ਨਵੀਂ ਦਿੱਲੀ (ਸਮਾਜ ਵੀਕਲੀ) : ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਅੱਜ ਦੋਸ਼ ਲਾਇਆ ਕਿ ਮਹਾਮਾਰੀ ਬਾਰੇ ਸੱਚ ਦਬਾਇਆ ਜਾ ਰਿਹਾ ਹੈ ਤੇ ਮੌਤਾਂ ਦੀ ਗਿਣਤੀ ਬਾਰੇ ਸਹੀ ਜਾਣਕਾਰੀ ਨਹੀਂ ਦਿੱਤੀ ਜਾ ਰਹੀ। ਉਨ੍ਹਾਂ ਟਵਿਟਰ ’ਤੇ ਟਵੀਟ ਕੀਤਾ,‘ਸੱਚ ਦਬਾਉਣਾ। ਆਕਸੀਜਨ ਦੀ ਘਾਟ ਤੋਂ ਮੁਨਕਰ ਹੋਣਾ। ਮੌਤਾਂ ਦੀ ਗਿਣਤੀ ਬਾਰੇ ਸਹੀ ਜਾਣਕਾਰੀ ਨਾ ਦੇਣਾ। ਭਾਰਤ ਸਰਕਾਰ ਸਭ ਕੁਝ ਕਰ ਰਹੀ ਹੈ…. ਆਪਣੀ ਝੂਠੀ ਛਬੀ ਨੂੰ ਬਚਾਉਣ ਲਈ।’ ਉਨ੍ਹਾਂ ‘ਨਿਊ ਯਾਰਕ ਟਾਈਮਜ਼’ ਦੇ ਪਹਿਲੇ ਪੰਨੇ ਦੀ ਤਸਵੀਰ ਸਾਂਝੀ ਕੀਤੀ ਹੈ ਜਿਸ ਵਿੱਚ ਲਾਸ਼ਾਂ ਦਾ ਸਸਕਾਰ ਕਰਦਿਆਂ ਵਿਖਾਇਆ ਗਿਆ ਹੈ ਤੇ ਇਸ ਨੂੰ ਸਿਰਲੇਖ ਦਿੱਤਾ ਗਿਆ ਹੈ- ‘ਭਾਰਤ ’ਚ ਕੋਵਿਡ ਦਾ ਵਧ ਰਿਹਾ ਪ੍ਰਕੋਪ, ਨਹੀਂ ਦੱਸੀ ਜਾ ਰਹੀ ਮੌਤਾਂ ਦੀ ਅਸਲ ਗਿਣਤੀ।’
ਇਸ ਤੋਂ ਪਹਿਲਾਂ ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਦੋਸ਼ ਲਾਇਆ ਸੀ ਕਿ ‘ਸਿਸਟਮ ਫੇਲ੍ਹ ਹੋ ਗਿਆ ਹੈ’ ਅਤੇ ਇਹ ਪਾਰਟੀ ਦਾ ਕਰਤੱਵ ਬਣਦਾ ਹੈ ਕਿ ਉਹ ਮੁਲਕ ’ਚ ਕੋਵਿਡ- 19 ਦੇ ਕੇਸਾਂ ਵਿੱਚ ਅਚਾਨਕ ਹੋਏ ਵਾਧੇ ਕਾਰਨ ਪ੍ਰਭਾਵਿਤ ਹੋ ਰਹੇ ਨਾਗਰਿਕਾਂ ਨੂੰ ਮਦਦ ਮੁਹੱਈਆ ਕਰਵਾਉਣ। ਉਨ੍ਹਾਂ ਦੀ ਇਹ ਟਿੱਪਣੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਆਪਣੇ ਰੇਡੀਓ ਪ੍ਰੋਗਰਾਮ ‘ਮਨ ਕੀ ਬਾਤ’ ਵਿੱਚ ਕੋਵਿਡ- 19 ਦੀ ਦੂਜੀ ਲਹਿਰ ਵੱਲੋਂ ਮੁਲਕ ਨੂੰ ਹਿਲਾ ਕੇ ਰੱਖ ਦੇਣ ਅਤੇ ਕੇਂਦਰ ਵੱਲੋਂ ਪੂਰੀ ਸਮਰੱਥਾ ਨਾਲ ਸੂਬਿਆਂ ਦੀ ਮਦਦ ਕਰਨ ਸਬੰਧੀ ਦਿੱਤੇ ਬਿਆਨ ਤੋਂ ਬਾਅਦ ਆਈ ਹੈ। ਸ੍ਰੀ ਗਾਂਧੀ ਨੇ ਟਵਿੱਟਰ ’ਤੇ ਟਵੀਟ ਕੀਤਾ,‘ਸਿਸਟਮ ਫੇਲ੍ਹ ਹੋ ਗਿਆ ਹੈ, ਇਸ ਲਈ ਜਨ ਕੀ ਬਾਤ ਕਰਨਾ ਜ਼ਰੂਰੀ ਹੈ।’ ਉਨ੍ਹਾਂ ਕਿਹਾ,‘ਇਸ ਸੰਕਟ ’ਚ, ਮੁਲਕ ਨੂੰ ਸੂਝਵਾਨ ਨਾਗਰਿਕਾਂ ਦੀ ਜ਼ਰੂਰਤ ਹੈ।
ਮੈਂ ਆਪਣੇ ਕਾਂਗਰਸੀ ਸਾਥੀਆਂ ਨੂੰ ਬੇਨਤੀ ਕਰਦਾ ਹਾਂ ਕਿ ਉਹ ਸਾਰਾ ਰਾਜਨੀਤਕ ਕੰਮ ਛੱਡ ਦੇਣ… ਸਿਰਫ਼ ਹਰ ਸੰਭਵ ਸਹਾਇਤਾ ਪ੍ਰਦਾਨ ਕਰਨ ਤੇ ਆਪਣੇ ਮੁਲਕ ਦੇ ਲੋਕਾਂ ਦਾ ਦੁੱਖ ਘੱਟ ਕਰਨ।’ ਕਾਂਗਰਸ ਦੇ ਮੁੱਖ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਕਿਹਾ ਕਿ ਅੰਕੜੇ ਛੁਪਾਉਣਾ ਅਤੇ ਕੇਸਾਂ ਤੇ ਮੌਤਾਂ ਦੀ ਕੁੱਲ ਗਿਣਤੀ ਸਾਂਝੀ ਨਾ ਕਰਨਾ ਦੇਸ਼ ਦਾ ਅਪਮਾਨ ਕਰਨਾ ਹੈ। ਉਨ੍ਹਾਂ ਕਿਹਾ ਕਿ ਅੰਕੜੇ ਭਾਵੇਂ ਕਿੰਨੇ ਵੀ ਗੰਭੀਰ ਕਿਉਂ ਨਾ ਹੋਣ, ਸਾਨੂੰ ਜਾਗਰੂਕ ਤੇ ਸਾਵਧਾਨ ਰੱਖਦੇ ਹਨ ਤੇ ਸਾਨੂੰ ਸਹੀ ਕਦਮ ਚੁੱਕਣ ਲਈ ਪ੍ਰੇਰਿਤ ਕਰਦੇ ਹਨ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly