ਸਰਕਾਰ ਨੇ ਸੁਪਰੀਮ ਕੋਰਟ ਨੂੰ ਦਿੱਤੀ ਜਾਣਕਾਰੀ
‘ਦਿ ਹਿੰਦੂ’ ਅਖਬਾਰ ਖ਼ਿਲਾਫ਼ ਚੋਰੀ ਦੇ ਦਸਤਾਵੇਜ਼ਾਂ ਦੇ ਆਧਾਰ ’ਤੇ ਲੇਖ ਛਾਪਣ ਦੇ ਦੋਸ਼ ਲਾਏ ;
ਮਾਮਲੇ ਦੀ ਅਗਲੀ ਸੁਣਵਾਈ 14 ਨੂੰ
- ਸਰਕਾਰ ਨੇ ਚੋਰੀ ਸਬੰਧੀ ਹਾਲੇ ਤੱਕ ਐੱਫਆਈਆਰ ਦਰਜ ਨਹੀਂ ਕਰਵਾਈ
- ਅਦਾਲਤੀ ਕਾਰਵਾਈ ਪ੍ਰਭਾਵਿਤ ਕਰਨ ਲਈ ਅਖ਼ਬਾਰ ਉੱਪਰ ਸੁਣਵਾਈ ਵਾਲੇ ਦਿਨ ਲੇਖ ਛਾਪਣ ਦੇ ਅਟਾਰਨੀ ਜਨਰਲ ਨੇ ਦੋਸ਼ ਲਾਏ
ਸਰਕਾਰ ਨੇ ਅੱਜ ਸੁਪਰੀਮ ਕੋਰਟ ਨੂੰ ਜਾਣਕਾਰੀ ਦਿੱਤੀ ਕਿ ਰੱਖਿਆ ਮੰਤਰਾਲੇ ਦੇ ਦਫ਼ਤਰ ਵਿਚੋਂ ਰਾਫਾਲ ਲੜਾਕੂ ਜਹਾਜ਼ ਸੌਦੇ ਨਾਲ ਸਬੰਧਤ ਦਸਤਾਵੇਜ਼ ਚੋਰੀ ਹੋ ਗਏ ਹਨ ਅਤੇ ‘ਦਿ ਹਿੰਦੂ’ ਅਖਬਾਰ ਨੇ ਇਨ੍ਹਾਂ ਦਸਤਾਵੇਜ਼ਾਂ ਦੇ ਆਧਾਰ ’ਤੇ ਲੇਖ ਛਾਪ ਕੇ ਸਰਕਾਰੀ ਭੇਤ ਗੁਪਤ ਰੱਖਣ ਬਾਰੇ ਕਾਨੂੰਨ ਦੀ ਉਲੰਘਣਾ ਕੀਤੀ ਹੈ।
ਚੀਫ ਜਸਟਿਸ ਰੰਜਨ ਗੋਗੋਈ ਦੀ ਅਗਵਾਈ ਵਾਲੇ ਤਿੰਨ ਮੈਂਬਰੀ ਬੈਂਚ ਨੂੰ ਅਟਾਰਨੀ ਜਨਰਲ ਕੇ.ਕੇ. ਵੇਣੂਗੋਪਾਲ ਨੇ ਦੱਸਿਆ ਕਿ ਜਿਨ੍ਹਾਂ ਨੇ ਰਾਫਾਲ ਸੌਦੇ ਬਾਰੇ ਦਸਤਾਵੇਜ਼ਾਂ ਨੂੰ ਜਨਤਕ ਕੀਤਾ ਹੈ, ਉਹ ਸਰਕਾਰੀ ਭੇਤ ਰੱਖਣ ਬਾਰੇ ਕਾਨੂੰਨ ਦੀ ਉਲੰਘਣਾ ਕਰਨ ਦੇ ਨਾਲ-ਨਾਲ ਅਦਾਲਤ ਦੀ ਹੱਤਕ ਤਹਿਤ ਵੀ ਦੋਸ਼ੀ ਹਨ। ਅਟਾਰਨੀ ਜਨਰਲ ਨੇ ਦੱਸਿਆ ਕਿ ਦਸਤਾਵੇਜ਼ ਚੋਰੀ ਹੋਣ ਸਬੰਧੀ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਸੁਪਰੀਮ ਕੋਰਟ ਦੇ ਇਸ ਬੈਂਚ, ਜਿਸ ਵਿੱਚ ਜਸਟਿਸ ਐੱਸ.ਕੇ. ਕੌਲ ਅਤੇ ਜਸਟਿਸ ਕੇ.ਐੱਮ ਜੋਜ਼ੇਫ ਵੀ ਸ਼ਾਮਲ ਸਨ, ਵਲੋਂ ਆਪਣੇ 14 ਦਸੰਬਰ ਦੇ ਫ਼ੈਸਲੇ, ਜਿਸ ਵਿੱਚ ਭਾਰਤ ਵਲੋਂ ਫਰਾਂਸ ਨਾਲ ਕੀਤੇ ਸੌਦੇ ਬਾਰੇ ਸਾਰੀਆਂ ਪਟੀਸ਼ਨਾਂ ਰੱਦ ਕੀਤੀਆਂ ਗਈਆਂ ਸਨ, ਬਾਰੇ ਪਾਈਆਂ ਰੀਵਿਊ ਪਟੀਸ਼ਨਾਂ ’ਤੇ ਸੁਣਵਾਈ ਕੀਤੀ ਜਾ ਰਹੀ ਸੀ।
ਸਾਬਕਾ ਕੇਂਦਰੀ ਮੰਤਰੀਆਂ ਯਸ਼ਵੰਤ ਸਿਨਹਾ ਤੇ ਅਰੁਣ ਸ਼ੋਰੀ ਅਤੇ ਐਡਵੋਕੇਟ ਪ੍ਰਸ਼ਾਂਤ ਭੂਸ਼ਣ, ਜਿਨ੍ਹਾਂ ਨੇ ਸਾਂਝੇ ਤੌਰ ’ਤੇ ਰੀਵਿਊ ਪਟੀਸ਼ਨ ਪਾਈ, ਨੇ ਦੋਸ਼ ਲਾਇਆ ਕਿ ਜਦੋਂ ਸੁਪਰੀਮ ਕੋਰਟ ਨੇ ਪਟੀਸ਼ਨਾਂ ਰੱਦ ਕੀਤੀਆਂ ਸਨ ਉਦੋਂ ਕੇਂਦਰ ਸਰਕਾਰ ਨੇ ਅਹਿਮ ਤੱਥਾਂ ਨੂੰ ਛੁਪਾ ਲਿਆ ਸੀ। ਜਦੋਂ ਭੂਸ਼ਣ ਨੇ ਐੱਨ ਰਾਮ ਵਲੋਂ ਲਿਖੇ ਲੇਖਾਂ ਦਾ ਜ਼ਿਕਰ ਕੀਤਾ ਤਾਂ ਵੇਣੂਗੋਪਾਲ ਨੇ ਕਿਹਾ ਕਿ ਇਹ ਲੇਖ ਚੋਰੀ ਹੋਏ ਦਸਤਾਵੇਜ਼ਾਂ ’ਤੇ ਆਧਾਰਿਤ ਸਨ। ਉਨ੍ਹਾਂ ਕਿਹਾ ਕਿ ਹਾਲੇ ਤੱਕ ਚੋਰੀ ਹੋਈ ਦਸਤਾਵੇਜ਼ਾਂ ਸਬੰਧੀ ਐੱਫਆਈਆਰ ਦਰਜ ਨਹੀਂ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਪਹਿਲਾ ਲੇਖ 8 ਫਰਵਰੀ ਨੂੰ ਛਪਿਆ ਸੀ ਅਤੇ ਬੁੱਧਵਾਰ (6 ਮਾਰਚ) ਨੂੰ ਛਪਿਆ ਦੂਜਾ ਲੇਖ ਅਦਾਲਤ ਦੀ ਕਾਰਵਾਈ ਨੂੰ ਪ੍ਰਭਾਵਿਤ ਕਰਨ ਸੁਪਰੀਮ ਕੋਰਟ‘ਦਿ ਹਿੰਦੂ’ ਅਖਬਾਰਲਈ ਛਾਪਿਆ ਗਿਆ ਹੈ, ਜੋ ਕਿ ਅਦਾਲਤ ਦੀ ਹੱਤਕ ਹੈ। ਉਨ੍ਹਾਂ ਰੀਵਿਊ ਪਟੀਸ਼ਨਾਂ ਰੱਦ ਕਰਨ ਦੀ ਮੰਗ ਕਰਦਿਆਂ ਕਿਹਾ ਕਿ ਅਖਬਾਰ ਨੇ ਦਸਤਾਵੇਜ਼ਾਂ ਤੋਂ ‘ਗੁਪਤ’ ਸ਼ਬਦ ਮਿਟਾ ਕੇ ਛਾਪਿਆ ਹੈ। ਬੈਂਚ ਨੇ ਕੇਂਦਰ ਨੂੰ ਸਵਾਲ ਕੀਤਾ ਕਿ ਜਦੋਂ ਉਹ ਇਹ ਦੋਸ਼ ਲਾ ਰਹੇ ਹਨ ਕਿ ਲੇਖ ਚੋਰੀ ਦੇ ਦਸਤਾਵੇਜ਼ਾਂ ਦੇ ਆਧਾਰ ’ਤੇ ਹਨ ਤਾਂ ਉਨ੍ਹਾਂ ਨੇ ਇਸ ਬਾਬਤ ਕੀ ਕੀਤਾ। ਇਸ ’ਤੇ ਵੇਣੂਗੋਪਾਲ ਨੇ ਕਿਹਾ ਕਿ ਰੱਖਿਆ ਮੰਤਰਾਲੇ ’ਚੋਂ ਦਸਤਾਵੇਜ਼ ਚੋਰੀ ਹੋਏ ਹਨ ਅਤੇ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਜਸਟਿਸ ਗੋਗੋਈ ਨੇ ਵੇਣੂਗੋਪਾਲ ਨੂੰ ਇਹ ਵੀ ਆਖਿਆ ਕਿ ਅਦਾਲਤ ਨੂੰ ਸੌਦੇ ਬਾਰੇ ਚੋਰੀ ਹੋਏ ਦਸਤਾਵੇਜ਼ਾਂ ਸਬੰਧੀ ਕੀਤੀ ਜਾ ਰਹੀ ਕਾਰਵਾਈ ਬਾਰੇ ਦੱਸਿਆ ਜਾਵੇ।
ਐਡਵੋਕੇਟ ਜਨਰਲ (ਏਜੀ) ਨੇ ਪਿਛਲੇ ਹਫ਼ਤੇ ਪਾਕਿਸਤਾਨ ਵਲੋਂ ਕੀਤੀ ਹਵਾਈ ਕਾਰਵਾਈ ਦਾ ਜ਼ਿਕਰ ਕਰਦਿਆਂ ਕਿਹਾ ਕਿ ਐੱਫ-16 ਲੜਾਕੂ ਜਹਾਜ਼ ਦੇ ਟਾਕਰੇ ਲਈ ਦੇਸ਼ ਨੂੰ ਰਾਫਾਲ ਜੈੱਟ ਦੀ ਲੋੜ ਹੈ।
ਬੈਂਚ ਵਲੋਂ ਮਾਮਲੇ ਦੀ ਅਗਲੀ ਸੁਣਵਾਈ 14 ਮਾਰਚ ਨੂੰ ਕੀਤੀ ਜਾਵੇਗੀ। ਸੁਣਵਾਈ ਦੌਰਾਨ ਏਜੀ ਨੂੰ ਬੈਂਚ ਦੇ ਕਈ ਟੇਢੇ ਸਵਾਲਾਂ ਦਾ ਵੀ ਸਾਹਮਣਾ ਕਰਨਾ ਪਿਆ।