ਮੱਧ ਪ੍ਰਦੇਸ਼ ਦੇ ਸਿੰਗਰੌਲੀ ਜ਼ਿਲ੍ਹੇ ਵਿੱਚ ਅੱਜ ਵੱਡੇ ਤੜਕੇ ਦੋ ਮਾਲ ਗੱਡੀਆਂ ਦੀਆਂ ਹੋਈ ਆਹਮੋ-ਸਾਹਮਣੀ ਟੱਕਰ ਵਿੱਚ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ। ਪੀੜਤਾਂ ਦੀ ਅਜੇ ਤਕ ਸ਼ਨਾਖਤ ਨਹੀਂ ਹੋਈ, ਪਰ ਸ਼ੁਰੂਆਤੀ ਜਾਂਚ ਵਿੱਚ ਇਹ ਦੋਵਾਂ ਗੱਡੀਆਂ ਦੇ ਡਰਾਈਵਰਾਂ ਤੇ ਪੁਆਇੰਟਸ-ਮੈਨ ਦੀਆਂ ਦੇਹਾਂ ਜਾਪਦੀਆਂ ਹਨ। ਟੱਕਰ ਇੰਨੀ ਜ਼ਬਰਦਸਤ ਸੀ ਕਿ ਇਕ ਮਾਲ ਗੱਡੀ ਦੀਆਂ 13 ਬੋਗੀਆਂ ਤੇ ਇੰਜਣ ਲੀਹੋਂ ਲੱਥ ਗਏ। ਹੁਣ ਤਕ ਇੰਜਣ ’ਚੋਂ ਤਿੰਨ ਦੇਹਾਂ ਕੱਢੀਆਂ ਗਈਆਂ ਹਨ। ਸਿੰਗਰੌਲੀ ਦੇ ਵਧੀਕ ਐੱਸਪੀ ਪ੍ਰਦੀਪ ਸ਼ਿੰਦੇ ਨੇ ਦੱਸਿਆ ਕਿ ਹਾਦਸਾ ਅੱਜ ਤੜਕੇ 4:40 ਵਜੇ ਦੇ ਕਰੀਬ ਵਾਪਰਿਆ। ਇਨ੍ਹਾਂ ਵਿੱਚ ਇਕ ਮਾਲ ਗੱਡੀ, ਜਿਸ ਵਿੱਚ ਕੋਲਾ ਲੱਦਿਆ ਸੀ, ਮੱਧ ਪ੍ਰਦੇਸ਼ ਦੀ ਅਮਲੋਰੀ ਖਾਣ ਤੋਂ ਆ ਰਹੀ ਸੀ। ਗੱਡੀ ਦੀ ਗਨਹਾਰੀ ਪਿੰੰਡ ਨਜ਼ਦੀਕ ਇਹਦੀ ਦੂਜੇ ਪਾਸਿਓਂ ਆ ਰਹੀ ਖਾਲੀ ਮਾਲਗੱਡੀ ਨਾਲ ਸਿੱਧੀ ਟੱਕਰ ਹੋ ਗਈ। ਸ਼ੁਰੂਆਤੀ ਜਾਂਚ ਵਿੱਚ ਇਹ ਡਰਾਈਵਰਾਂ ਦੀ ਗਲਤੀ ਜਾਂ ਫਿਰ ਗਲਤ ਸਿਗਨਲ ਕਰਕੇ ਹੋਇਆ ਹਾਦਸਾ ਜਾਪਦਾ ਹੈ।
INDIA ਮੱਧ ਪ੍ਰਦੇਸ਼ ’ਚ ਮਾਲ ਗੱਡੀਆਂ ਦੀ ਸਿੱਧੀ ਟੱਕਰ, ਤਿੰਨ ਮੌਤਾਂ