ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਕਮਲਨਾਥ ਨੇ ਕਿਹਾ ਹੈ ਕਿ ਉਹ ਵਿਧਾਨ ਸਭਾ ’ਚ ਬਹੁਮੱਤ ਸਾਬਤ ਕਰਨ ਲਈ ਤਿਆਰ ਹਨ। ਉਨ੍ਹਾਂ ਭਾਜਪਾ ’ਤੇ ਦੋਸ਼ ਲਾਇਆ ਕਿ ਕਾਂਗਰਸ ਦੇ 22 ਵਿਧਾਇਕਾਂ ਨੂੰ ਪਾਰਟੀ ਨੇ ਬੰਦੀ ਬਣਾਇਆ ਹੋਇਆ ਹੈ। ਉਨ੍ਹਾਂ ਕਿਹਾ ਕਿ ਉਹ ਵਿਧਾਨ ਸਭਾ ’ਚ ਬਹੁਮੱਤ ਸਾਬਤ ਕਰਨ ਦਾ ਸਵਾਗਤ ਕਰਨਗੇ, ਜਿਸ ਦਾ ਬਜਟ ਇਜਲਾਸ 16 ਮਾਰਚ ਤੋਂ ਸ਼ੁਰੂ ਹੋਣ ਜਾ ਰਿਹਾ ਹੈ। ਮੁੱਖ ਮੰਤਰੀ ਨੇ ਇਹ ਬਿਆਨ ਇਥੇ ਰਾਜਪਾਲ ਲਾਲਜੀ ਟੰਡਨ ਨਾਲ ਮੁਲਾਕਾਤ ਮਗਰੋਂ ਦਿੱਤਾ। ਕਾਂਗਰਸ ਦੇ ਇਕ ਧੜੇ ਵੱਲੋਂ ਬਗਾਵਤ ਕੀਤੇ ਜਾਣ ਮਗਰੋਂ ਮੱਧ ਪ੍ਰਦੇਸ਼ ਸਰਕਾਰ ’ਤੇ ਛਾਏ ਸੰਕਟ ਬਾਅਦ ਰਾਜਪਾਲ ਨਾਲ ਕਮਲਨਾਥ ਦੀ ਇਹ ਪਹਿਲੀ ਮੁਲਾਕਾਤ ਸੀ। ਉਨ੍ਹਾਂ ਰਾਜਪਾਲ ਨੂੰ ਤਿੰਨ ਸਫ਼ਿਆਂ ਦਾ ਪੱਤਰ ਵੀ ਸੌਂਪਿਆ ਜਿਸ ’ਚ ਦੋਸ਼ ਲਾਇਆ ਕਿ ਭਾਜਪਾ ਖ਼ਰੀਦੋ-ਫਰੋਖ਼ਤ ’ਚ ਸ਼ਾਮਲ ਹੈ ਅਤੇ ਉਸ ਨੇ ਕਾਂਗਰਸ ਦੇ ਬਾਗ਼ੀ ਵਿਧਾਇਕਾਂ ਨੂੰ ਜਬਰੀ ਬੰਦੀ ਬਣਾ ਕੇ ਰੱਖਿਆ ਹੋਇਆ ਹੈ। ਉਂਜ ਵਿਰੋਧੀ ਧਿਰ ਭਾਜਪਾ ਵੱਲੋਂ ਕਾਂਗਰਸ ਦੇ ਦੋਸ਼ਾਂ ਤੋਂ ਲਗਾਤਾਰ ਇਨਕਾਰ ਕੀਤਾ ਜਾ ਰਿਹਾ ਹੈ।
ਰਾਜਪਾਲ ਨਾਲ ਕਰੀਬ ਅੱਧੇ ਘੰਟੇ ਦੀ ਮੁਲਾਕਾਤ ਮਗਰੋਂ ਕਮਲਨਾਥ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਨ੍ਹਾਂ ਵਿਧਾਇਕਾਂ ਦੀ ਤੁਰੰਤ ਰਿਹਾਈ ਲਈ ਰਾਜਪਾਲ ਨੂੰ ਦਖ਼ਲ ਦੇਣ ਦੀ ਮੰਗ ਕੀਤੀ ਹੈ ਅਤੇ ਫਲੋਰ ਟੈਸਟ ਕਿਸੇ ਵੀ ਸਮੇਂ ਹੋ ਸਕਦਾ ਹੈ। ਪੱਤਰ ’ਚ ਉਨ੍ਹਾਂ ਕਾਂਗਰਸ ਦੇ 19 ਵਿਧਾਇਕਾਂ ਵੱਲੋਂ ਦਿੱਤੇ ਗਏ ਅਸਤੀਫ਼ਿਆਂ ਦੀ ਜਾਂਚ ਵੀ ਮੰਗੀ ਹੈ ਕਿਉਂਕਿ ਇਹ ਭਾਜਪਾ ਆਗੂਆਂ ਵੱਲੋਂ ਜਮ੍ਹਾਂ ਕਰਵਾਏ ਗਏ ਹਨ। ਉਨ੍ਹਾਂ 3 ਮਾਰਚ ਤੋਂ 10 ਮਾਰਚ ਤਕ ਵਾਪਰੇ ਘਟਨਾਕ੍ਰਮ ਦੌਰਾਨ ਵਾਪਰੀਆਂ ਖ਼ਰੀਦੋ-ਫਰੋਖ਼ਤ ਦੀਆਂ ਘਟਨਾਵਾਂ ਦਾ ਵੀ ਜ਼ਿਕਰ ਕੀਤਾ ਹੈ। ਉਨ੍ਹਾਂ ਮੱਧ ਪ੍ਰਦੇਸ਼ ਦੇ ਮੰਤਰੀਆਂ ਜੀਤੂ ਪਟਵਾਰੀ ਅਤੇ ਲਖਨ ਸਿੰਘ ਦੀ ਬੰਗਲੂਰੂ ’ਚ ਪੁਲੀਸ ਵੱਲੋਂ ਕੀਤੀ ਗਈ ਧੱਕਾ-ਮੁੱਕੀ ਦਾ ਜ਼ਿਕਰ ਵੀ ਕੀਤਾ ਹੈ ਜੋ ਕਾਂਗਰਸ ਵਿਧਾਇਕ ਮਨੋਜ ਚੌਧਰੀ ਨੂੰ ਉਥੇ ਮਿਲਣ ਗਏ ਸਨ। ਕਮਲਨਾਥ ਨੇ ਕਿਹਾ ਕਿ ਅਜਿਹੇ ਹਾਲਾਤ ’ਚ ਲੋਕਤੰਤਰ ਖ਼ਤਰੇ ’ਚ ਹੈ।
INDIA ਮੱਧ ਪ੍ਰਦੇਸ਼: ਕਮਲ ਨਾਥ ਬਹੁਮੱਤ ਸਾਬਤ ਕਰਨ ਲਈ ਤਿਆਰ