ਪੇਸ਼ਕਸ਼:- ਅਮਰਜੀਤ ਚੰਦਰ, ਲੁਧਿਆਣਾ
ਧਰਮ ਨੂੰ ਲੈ ਕੇ ਸਾਡੇ ਦੇਸ਼ ਵਿਚ ਤਰ੍ਹਾਂ-ਤਰ੍ਹਾਂ ਦੇ ਅਨੁਮਾਨ ਲਗਾਏ ਜਾ ਰਹੇ ਹਨ। ਦੇਸ਼ ਵਿਚ ਬਹੁਤ ਸਾਰੇ ਐਸੇ ਮੰਦਰ ਵੀ ਹਨ ਜਿੱਥੇ ਔਰਤਾ ਦੇ ਜਾਣ ਦੀ ਮਨਾਹੀ ਹੁੰਦੀ ਹੈ, ਜਿੰਨਾਂ ਵਿਚੋ ਸਬਰੀਮਾਲਾ ਮੰਦਰ ਇਕ ਹੈ। ਇਸ ਦੇ ਚਲਦੇ ਦੱਖਣ ਭਾਰਤ ਵਿਚ ਇਕ ਮੰਦਰ ਐਸਾ ਵੀ ਹੈ ਜਿੱਥੇ ਮੰਦਰ ਵਿਚ ਜਾਣ ਅਤੇ ਪੂਜਾ ਕਰਨ ਦੇ ਲਈ ਮਰਦ ਨੂੰ ਔਰਤਾਂ ਵਾਲੇ ਕਪੜੇ ਪਹਿਨਣੇ ਪੈਦੇ ਹਨ। ਜੇਕਰ ਕਿਸੇ ਮਰਦ ਨੇ ਇਹ ਕਰਨ ਤੋਂ ਨਾਂਹ ਕਰ ਦਿੱਤੀ ਤਾਂ ਉਹ ਮੰਦਰ ਦੇ ਅੰਦਰ ਨਹੀ ਜਾ ਸਕਦਾ, ਪੂਜਾ ਕਰਨ ਦੀ ਤਾਂ ਬਹੁਤ ਦੂਰ ਦੀ ਗੱਲ ਹੈ।
ਇਸ ਮੰਦਰ ਵਿਚ ਜਾਣ ਤੇ ਔਰਤਾਂ ਤੇ ਖੁਸਰਿਆਂ ਨੂੰ ਵੀ ਕੋਈ ਰੋਕ ਨਹੀ ਹੈ, ਪਰ ਜੇਕਰ ਮਰਦ ਨੇ ਇਸ ਮੰਦਰ ਵਿਚ ਜਾਣਾ ਹੈ, ਪੂਜਾ ਕਰਨੀ ਹੈ ਤਾਂ ਉਸ ਨੂੰ ਔਰਤਾਂ ਵਾਲੇ ਕਪੜੇ ਪਾਉਣੇ ਪੈਣਗੇ ਅਤੇ ਔਰਤਾਂ ਵਾਂਗ ਸੋਲਾਂ ਸੰਗਾਰ ਕਰਨਾ ਪਏਗਾ। ਇਹ ਖਾਸ ਮੰਦਰ ਕੇਰਲ ਦੇ ਕੋਲਲਮ ਜਿਲੇ ਵਿਚ ਹੈ। ਇਥੇ ਕੌਤਾਨਕੁਲੰਗਰਾ ਦੇਵੀ ਮੰਦਰ ਵਿਚ ਹਰ ਸਾਲ ਚਾਮਬਿਆਬਿਲਕੂ ਦਾ ਤਿਉਹਾਰ ਮਨਾਇਆ ਜਾਂਦਾ ਹੈ। ਇਸ ਤਿਉਹਾਰ ਵਿਚ ਹਰ ਸਾਲ ਹਜਾਂਰਾਂ ਦੀ ਗਿਣਤੀ ਵਿਚ ਮਰਦ ਸ਼ਰਧਾਲੂ ਆਉਦੇ ਹਨ। ਉਹਨਾਂ ਦੇ ਤਿਆਰ ਹੋਣ ਦੇ ਲਈ ਮੰਦਰ ਵਿਚ ਅਲੱਗ ਤੋਂ ਮੇਕਅਪ ਰੂਮ ਬਣਾਇਆ ਜਾਂਦਾ ਹੈ। ਮਰਦ ਨਾ ਸਿਰਫ ਔਰਤ ਵਾਂਗ ਸਾੜੀ ਪਾਂਉਦੇ ਹਨ, ਬਲਕਿ ਜਵੈਲਰੀ, ਮੇਕਅਪ, ਵਾਲਾਂ ਵਿਚ ਗਜਰਾ ਵੀ ਲਾਉਦੇ ਹਨ।ਇਸ ਤਿਉਹਾਰ ਵਿਚ ਸ਼ਾਮਲ ਹੋਣ ਦੇ ਲਈ ਉਮਰ ਦੀ ਕੋਈ ਸੀਮਾ ਨਹੀ ਹੈ।
ਇਸ ਮੰਦਰ ਵਿਚ ਟਰਾਂਸਜੈਡਰ ਵੀ ਪੂਜਾ ਅਰਚਨਾ ਕਰਨ ਆਉਦੇ ਹਨ। ਕਿਹਾ ਜਾ ਰਿਹਾ ਹੈ ਕਿ ਇਸ ਮੰਦਰ ਵਿਚ ਦੇਵੀ ਮਾਂ ਆਪ ਖੁਦ ਪ੍ਰਗਟ ਹੋਈ ਸੀ। ਆਪਣੀ ਖਾਸ ਪ੍ਰੰਪਰਾ ਦੇ ਲਈ ਮਸ਼ਹੂਰ ਇਸ ਮੰਦਰ ਉਪਰ ਕੋਈ ਛੱਤ ਨਹੀ ਹੈ। ਇਸ ਸੂਬੇ ਵਿਚ ਇਹ ਇਕ ਇਕਲੌਤਾ ਮੰਦਰ ਹੈ ਜਿਸ ਤੇ ਕੋਈ ਛੱਤ ਜਾਂ ਕਲਸ ਨਹੀ ਹੈ। ਕਿਹਾ ਗਿਆ ਹੈ ਕਿ ਇਸ ਮੰਦਰ ਦੀ ਮਾਨਤਾ ਇਸ ਕਰਕੇ ਹੈ ਕਿ ਕੁਝ ਚਰਵਾਹਿਆਂ ਨੇ ਔਰਤਾਂ ਵਾਲੇ ਕਪੜੇ ਪਾ ਕੇ ਪੱਥਰ ਤੇ ਫੁੱਲ ਚੜਾਏ ਸੀ, ਉਸ ਤੋਂ ਬਾਅਦ ਉਸ ਪੱਥਰ ‘ਚੋ ਸਵੈਮ ਸਕਤੀ ਨਿਕਲਣ ਲੱਗੀ ਸੀ। ਇਸ ਤੋਂ ਬਾਅਦ ਇਸ ਨੂੰ ਮੰਦਰ ਦਾ ਰੂਪ ਦਿੱਤਾ ਗਿਆ। ਕੁਝ ਇਸ ਤਰਾਂ ਵੀ ਕਿਹਾ ਜਾਂਦਾ ਹੈ ਕਿ ਕੁਝ ਲੋਕ ਉਸ ਪੱਥਰ ਤੇ ਰੱਖ ਕੇ ਨਾਰੀਅਲ ਤੋੜ ਰਹੇ ਸਨ, ਤੇ ਉਸੇ ਦੌਰਾਨ ਪੱਥਰ ਵਿਚੋਂ ਖੂਨ ਨਿਕਲਣਾ ਸ਼ੁਰੂ ਹੋ ਗਿਆ ਤਾਂ ਉਸ ਤੋਂ ਬਾਅਦ ਉਥੇ ਦੇਵੀ ਮਾਤਾ ਦੀ ਪੂਜਾ ਹੋਣੀ ਸ਼ੁਰੂ ਹੋ ਗਈ।