ਜੈਪੁਰ (ਸਮਾਜ ਵੀਕਲੀ) : ਰਾਜਸਥਾਨ ਦੇ ਕਰੌਲੀ ਜ਼ਿਲ੍ਹੇ ’ਚ ਸਾੜੇ ਗਏ ਪੁਜਾਰੀ ਬਾਬੂ ਲਾਲ ਵੈਸ਼ਨਵ ਦਾ ਅੱਜ ਦੇਰ ਸ਼ਾਮ ਸਸਕਾਰ ਕਰ ਦਿੱਤਾ ਗਿਆ। ਅਸ਼ੋਕ ਗਹਿਲੋਤ ਸਰਕਾਰ ਵੱਲੋਂ ਪਰਿਵਾਰ ਦੀਆਂ ਮੰਗਾਂ ਮੰਨੇ ਜਾਣ ਮਗਰੋਂ ਇਹ ਸੰਭਵ ਹੋ ਸਕਿਆ। ਸਰਕਾਰ ਨੇ ਪਰਿਵਾਰ ਨੂੰ 10 ਲੱਖ ਰੁਪਏ, ਇਕ ਮੈਂਬਰ ਨੂੰ ਨੌਕਰੀ ਅਤੇ ਘਰ ਬਣਾਊਣ ’ਚ ਸਹਾਇਤਾ ਦੇਣ ਦਾ ਐਲਾਨ ਕੀਤਾ ਹੈ।
ਪੀੜਤ ਪਰਿਵਾਰ ਨੇ ਮੰਗ ਕੀਤੀ ਸੀ ਕਿ 50 ਲੱਖ ਰੁਪਏ ਦਾ ਮੁਆਵਜ਼ਾ ਦਿੱਤਾ ਜਾਵੇ, ਪਰਿਵਾਰ ਦੇ ਇਕ ਮੈਂਬਰ ਨੂੰ ਸਰਕਾਰੀ ਨੌਕਰੀ ਅਤੇ ਸਾਰੇ ਦੋਸ਼ੀਆਂ ਨੂੰ ਤੁਰੰਤ ਗ੍ਰਿਫ਼ਤਾਰ ਕੀਤਾ ਜਾਵੇ। ਭਾਜਪਾ ਵੱਲੋਂ ਬਣਾਈ ਗਈ ਤਿੰਨ ਮੈਂਬਰੀ ਕਮੇਟੀ ਵੀ ਪਿੰਡ ਪਹੁੰਚੀ। ਇਸ ਦੌਰਾਨ ਰਾਜਸਥਾਨ ਦੇ ਰਾਜਪਾਲ ਕਲਰਾਜ ਮਿਸ਼ਰਾ ਨੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨਾਲ ਮੀਟਿੰਗ ਕਰਕੇ ਸੂਬੇ ਦੇ ਅਮਨ ਕਾਨੂੰਨ ਬਾਰੇ ਵਿਚਾਰ ਵਟਾਂਦਰਾ ਕੀਤਾ। ਮੁੱਖ ਮੰਤਰੀ ਨੇ ਰਾਜਪਾਲ ਨੂੰ ਭਰੋਸਾ ਦਿੱਤਾ ਕਿ ਦੋਸ਼ੀਆਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ।