ਗੰਨਾ ਕਾਸ਼ਤਕਾਰਾਂ ਦੇ ਬਕਾਏ ਦੀ ਅਦਾਇਗੀ ਤੇ ਤੁਰੰਤ ਖੰਡ ਮਿੱਲਾਂ ਚਲਾਉਣ ਦੀ ਮੰਗ ਨੂੰ ਲੈ ਕੇ ਚਾਰ ਕਿਸਾਨ ਜਥੇਬੰਦੀਆਂ ਵਲੋਂ ਗਰਨਾ ਸਾਹਿਬ ਵਿਖੇ ਜਲੰਧਰ-ਪਠਾਨਕੋਟ ਕੌਮੀ ਮਾਰਗ ਅਤੇ ਰੇਲ ਮਾਰਗ ਉੱਤੇ ਪਿਛਲੇ 41 ਘੰਟਿਆਂ ਤੋਂ ਦਿੱਤਾ ਜਾ ਰਿਹਾ ਧਰਨਾ ਅੱਜ ਮੰਗਾਂ ਪ੍ਰਤੀ ਬਣੀ ਸਹਿਮਤੀ ਬਾਅਦ ਖਤਮ ਹੋ ਗਿਆ ਹੈ। ਧਰਨਾ ਚੁਕਾਉਣ ਲਈ ਆਈ.ਜੀ. ਨੌਨਿਹਾਲ ਸਿੰਘ ਦੀ ਧਰਨਾਕਾਰੀਆਂ ਦੀ 5 ਮੈਂਬਰੀ ਕਮੇਟੀ ਨਾਲ ਹੋਈ ਮੀਟਿੰਗ ਵਿਚ ਕੁੱਝ ਮੰਗਾਂ ਉੱਤੇ ਬਣੀ ਸਹਿਮਤੀ ਬਾਅਦ ਧਰਨੇ ਦਾ ਸੁਖਾਵਾਂ ਹੱਲ ਨਿਕਲ ਆਇਆ ਹੈ। ਪਿਛਲੇ ਦਿਨੀਂ ਡਿਪਟੀ ਕਮਿਸ਼ਨਰ ਈਸ਼ਾ ਕਾਲੀਆ ਨਾਲ ਮੀਟਿੰਗ ਬੇਸਿੱਟਾ ਰਹਿਣ ਕਾਰਨ ਕਿਸਾਨ ਭਾਰੀ ਠੰਢ ਦੇ ਬਾਵਜੂਦ ਲਗਾਤਾਰ ਧਰਨੇ ਉੱਤੇ ਬੈਠੇ ਰਹੇ। ਕਿਸਾਨਾਂ ਦਾ ਦੋਸ਼ ਸੀ ਕਿ ਪ੍ਰਸ਼ਾਸਨ ਵੀ ਗੰਨਾ ਕਿਸਾਨਾਂ ਦੀਆਂ ਮੰਗਾਂ ਪ੍ਰਤੀ ਗੰਭੀਰਤਾ ਦਿਖਾਉਣ ਦੀ ਥਾਂ ਡੰਗ ਟਪਾਊ ਨੀਤੀ ਉੱਤੇ ਚੱਲ ਰਿਹਾ ਹੈ। ਅਸਲ ਵਿੱਚ ਕਿਸਾਨਾਂ ਦੇ 450 ਕਰੋੜ ਦੇ ਬਕਾਏ ਦਿਵਾਉਣ ਲਈ ਕਿਸੇ ਪੱਧਰ ’ਤੇ ਵੀ ਪ੍ਰਸ਼ਾਸਨ ਯਤਨਸ਼ੀਲ ਨਹੀਂ ਹੈ। ਕੇਵਲ ਧਰਨਾਕਾਰੀਆਂ ਨੂੰ ਉਠਾਉਣ ਲਈ ਮੁੱਖ ਮੰਤਰੀ ਤੇ ਉੱਚ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਮੀਟਿੰਗਾਂ ਦਾ ਭਰੋਸਾ ਦੇ ਰਿਹਾ ਹੈ। ਕਿਸਾਨਾਂ ਦਾ ਧਰਨਾ ਚੁਕਾਉਣ ਲਈ ਆਈ.ਜੀ. ਨੌਨਿਹਾਲ ਸਿੰਘ ਦੀ ਅਗਵਾਈ ਵਿੱਚ ਸੰਘਰਸ਼ ਕਮੇਟੀ ਦੀ 6 ਮੈਂਬਰੀ ਕਮੇਟੀ, ਜਿਸ ਵਿੱਚ ਬਲਦੇਵ ਸਿੰਘ ਸਿਰਸਾ, ਸੁਖਪਾਲ ਸਿੰਘ ਡੱਫਰ ਅਤੇ ਗਗਨਪ੍ਰੀਤ ਸਿੰਘ ਮੋਹਾ, ਮਨਜੀਤ ਸਿੰਘ ਰਾਏ ਅਤੇ ਬਲਵਿੰਦਰ ਸਿੰਘ ਰਾਜੂ ਔਲਖ ਆਦਿ ਸ਼ਾਮਲ ਸਨ, ਨਾਲ ਮੀਟਿੰਗ ਕੀਤੀ ਗਈ। ਕਰੀਬ 4 ਘੰਟੇ ਚੱਲੀ ਇਸ ਮੀਟਿੰਗ ਉਪਰੰਤ 450 ਕਰੋੜ ਦੀ ਪਿਛਲੀ ਅਦਾਇਗੀ ਵਿੱਚੋਂ 200 ਕਰੋੜ ਰੁਪਏ ਕਿਸਾਨਾਂ ਦੇ ਖਾਤਿਆਂ ਵਿੱਚ ਇਸ ਹਫ਼ਤੇ ਪਾਉਣ, ਨਿੱਜੀ ਖੰਡ ਮਿੱਲਾਂ 25 ਨਵੰਬਰ ਤੋਂ ਚਾਲੂ ਕਰਨ, ਚਾਲੂ ਪਿੜਾਈ ਸੀਜ਼ਨ ਦੀ ਅਦਾਇਗੀ 14 ਦਿਨਾਂ ਅੰਦਰ ਯਕੀਨੀ ਬਣਾਉਣ ਤੇ ਗੰਨੇ ਦਾ ਰੇਟ 350 ਰੁਪਏ ਕੁਇੰਟਲ ਕਰਨ ਲਈ ਕਿਸਾਨ ਆਗੂਆਂ ਦੀ ਮੁੱਖ ਮੰਤਰੀ ਨਾਲ ਇਸੇ ਹਫ਼ਤੇ ਮੀਟਿੰਗ ਕਰਵਾਉਣ ’ਤੇ ਸਹਿਮਤੀ ਬਣ ਗਈ ਹੈ।
INDIA ਮੰਗਾਂ ਲਈ ਸਹਿਮਤੀ ਬਣਨ ਮਗਰੋਂ ਗੰਨਾ ਕਾਸ਼ਤਕਾਰਾਂ ਦਾ ਧਰਨਾ ਖਤਮ