ਮੌੜ ਬੰਬ ਕਾਂਡ ਸੰਘਰਸ਼ ਕਮੇਟੀ ਤੇ ਪੀੜਤ ਪਰਿਵਾਰਾਂ ਨੇ ਹਾਦਸੇ ਵਿਚ ਮਾਰੇ ਗਏ ਪੰਜ ਮਾਸੂਮ ਬੱਚਿਆਂ ਸਮੇਤ ਸੱਤ ਵਿਅਕਤੀਆਂ ਦੀ ਯਾਦ ਵਿਚ ਅੱਜ ਸ਼ਰਧਾਂਜਲੀ ਸਮਾਰੋਹ ਕਰਵਾਇਆ ਤੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਪੀੜਤ ਪਰਿਵਾਰਾਂ ਨੇ ਪੁਲੀਸ ਪ੍ਰਸ਼ਾਸਨ ਵੱਲੋਂ ਦਿੱਤੀ ਐਂਬੂਲੈਂਸ ਇਨਸਾਫ਼ ਨਾ ਮਿਲਣ ਦੇ ਰੋਸ ਵਜੋਂ ਥਾਣੇ ਅੱਗੇ ਧਰਨਾ ਲਾ ਕੇ ਵਾਪਸ ਕਰ ਦਿੱਤੀ।
2017 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ 31 ਜਨਵਰੀ ਨੂੰ ਕਾਂਗਰਸੀ ਉਮੀਦਵਾਰ ਹਰਮਿੰਦਰ ਸਿੰਘ ਜੱਸੀ ਦੇ ਮੌੜ ਮੰਡੀ ਵਿਚ ਹੋਏ ਚੋਣ ਜਲਸੇ ਦੌਰਾਨ ਹੋਏ ਬੰਬ ਧਮਾਕੇ ਵਿਚ ਪੰਜ ਬੱਚਿਆਂ ਸਮੇਤ ਸੱਤ ਜਣਿਆਂ ਦੀਆਂ ਜਾਨਾਂ ਚਲੀਆਂ ਗਈਆਂ ਸਨ। ਮੌੜ ਬੰਬ ਕਾਂਡ ਸੰਘਰਸ਼ ਕਮੇਟੀ ਨੇ ਇਲਾਕਾ ਵਾਸੀਆਂ ਦੇ ਸਹਿਯੋਗ ਨਾਲ ਬੰਬ ਕਾਂਡ ਸਥਾਨ ’ਤੇ ਸਹਿਜ ਪਾਠ ਦੇ ਭੋਗ ਪਾਏ। ਭੋਗ ਮਗਰੋਂ ਹਲਕਾ ਵਿਧਾਇਕ ਜਗਦੇਵ ਸਿੰਘ ਕਮਾਲੂ, ਗੁਰਸੇਵਕ ਸਿੰਘ ਜਵਾਹਰਕੇ, ਦਰਸ਼ਨ ਸਿੰਘ ਮੌੜ, ਗੁਰਮੇਲ ਸਿੰਘ ਮੇਲਾ, ਜਗਦੀਸ਼ ਰਾਏ ਸ਼ਰਮਾ, ਗੁਰਜੀਤ ਸਿੰਘ ਪਾਤੜਾਂ, ਦੇਵ ਰਾਜ, ਰਣਦੀਪ ਸਿੰਘ ਗਰੇਵਾਲ, ਰਮਨਦੀਪ ਸਿੰਘ ਰਮਨਾ ਆਦਿ ਨੇ ਕਿਹਾ ਕਿ ਮੁਲਜ਼ਮਾਂ ਦੀ ਪਛਾਣ ਹੋਣ ਅਤੇ ਬੰਬ ਧਮਾਕੇ ਵਾਲੀ ਕਾਰ ਸਬੰਧੀ ਜਾਣਕਾਰੀ ਹੋਣ ਦੇ ਬਾਵਜੂਦ ਸਰਕਾਰ ਇਸ ਮਾਮਲੇ ਨੂੰ ਦੱਬਣ ਦੀਆਂ ਕੋਸ਼ਿਸ਼ਾਂ ਕਰ ਰਹੀ ਹੈ। ਬੁਲਾਰਿਆਂ ਨੇ ਮੰਗ ਕੀਤੀ ਕਿ ਇਸ ਮਾਮਲੇ ਦੀ ਜਲਦ ਉੱਚ ਪੱਧਰੀ ਜਾਂਚ ਕਰਵਾਈ ਜਾਵੇ ਅਤੇ ਮੁਲਜ਼ਮਾਂ ਨੂੰ ਸਖ਼ਤ ਸਜ਼ਾਵਾਂ ਦਿੱਤੀਆਂ ਜਾਣ ਤਾਂ ਜੋ ਪੀੜਤ ਪਰਿਵਾਰਾਂ ਦੇ ਜ਼ਖ਼ਮਾਂ ’ਤੇ ਮੱਲ੍ਹਮ ਲੱਗ ਸਕੇ।
ਇਸ ਮੌਕੇ ਗੁਰਸੇਵਕ ਸਿੰਘ ਜਵਾਹਰਕੇ ਨੇ ਕਿਹਾ ਕਿ ਡੇਰੇ ਸਿਰਸਾ ਵਿਚ ਜਾਂਚ ਲਈ ਗਈਆਂ ਟੀਮਾਂ ਨੂੰ ਡੇਰੇ ਦੇ ਗੇਟ ਤੋਂ ਵਾਪਸ ਬੁਲਾਉਣਾ ਸ਼ੱਕੀ ਹੈ। ਬੁਲਾਰਿਆਂ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿਚ ਸੰਘਰਸ਼ ਕਮੇਟੀ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਲਈ ਸੰਘਰਸ਼ ਦੀ ਵਿਉਂਤਬੰਦੀ ਕਰੇਗੀ ਤਾਂ ਜੋ ਕੁੰਭਕਰਨੀ ਸੁੱਤੀ ਸਰਕਾਰ ਅਤੇ ਪੁਲੀਸ ਪ੍ਰਸ਼ਾਸਨ ਨੂੰ ਜਗਾਇਆ ਜਾ ਸਕੇ।
ਭੋਗ ਮਗਰੋਂ ਇਲਾਕਾ ਵਾਸੀਆਂ ਨੇ ਰੋਸ ਮੁਜ਼ਾਹਰਾ ਕਰਦਿਆਂ ਥਾਣਾ ਮੌੜ ਵੱਲ ਕੂਚ ਕੀਤਾ ਤੇ ਪੰਜਾਬ ਸਰਕਾਰ ਅਤੇ ਪੁਲੀਸ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਉਨ੍ਹਾਂ ਰੋਸ ਪ੍ਰਗਟ ਕਰਦਿਆਂ ਸਰਕਾਰ ਵੱਲੋਂ ਕਮੇਟੀ ਨੂੰ ਦਿੱਤੀ ਐਂਬੂਲੈਂਸ ਡੀ.ਐੱਸ.ਪੀ. ਮਨੋਜ ਗੋਰਸੀ ਦੀ ਮੌਜੂਦਗੀ ’ਚ ਥਾਣਾ ਮੌੜ ਅੱਗੇ ਖੜ੍ਹੀ ਕਰ ਦਿੱਤੀ।
ਇਸ ਮੌਕੇ ਮੱਖਣ ਸਿੰਘ, ਬਲਰਾਜ ਸਿੰਘ, ਮ੍ਰਿਤਕ ਹਰਪਾਲ ਸਿੰਘ ਪਾਲੀ ਦਾ ਲੜਕਾ ਅਮਨਦੀਪ ਸਿੰਘ, ਗੁਰਪ੍ਰੀਤ ਸਿੰਘ ਮੰਟੀ, ਸੁਸ਼ੀਲ ਕੁਮਾਰ ਸ਼ੀਲੀ, ਨਵਦੀਪ ਸਟਾਰ, ਸੰਜੀਵ ਕੁਮਾਰ ਸੰਜੂ, ਅਵਤਾਰ ਮਾਨ, ਗੁਰਚਰਨ ਸਿੰਘ ਕੋਟਲੀ, ਮਨਜੀਤ ਸਿੰਘ, ਬਲਵੀਰ ਚੰਦ, ਰਮਨਦੀਪ ਸਿੰਘ ਨੇ ਮ੍ਰਿਤਕਾਂ ਨੂੰ ਸ਼ਰਧਾਂਜਲੀ ਭੇਟ ਕੀਤੀ।
INDIA ਮੌੜ ਬੰਬ ਕਾਂਡ: ਸ਼ਰਧਾਂਜਲੀ ਸਮਾਰੋਹ ਦੌਰਾਨ ਸਰਕਾਰ ’ਤੇ ਵਰ੍ਹੇ ਪੀੜਤ ਪਰਿਵਾਰ