ਮੰਤਰੀ ਨੂੰ ਪਾਠ ਪੜ੍ਹਾ ਗਈ ਇਕ ਸਿੰਘਮ ਲੜਕੀ

(ਸਮਾਜਵੀਕਲੀ)

ਕਹਿੰਦੇ ਹਨ ਕਿ ਇਮਾਨਦਾਰੀ ਅਤੇ ਫਰਜ਼ ਦੀ ਤਾਕਤ ਦੇ ਅੱਗੇ ਵੱਡੀਆਂ ਵੱਡੀਆਂ ਤਾਕਤਾਂ ਦੀਆਂ ਚੂਲ੍ਹਾਂ ਹਿੱਲ ਜਾਂਦੀਆਂ ਹਨ।ਗੁਜਰਾਤ ਦੇ ਸੂਰਤ ਵਿਚ ਇਕ ਮਾਮੂਲੀ ਲੜਕੀ ਸਿਪਾਹੀ ਨੇ ‘ਕਾਇਦੇ-ਕਨੂੰਨ ਦੇ ਅੱਗੇ ਹਰ ਕੋਈ ਬਰਾਬਰ ਹੁੰਦਾ ਹੈ’ ਕਹਿ ਕੇ ਨਾ ਕੇਵਲ ਮੰਤਰੀ ਨੂੰ ਖਰੀ-ਖੋਟੀ ਸੁਣਾਈ ਬਲਕਿ ਕਨੂੰਨ ਦੀ ਉਲੰਘਣ ਕਰਨ ਤੇ ਉਸ ਦੇ ਪੁੱਤਰ ਤੇ ਉਸ ਦੇ ਪੁੱਤਰ ਦੇ ਦੋਸਤਾਂ ਨੂੰ ਗ੍ਰਿਫਤਾਰ ਵੀ ਕਰਵਾਇਆ।ਪਰ ਤੁਹਾਨੂੰ ਪਤਾ ਹੈ ਕਿ ਸਾਡੇ ਹਿੰਦੋਸਤਾਨ ਵਿਚ ਰਾਜਨੀਤੀ ਦੇ ਅੱਗੇ ਸੱਭ ਕੁਝ ਫੇਲ ਹੈ,ਉਹੀ ਹੋਇਆ ਕਿ ਉਸ ਲੜਕੀ ਤੇ ਰਾਜਨਿਤਕ ਦਬਾ ਪਾ ਕੇ  ਉਸ ਸਿਪਾਹੀ ਲੜਕੀ ਨੂੰ ਮੁਆਫੀ ਮੰਗਣ ਤੇ ਮਜ਼ਬੂਰ ਕਰਨ ਲੱਗੇ ਅਤੇ ਨਾਲ ਹੀ ਸਜਾ ਦੇ ਤੌਰ ਤੇ ਉਸ ਦਾ ਤਬਾਦਲਾ ਵੀ ਕੀਤਾ ਗਿਆ ਤਾਂ ਉਸ ਧਾੜਕ ਲੜਕੀ ਗੈਰ ਕਿਸੇ ਡਰ-ਦਬਾ ਦੀ ਪ੍ਰਵਾਰ ਨਾ ਕਰਦੇ ਹੋਏ ਆਪਣੇ ਆਪ ਨੂੰ ਸੁਰੱਖਿਅਤ ਰੱਖਣ ਦੇ ਲਈ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ।

ਇਸ ਪੂਰੇ ਮਾਮਲੇ ਵਿਚ ਸਿਪਾਹੀ ਲੜਕੀ ਨੂੰ ਦੇਸ਼ ਦੀ ਜਨਤਾ ਦਾ ਬਹੁਤ ਵੱਡਾ ਸਮੱਰਥਨ ਮਿਲਿਆ ਤੇ ਆਪਣੀ ਡਿਊਟੀ ਨੂੰ ਤਨ-ਦੇਹੀ ਨਾਲ ਨਿਭਾਉਣ ਦੀ ਬਹਾਦਰੀ ਦਾ ਸਿਹਰਾ ਇਸ ਸਿਪਾਹੀ ਲੜਕੀ ਸੁਨੀਤਾ ਯਾਦਵ ਨੂੰ ਮਿਲਿਆ।ਸ਼ੋਸ਼ਲ ਮੀਡੀਆ ਤੇ ਉਸ ਸਿਪਾਹੀ ਯਾਦਵ ਲੜਕੀ ਦੇ ਹੱਕ ਵਿਚ ਇਕ ਬਹੁਤ ਵੱਡੀ ਮੁਹਿੰਮ ਸ਼ੁਰੂ ਹੋ ਗਈ।ਮੰਤਰੀ, ਉਸ ਦੇ ਪੁੱਤਰ ਅਤੇ ਸਿਪਾਹੀ ਲੜਕੀ ਸੁਨੀਤਾ ਯਾਦਵ ਦੇ ਵਿਚ ਹੋਈ ਉਸ ਸਮ੍ਹੇਂ ਦੀ ਗੱਲਬਾਤ ਦੀ ਆਡੀਓ ਵੀਡੀਓ ਸ਼ੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਹੀ ਹੈ।

ਖੁਦ ਸੁਨੀਤਾ ਯਾਦਵ ਨੇ ਵੀ ਸ਼ੋਸ਼ਲ ਮੀਡੀਆ ਦੇ ਪਲੇਟਫਾਰਮ ਤੇ ਲਾਇਵ ਹੋ ਕੇ ਆਪਣੀ ਗੱਲਬਾਤ ਰੱਖੀ।ਦੇਸ਼ ਦੀ ਜਨਤਾ ਦੇ ਭਾਰੀ ਦਬਾ ਤੋਂ ਬਾਅਦ ਗੁਜਰਾਤ ਸਰਕਾਰ ਦੇ ਸਿਹਤ ਮੰਤਰੀ ਕਿਸ਼ੋਰ ਕਨਾਣੀ ਆਪਣਾ ਬਚਾ ਕਰਦੇ ਹੋਏ ਕਹਿੰਦੇ ਹਨ ਕਿ ਇਹੋ ਜਿਹੇ ਮਹੌਲ ਵਿਚ ਦੋਹਾਂ ਧਿਰਾਂ ਨੂੰ ਸਮਝਣਾ ਚਾਹੀਦਾ ਹੈ।ਦੂਜੇ ਪਾਸੇ ਸਿਹਤ ਮੰਤਰੀ ਕਿਸ਼ੋਰ ਕਨਾਣੀ ਵਲੋਂ ਪੁਲਿਸ ਉਤੇ ਦਬਾ ਬਣਾ ਕੇ ਉਸ ਲੜਕੀ ਸੁਨੀਤਾ ਯਾਦਵ ਦੇ ਵਿਰੁਧ ਕਨੂੰਨੀ ਕਾਰਵਾਈ ਕਰਨ ਦੇ ਲਈ ਕਿਹਾ।

ਦਰਅਸਲ,ਸੂਰਤ ਦੇ ਵਰਛਾ ਇਲਾਕੇ ਵਿਚ ਰਾਤ ਨੂੰ ਕਰਫਿਊ ਦੇ ਦੌਰਾਨ ਸਿਪਾਹੀ ਸੁਨੀਤਾ ਯਾਦਵ ਨੇ ਕੁਝ ਨੌਜਵਾਨਾਂ ਨੂੰ ਬਿੰਨਾਂ ਮਾਸਕ ਨਾ ਪਾਏ ਘੁੰਮਦੇ ਦੇਖਿਆ ਤਾਂ ਫੜ ਲਿਆ।ਜਦੋਂ ਬੋਲ-ਬੁਰਾਲਾ ਜਿਆਦਾ ਵੱਧ ਗਿਆ ਤਾਂ ਉਨਾਂ ਨੌਜਵਾਨਾਂ ਨੇ ਆਪਣੇ ਦੋਸਤ ਮੰਤਰੀ ਦੇ ਪੁਤਰ ਪ੍ਰਕਾਸ਼ ਕਨਾਣੀ ਨੂੰ ਮੌਕੇ ਤੇ ਬੁਲਾ ਲਿਆ।

ਪ੍ਰਕਾਸ਼ ਕਨਾਣੀ ਆਪਣੇ ਪਿਤਾ ਵਿਧਾਇਕ (ਮੰਤਰੀ)ਦੀ ਲੱਗੀ ਕਾਰ ਉਤੇ ਪਲੇਟ ਲੈ ਕੇ ਮੌਕੇ ਤੇ ਪਹੁੰਚ ਗਿਆ ਅਤੇ ਆਪਣੇ ਦੋਸਤਾਂ ਨੂੰ ਛੁਡਾਉਣ ਦੇ ਲਈ ਉਸ ਸਿਪਾਹੀ ਲੜਕੀ ਸੁਨੀਤਾ ਯਾਦਵ ਤੇ ਰੋਹਬ ਪਾਉਣ ਲੱਗਾ।ਉਸ ਦੀ ਇਹ ਗੱਲਬਾਤ ਦਾ ਆਡੀਓ ਵੀ ਸ਼ੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ,ਜਿਸ ਵਿਚ ਉਹ ਮੰਤਰੀ ਦਾ ਪੁੱਤਰ ਇਹ ਕਹਿ ਰਿਹਾ ਹੈ ਕਿ ਸਾਡੇ ਵਿਚ ਏਨੀ ਤਾਕਤ ਹੈ ਕਿ 365 ਦਿਨ ਦਿਨ ਰਾਤ ਤੇਰੀ ਡਿਊਟੀ ਇਸੇ ਹੀ ਜਗ੍ਹਾ ਤੇ ਲਗਾ ਸਕਦੇ ਹਾਂ।ਪਰ ਸੁਨੀਤਾ ਯਾਦਵ ਸਿਪਾਹੀ ਲੜਕੀ ਬਿਲਕੁਲ ਡਰੀ ਨਹੀ ਸਗੋ ਉਹਨਾਂ ਦਾ ਡੱਟ ਕੇ ਮੁਕਾਬਲਾ ਕੀਤਾ।

ਮੰਤਰੀ ਦੇ ਪੁਤਰ ਦੀ ਇਸ ਟਿੱਪਣੀ ਨਾਲ ਸਿਪਾਹੀ ਸੁਨੀਤਾ ਯਾਦਵ ਲੜਕੀ ਦੇ ਮਨ ਨੂੰ ਬਹੁਤ ਡੂੰਘੀ ਠੇਸ ਪਹੁੰਚੀ।ਉਸ ਨੇ ਮੰਤਰੀ ਦੇ ਪੁੱਤਰ ਨੂੰ ਬੜੇ ਸਖਤ ਲਫਜਾਂ ਵਿਚ ਕਿਹਾ ਕਿ ‘ਇਹ ਵਰਦੀ ਮੈਂ ਤੇਰੇ ਪਿਤਾ ਜੀ ਦੀ ਗੁਲਾਮੀ ਕਰਨ ਲਈ ਨਹੀ ਪਾਈ’ਉਸ ਤੋਂ ਬਾਅਦ ਸਿਪਾਹੀ ਸੁਨੀਤਾ ਯਾਦਵ ਵਲੋਂ ਆਪਣੇ ਉਚ-ਅਧਿਕਾਰੀਆਂ ਨੂੰ ਸੂਚਿਤ ਕੀਤਾ ਗਿਆ।ਉਲਟਾ ਮੰਤਰੀ ਵਲੋਂ ਉਸ ਸਿਪਾਹੀ ਲੜਕੀ ਸੁਨੀਤਾ ਯਾਦਵ ਨੂੰ ਕਿਹਾ ਗਿਆ ਕਿ ਤੇਰੀ ਡਿਊਟੀ ਤਾਂ ਸਿਰਫ ਟੈਕਸਟਾਇਲ ਫੈਕਟਰੀ ਨਾ ਚੱਲਣ ਦੇਣ ਲਈ ਲਾਈ ਗਈ ਸੀ ਨਾ ਕਿ ਕਿਸੇ ਨਾਕੇ ਤੇ ਕਿਸੇ ਨੂੰ ਰੋਕਣ ਦੇ ਲਈ।

ਇਹ ਗੱਲ ਸੁਣਦੇ ਹੀ ਸਿਪਾਹੀ ਲੜਕੀ ਨੇ ਮੰਤਰੀ ਨੂੰ ਵੀ ਖਰੀ-ਖੋਟੀ ਸੁਣਾ ਦਿੱਤੀ ਅਤੇ ਮੰਤਰੀ ਨੂੰ ਪੁੱਛਿਆ ਕਿ ਤੁਸੀ ਗੱਡੀ ਵਿਚ ਨਹੀ ਸੀ ਤੇ ਤੁਹਾਡਾ ਪੁੱਤਰ ਤੁਹਡੇ ਨਾਮ ਦੀ ਲੱਗੀ ਪਲੇਟ ਵਾਲੀ ਗੱਡੀ ਲੈ ਕੇ ਸਾਡੇ ਤੇ ਦਬਾ ਬਣਾਉਣ ਲਈ ਕਿਵੇ ਘੁੰਮ ਸਕਦਾ ਹੈ।ਉਹ ਕਿਸ ਤਰ੍ਹਾਂ ਕਰਫਿਊ ਦੇ ਪਰੋਟੋਕਾਲ ਦੀ ਉਲੰਘਣ ਕਰ ਰਿਹਾ ਹੈ।ਤੁਸੀ ਇਮਾਨਦਾਰੀ ਨਾਲ ਕੰਮ ਕਰ ਰਹੀ ਪੁਲਿਸ ਨੂੰ ਕਨੂੰਨ ਨਾ ਪੜਾਓ,ਆਪਣੇ ਪੁੱਤਰ ਨੂੰ ਇਹ ਕਾਇਦੇ-ਕਨੂੰਨ ਸਿਖਾਓ।ਇਹ ਸਾਰਾ ਘਟਨਾ-ਕਰਮ ਪੁਲਿਸ ਅਤੇ ਰਾਜਨੀਤੀ ਦੇ ਗਲਿਆਰਿਆ ਵਿਚ ਚਰਚਾ ਦਾ ਵਿਸ਼ਾਂ ਬਣਿਆ ਹੋਇਆ ਹੈ।

ਇਸ ਤੋਂ ਬਾਅਦ ਜਦੋਂ ਰਾਜਨੀਤੀ ਦਾ ਭਾਰੀ ਦਬਾ ਬਣਨ ਲੱਗਾ ਤਾਂ ਉਸ ਨੇ ਸੂਰਤ ਦੇ ਕਮਿਸ਼ਨਰ ਦਫਤਰ ਪਹੁੰਚ ਕੇ ਆਪਣਾ ਅਸਤੀਫਾ ਸੌਪ ਦਿੱਤਾ।ਇਸ ਦੇ ਦੌਰਾਨ ਹੀ ਸਿਪਾਹੀ ਸੁਨੀਤਾ ਯਾਦਵ ਦਾ ਤਬਾਦਲਾ ਪੁਲਿਸ ਲਾਇਨ ਕਰ ਦਿੱਤਾ ਗਿਆ ਤਾਂ ਉਸ ਨੇ ਇਸ ਦਾ ਪੂਰਾ ਵਿਰੋਧ ਕੀਤਾ ਕਿ ਜਦ ਮੈਂ ਆਪਣੇ ਅਹੁਦੇ ਤੋਂ ਅਸਤੀਫਾ ਹੀ ਦੇ ਦਿੱਤਾ ਹੈ ਤਾਂ ਮੇਰਾ ਤਬਾਦਲਾ ਕਿਉਂ ਕੀਤਾ ਗਿਆ।ਪੁਲਿਸ ਵਲੋਂ ਮੰਤਰੀ ਦੇ ਪੁੱਤਰ ਨਾਲ ਦੁਰਵਿਵਹਾਰ ਕਰਨ ਦਾ ਮੇਰੇ ਉਪਰ ਇਲਜਾਮ ਲਗਾ ਕੇ ਪੁਲਿਸ ਵਲੋਂ ਮੇਰੇ ਉਪਰ ਹੀ ਕਾਰਵਾਈ ਕਰਨ ਦੀ ਗੱਲ ਕਹੀ ਜਾ ਰਹੀ ਹੈ।

ਇਸ ਸਾਰੇ ਘਟਨਾ-ਕਰਮ ਤੋਂ ਬਾਅਦ ਸੁਨੀਤਾ ਯਾਦਵ ਨੇ ਵੀ ਆਪਣੀ ਗੱਲ ਰੱਖੀ ਕਿ ‘ਮੇਰਾ ਅਸਤੀਫਾ ਸਵੀਕਾਰ ਕਰਨ ਤੋਂ ਬਾਅਦ ਮੈਨੂੰ ਛੁੱਟੀ ਤੇ ਭੇਜਿਆ ਜਾ ਰਿਹਾ ਹੈ,ਮੇਰਾ ਤਬਾਦਲਾ ਕੀਤਾ ਜਾ ਰਿਹਾ ਹੈ।ਤਬਾਦਲਾ ਕਰਨ ਦਾ ਮਤਲਬ ਮੇਰੀ ਤੌਹੀਨ ਕਰਨਾ ਹੈ,ਅਤੇ ਮੰਤਰੀ ਦੇ ਪੁੱਤਰ ਨੂੰ ਹੱਲਾਸ਼ੇਰੀ ਦੇਣਾ ਹੈ ਜੋ ਕਿ ਮੈਨੂੰ ਬਿਲਕੁਲ ਮਨਜੂਰ ਨਹੀ ਹੈ।’

ਸਿਪਾਹੀ ਸੁਨੀਤਾ ਯਾਦਵ ਦੇ ਹੱਕ ਵਿਚ ਦੁਨੀਆ ਭਰ ਤੋਂ ਟਵੀਟ ਆਉਣ ਲੱਗੇ ਤਾਂ ਸੁਨੀਤਾ ਯਾਦਵ ਨੇ ਲਿਖਿਆ ਕਿ ‘ਮੈਂ ਸਰਕਾਰ ਦੀ ਨੌਕਰੀ ਕਰਦੀ ਹਾਂ,ਉਹ ਲੋਕ ਕੋਈ ਹੋਰ ਹੋਣਗੇ ਜੋ ਮੰਤਰੀਆਂ ਦੀ ਗੁਲਾਮੀ ਕਰਦੇ ਹੋਣਗੇ।ਮੈਂ ਆਪਣੀ ਜਮੀਰ ਨੂੰ ਮਾਰ ਕੇ ਨੌਕਰੀ ਕਰਨਾ ਨਹੀ ਸਿਖਿਆ?ਅਸੀ ਭਾਰਤ ਮਾਂ ਦੀ ਸੌਹ ਵਰਦੀ ਲਈ ਖਾਦੀ ਹੈ,ਜੋ ਲੋਕ ਮੰਤਰੀਆਂ ਅਤੇ ਭ੍ਰਸ਼ਿਟ ਸਿਸਟਮ ਦੀ ਗੁਲਾਮੀ ਕਰਦੇ ਹਨ,ਉਹਨਾਂ ਲੋਕਾਂ ਨੂੰ ਆਪਣੀ ਵਰਦੀ ਤੇ ਜਮੀਰ ਨਾਲੋ ਪੈਸਾ ਪਿਆਰਾ ਹੈ। ਜਿਸ ਕਰਕੇ ਰਾਜਨੀਤਿਕ ਲੋਕ ਸਾਰੇ ਮੁਲਾਜਮਾਂ ਨੂੰ ਇਕੋ ਜਿਹਾ ਹੀ ਸਮਝਦੇ ਹਨ।

ਬਹਾਦਰ ਸਿਪਾਹੀ ਲੜਕੀ ਮੁਲਾਜਮ ਦੇ ਦ੍ਰਿੜ-ਵਿਸ਼ਵਾਸ ਦੇ ਸਦਕਾ ਮੰਤਰੀ ਦੇ ਪੁੱਤਰ ਤੇ ਉਸ ਦੇ ਦੋ ਦੋਸਤਾਂ ਦੀ ਗ੍ਰਿਫਤਾਰੀ ਵੀ ਹੋਈ ਅਤੇ ਰਾਜਨੀਤੀ ਦੇ ਦਬਾ ਦੇ ਕਾਰਨ ਉਹਨਾਂ ਦੀ ਜਮਾਨਤ ਵੀ ਤੁਰੰਤ ਹੋ ਗਈ।ਮੰਤਰੀ ਦੀ ਦਲੀਲ ਸੀ ਕਿ ਉਹਨਾਂ ਦਾ ਪੁੱਤਰ ਆਪਣੇ ਕਿਸੇ ਰਿਸ਼ਤੇਦਾਰ ਕਰੋਨਾ ਮਰੀਜ ਨੂੰ ਹਸਪਤਾਲ ਦੇਖਣ ਜਾ ਰਿਹਾ ਸੀ।ਮਹਿਲਾ ਸਿਪਾਹੀ ਨੇ ਉਸ ਨੂੰ ਜਾਣ ਨਹੀ ਦਿੱਤਾ ਗਿਆ ਮੇਰੇ ਬੇਟੇ ਦੇ ਨਾਲ ਦੁਰ-ਵਿਵਹਾਰ ਵੀ ਕੀਤਾ ਗਿਆ ਅਤੇ ਮਾਸਕ ਨਾ ਹੋਣ ਦਾ ਮੁੱਦਾ ਬਣਾ ਦਿਤਾ।

ਕੁਲ ਮਿਲਾ ਕੇ ਸੁਨੀਤਾ ਯਾਦਵ ਨੇ ਮੰਤਰੀ ਦੇ ਪੁੱਤਰ ਨੂੰ ਹੀ ਨਹੀ ਸਬਕ ਸਿਖਾਇਆ ਬਲਕਿ ਪੁਲਿਸ ਕਰਮਚਾਰੀਆਂ ਨੂੰ ਵੀ ਨਸੀਹਤ ਦਿੱਤੀ ਹੈ ਕਿ ਜੇਕਰ ਤੁਸੀ ਇਮਾਨਦਾਰੀ ਨਾਲ ਆਪਣੀ ਨੌਕਰੀ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਆਪਣੀ ਤਾਕਤ ਦਾ ਪਤਾ ਹੋਣਾ ਚਾਹੀਦਾ ਹੈ।ਲੋਕਾਂ ਨੂੰ ਅਹਿਸਾਸ ਕਰਾਇਆ ਕਿ ਇਮਾਨਦਾਰੀ ਨਾਲ ਨੌਕਰੀ ਕਰਨਾ ਪੁਲਿਸ ਮੁਲਾਜ਼ਮਾਂ ਲਈ ਕਿੰਨਾਂ ਮੁਸ਼ਕਲ ਹੈ।ਆਮ ਲੋਕਾਂ ਦੇ ਲਈ ਵੀ ਇਕ ਸੁਨੇਹਾ ਹੈ ਕਿ ਇਮਾਨਦਾਰ ਕਰਮਚਾਰੀਆਂ ਦੀ ਡਿਊਟੀ ਵਿਚ ਅੜਿੱਕਾ ਲਾਉਣ ਵਾਲੇ ਨੈਤਾਵਾ ਨੂੰ ਵੀ ਸਬਕ ਸਿਖਾਇਆ ਜਾਏ।ਇਹੀ ਕਾਰਨ ਹੈ ਕਿ ਪੂਰੇ ਦੇਸ਼ ਵਿਚ ਇਸ ਘਟਨਾ ਨੂੰ ਲੈ ਕੇ ਸੁਨੀਤਾ ਯਾਦਵ ਦੇ ਹੱਕ ਵਿਚ ਪੂਰੇ ਦੇਸ਼ ਦੀ ਜਨਤਾ ਉਠ ਖੜੀ ਹੋਈ ਹੈ।ਸ਼ੋਸ਼ਲ ਮੀਡੀਆ ਤੇ ਸੁਨੀਤਾ ਯਾਦਵ ਦੇ ਬਹਾਦਰੀ ਦੇ ਹੌਸਲੇ ਦੀ ਚਰਚਾ ਹੋਣ ਲੱਗੀ ਹੈ।

ਪੇਸ਼ਕਸ਼:-ਅਮਰਜੀਤ ਚੰਦਰ  

ਲੁਧਿਆਣਾ    

9417600014

Previous articleਹੜ੍ਹਾਂ ਦੀ ਮਾਰ ਤੋਂ ਬਚਾਉਣ ਲਈ ਸਤਲੁਜ ਕੰਢੇ ਬੰਨ੍ਹ ਦੀ ਮਜ਼ਬੂਤੀ ਦਾ ਕੰਮ ਤੇਜੀ ਨਾਲ ਜਾਰੀ
Next article80 ਪਾਜੇਟਿਵ ਮਰੀਜ ਆਉਣ ਨਾਲ ਮਰੀਜਾਂ ਦੀ ਗਿਣਤੀ ਹੋਈ 378