ਮੱਧ ਪ੍ਰਦੇਸ਼: ਸਪੀਕਰ ਨੇ 16 ਵਿਧਾਇਕਾਂ ਦੇ ਅਸਤੀਫ਼ੇ ਪ੍ਰਵਾਨ ਕੀਤੇ

ਮੱਧ ਪ੍ਰਦੇਸ਼ ਵਿੱਚ ਜਾਰੀ ਸਿਆਸੀ ਸੰਕਟ ਦਰਮਿਆਨ ਵੀਰਵਾਰ ਦੇਰ ਰਾਤ ਸੂਬਾਈ ਅਸੈਂਬਲੀ ਦੇ ਸਪੀਕਰ ਐੱਨ.ਪੀ.ਪ੍ਰਜਾਪਤੀ ਨੇ ਸਾਬਕਾ ਕਾਂਗਰਸੀ ਆਗੂ ਜਿਓਤਿਰਦਿੱਤਿਆ ਸਿੰਧੀਆ ਦੇ ਹਮਾਇਤੀ 16 ਵਿਧਾਇਕਾਂ ਦੇ ਅਸਤੀਫ਼ੇ ਪ੍ਰਵਾਨ ਕਰ ਲਏ ਹਨ। ਇਸ ਤੋਂ ਪਹਿਲਾਂ ਅੱਜ ਦਿਨੇ ਸੁਪਰੀਮ ਕੋਰਟ ਨੇ ਸਪੀਕਰ ਨੂੰ ਤਾਕੀਦ ਕੀਤੀ ਸੀ ਕਿ ਉਹ ਅਸੈਂਬਲੀ ਦਾ ਵਿਸ਼ੇਸ਼ ਇਜਲਾਸ ਸੱਦ ਕੇ ਸ਼ੁੱਕਰਵਾਰ ਸ਼ਾਮ ਪੰਜ ਵਜੇ ਤਕ ਭਰੋਸੇ ਦਾ ਵੋਟ ਹਾਸਲ ਕਰਨ ਦੇ ਅਮਲ ਨੂੰ ਮੁਕੰਮਲ ਕਰਨ। ਜਿਨ੍ਹਾਂ 16 ਵਿਧਾਇਕਾਂ ਦੇ ਅਸਤੀਫ਼ੇ ਪ੍ਰਵਾਨ ਕੀਤੇ ਗਏ ਹਨ, ਉਹ ਸਾਰੇ ਬੰਗਲੌਰ ਦੇ ਰਿਜ਼ੌਰਟ ’ਚ ਠਹਿਰੇ ਹੋਏ ਹਨ। ਸਪੀਕਰ ਨੇ ਕਿਹਾ ਕਿ ਇਨ੍ਹਾਂ ਵਿਧਾਇਕਾਂ ਨੂੰ ਪੇਸ਼ ਹੋਣ ਲਈ ਦੋ ਮੌਕੇ ਦਿੱਤੇ ਗਏ ਸਨ, ਪਰ ਉਹ ਪੇਸ਼ ਨਹੀਂ ਹੋਏ। ਸਪੀਕਰ ਛੇ ਕਾਂਗਰਸੀ ਵਿਧਾਇਕਾਂ ਦੇ ਅਸਤੀਫ਼ੇ ਪਹਿਲਾਂ ਹੀ ਸਵੀਕਾਰ ਕਰ ਚੁੱਕੇ ਹਨ। ਇਸ ਦੌਰਾਨ ਸਿਆਸੀ ਹਲਕਿਆਂ ਮੁਤਾਬਕ ਮੁੱਖ ਮੰਤਰੀ ਕਮਲ ਨਾਥ ਭਲਕੇ ਭਰੋਸੇ ਦੀ ਵੋਟ ਤੋਂ ਪਹਿਲਾਂ ਕੋਈ ਵੱਡਾ ਐਲਾਨ ਕਰ ਸਕਦੇ ਹਨ। ਜਸਟਿਸ ਡੀ.ਵਾਈ. ਚੰਦਰਚੂੜ ਦੀ ਅਗਵਾਈ ਵਾਲੇ ਬੈਂਚ ਨੇ ਵਿਧਾਨ ਸਭਾ ਦੀ ਕਾਰਵਾਈ ਦੀ ਵੀਡੀਓ ਰਿਕਾਰਡਿੰਗ ਅਤੇ ਲਾਈਵ ਸਟਰੀਮਿੰਗ (ਜੇਕਰ ਸੰਭਵ ਹੋਵੇ) ਕਰਨ ਦਾ ਵੀ ਆਦੇਸ਼ ਦਿੱਤਾ ਹੈ। ਜਸਟਿਸ ਹੇਮੰਤ ਗੁਪਤਾ ਦੀ ਵੀ ਸ਼ਮੂਲੀਅਤ ਵਾਲੇ ਇਸ ਬੈਂਚ ਨੇ ਮੱਧ ਪ੍ਰਦੇਸ਼ ਅਤੇ ਕਰਨਾਟਕ ਦੇ ਪੁਲੀਸ ਮੁਖੀਆਂ ਨੂੰ ਆਦੇਸ਼ ਦਿੱਤੇ ਹਨ ਕਿ ਜੇਕਰ ਕਾਂਗਰਸ ਦੇ 16 ਬਾਗੀ ਵਿਧਾਇਕ ਵਿਸ਼ਵਾਸ ਮਤ ਲਈ ਵਿਧਾਨ ਸਭਾ ਵਿੱਚ ਹਾਜ਼ਰ ਹੋਣਾ ਚਾਹੁੰਦੇ ਹਨ ਤਾਂ ਉਨ੍ਹਾਂ ਨੂੰ ਸੁਰੱਖਿਆ ਦਿੱਤੀ ਜਾਵੇ। ਬੈਂਚ ਨੇ ਇਹ ਵੀ ਆਦੇਸ਼ ਦਿੱਤਾ ਕਿ ਵਿਧਾਨ ਸਭਾ ਦਾ ਕੇਵਲ ਇੱਕੋ-ਇੱਕ ਏਜੰਡਾ ਵਿਸ਼ਵਾਸ ਮਤੇ ਦਾ ਹੋਵੇਗਾ ਅਤੇ ਕਿਸੇ ਵਲੋਂ ਵੀ ਕੋਈ ਵਿਘਨ ਨਹੀਂ ਪਾਇਆ ਜਾਵੇਗਾ। ਉਨ੍ਹਾਂ ਵਿਧਾਨ ਸਭਾ ਦੇ ਸਕੱਤਰ ਨੂੰ ਅਮਨ-ਕਾਨੂੰਨ ਦੀ ਉਲੰਘਣਾ ਨਾ ਹੋਣਾ ਯਕੀਨੀ ਬਣਾਉਣ ਲਈ ਆਖਿਆ ਹੈ। ਪਹਿਲਾਂ ਦਿਨ ਵੇਲੇ ਸਿਖਰਲੀ ਅਦਾਲਤ ਨੇ ਸੁਝਾਅ ਦਿੱਤਾ ਸੀ ਕਿ ਸਪੀਕਰ ਵਲੋਂ ਵੀਡੀਓ ਲਿੰਕ ਜ਼ਰੀਏ ਬਾਗੀ ਕਾਂਗਰਸੀ ਵਿਧਾਇਕਾਂ ਨਾਲ ਗੱਲਬਾਤ ਕੀਤੀ ਜਾਵੇ। ਸਪੀਕਰ ਨੇ ਇਸ ਪ੍ਰਸਤਾਵ ਨੂੰ ਮੰਨਣ ਤੋਂ ਇਨਕਾਰ ਕੀਤਾ ਸੀ।

Previous articleਪੰਜਾਬ ਵਿੱਚ ਕਰੋਨਾਵਾਇਰਸ ਨਾਲ ਇਕ ਮੌਤ
Next articleਸਿਹਤਮੰਦ ਤੇ ਸਾਵਧਾਨ ਰਹਿ ਕੇ ਦਿਓ ਕਰੋਨਾਵਾਇਰਸ ਨੂੰ ਟੱਕਰ: ਮਾਹਿਰ