵਾਉਣ ਸਬੰਧੀ ਸਾਰੇ ਅਧਿਕਾਰ ਕਮਲ ਨਾਥ ਨੂੰ ਦੇ ਦਿੱਤੇ ਹਨ।
ਇਸੇ ਦੌਰਾਨ ਅੱਜ ਭਾਜਪਾ ਆਗੂਆਂ ਨੇ ਰਾਜਪਾਲ ਲਾਲਜੀ ਟੰਡਨ ਨਾਲ ਮੁਲਾਕਾਤ ਕਰਕੇ ਮੰਗ ਕੀਤੀ ਕਿ ਵਿਧਾਨ ਸਭਾ ’ਚ ਈ-ਵੋਟਿੰਗ ਸਿਸਟਮ ਕੰਮ ਨਾ ਕਰਨ ਦੀ ਸਥਿਤੀ ’ਚ ਸ਼ਕਤੀ ਪ੍ਰਦਰਸ਼ਨ ਦੌਰਾਨ ਵੋਟਿੰਗ ਹੱਥ ਚੁੱਕ ਕੇ ਕਰਨ ਦਾ ਪ੍ਰਬੰਧ ਕੀਤਾ ਜਾਵੇ। ਦੂਜੇ ਪਾਸੇ ਮੱਧ ਪ੍ਰਦੇਸ਼ ਭਾਜਪਾ ਦੇ ਮੁਖੀ ਤੇ ਵਿਧਾਇਕ ਨਰੋਤਮ ਮਿਸ਼ਰਾ ਨੇ ਪਾਰਟੀ ਦੇ ਸਾਰੇ ਵਿਧਾਇਕਾਂ ਨੂੰ ਵ੍ਹਿਪ ਜਾਰੀ ਕਰਦਿਆਂ ਨਿਰਦੇਸ਼ ਦਿੱਤੇ ਹਨ ਕਿ ਉਹ ਸਾਰੇ ਭਲਕੇ ਵਿਧਾਨ ਸਭਾ ਦੇ ਸੈਸ਼ਨ ਦੌਰਾਨ ਹਾਜ਼ਰ ਰਹਿਣ ਤੇ ਭਰੋਸੇ ਦੀ ਵੋਟ ਮੌਕੇ ਪਾਰਟੀ ਦੇ ਹੱਕ ’ਚ ਭੁਗਤਣ।
ਇਸੇ ਦੌਰਾਨ ਬਜਟ ਸੈਸ਼ਨ ਤੋਂ ਇਕ ਦਿਨ ਪਹਿਲਾਂ ਅੱਜ ਜੈਪੁਰ ’ਚ ਠਹਿਰੇ ਹੋਏ ਕਾਂਗਰਸ ਵਿਧਾਇਕ ਭੁਪਾਲ ਪਹੁੰਚ ਗਏ ਹਨ। ਬੀਤੀ ਰਾਤ ਸੂਬੇ ਦੇ ਰਾਜਪਾਲ ਲਾਲਜੀ ਟੰਡਨ ਨੇ ਮੁੱਖ ਮੰਤਰੀ ਕਲਮ ਨਾਥ ਨੂੰ 16 ਮਾਰਚ ਨੂੰ ਭਰੋਸੇ ਦੀ ਵੋਟ ਸਾਬਤ ਕਰਨ ਦੇ ਨਿਰਦੇਸ਼ ਦਿੱਤੇ ਸਨ। ਕਾਂਗਰਸ ਵਿਧਾਇਕਾਂ ਨੇ ਦੱਸਿਆ ਕਿ ਪਾਰਟੀ ਦੇ ਵਿਧਾਇਕ ਰਾਜਸਥਾਨ ਤੋਂ ਵਾਪਸ ਆ ਗਏ ਹਨ। ਉੱਧਰ ਵਿਧਾਨ ਸਭਾ ਦੇ ਸੂਤਰਾਂ ਨੇ ਦੱਸਿਆ ਕਿ ਰਾਜਪਾਲ ਦੀ ਹਦਾਇਤ ਮਗਰੋਂ ਭਲਕੇ ਵਿਧਾਨ ਸਭਾ ਦੇ ਸਪੀਕਰ ਫਲੋਰ ਟੈਸਟ ਕਰਵਾ ਸਕਦੇ ਹਨ। ਇਸੇ ਦੌਰਾਨ ਮੱਧ ਪ੍ਰਦੇਸ਼ ਦੇ ਲੋਕ ਸੰਪਰਕ ਮੰਤਰੀ ਪੀਸੀ ਸ਼ਰਮਾ ਨੇ ਕਿਹਾ ਕਿ ਕਰੋਨਾਵਾਇਰਸ ਦੇ ਵੱਧ ਰਹੇ ਪ੍ਰਭਾਵ ਦੇ ਮੱਦੇਨਜ਼ਰ ਜੈਪੁਰ, ਮਾਨੇਸਰ ਤੇ ਬੰਗਲੂਰੂ ਤੋਂ ਆਏ ਸਾਰੇ ਭਾਜਪਾ ਤੇ ਕਾਂਗਰਸ ਦੇ ਵਿਧਾਇਕਾਂ ਦੀ ਮੈਡੀਕਲ ਜਾਂਚ ਕੀਤੀ ਜਾਵੇਗੀ। ਦੂਜ ਪਾਸੇ ਕਾਂਗਰਸ ਦੇ 22 ਬਾਗੀ ਵਿਧਾਇਕਾਂ ’ਚੋਂ 6 ਵਿਧਾਇਕਾਂ ਦੇ ਅਸਤੀਫ਼ੇ ਪ੍ਰਵਾਨ ਕਰ ਲਏ ਜਾਣ ਤੋਂ ਬਾਅਦ ਅੱਜ ਬਾਕੀ ਬਚੇ 16 ਵਿਧਾਇਕਾਂ ਨੇ ਸਪੀਕਰ ਐੱਨਪੀ ਪ੍ਰਜਾਪਤੀ ਨੂੰ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਉਨ੍ਹਾਂ ਦੇ ਅਸਤੀਫੇ ਵੀ ਪ੍ਰਵਾਨ ਕੀਤੇ ਜਾਣ। ਉਨ੍ਹਾਂ ਪੱਤਰ ’ਚ ਲਿਖਿਆ ਕਿ ਸੂਬੇ ’ਚ ਅਮਨ ਤੇ ਕਾਨੂੰਨ ਦੀ ਵਿਗੜੀ ਸਥਿਤੀ ਕਾਰਨ ਉਹ ਨਿੱਜੀ ਤੌਰ ’ਤੇ ਪੇਸ਼ ਨਹੀਂ ਹੋ ਸਕਦੇ।