ਲੁਧਿਆਣਾ- ਸਨਅਤੀ ਸ਼ਹਿਰ ਵਿੱਚ ਬੀਤੀ ਰਾਤ ਮੋਬਾਈਲ ਲੁੱਟਣ ਦਾ ਵਿਰੋਧ ਕਰਨ ’ਤੇ ਲੁਟੇਰਿਆਂ ਨੇ 22 ਸਾਲਾਂ ਨੌਜਵਾਨ ਦਾ ਚਾਕੂ ਮਾਰ ਕਤਲ ਕਰ ਦਿੱਤਾ। ਨੌਜਵਾਨ ਦੀ ਪਛਾਣ ਕੇਸ਼ਵ ਵਜੋਂ ਹੋਈ ਹੈ। ਪੁਲੀਸ ਨੇ ਇਸ ਮਾਮਲੇ ਵਿੱਚ ਮ੍ਰਿਤਕ ਕੇਸ਼ਵ ਦੇ ਦੋਸਤ ਮਹੇਸ਼ ਦੀ ਸ਼ਿਕਾਇਤ ’ਤੇ ਅਣਪਛਾਤੇ ਕਾਤਲਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਵਾਰਦਾਤ ਦੇ 24 ਘੰਟੇ ਬੀਤਣ ਦੇ ਬਾਵਜੂਦ ਇਸ ਮਾਮਲੇ ਵਿੱਚ ਪੁਲੀਸ ਦੇ ਹੱਥ ਖਾਲੀ ਹਨ। ਪੁਲੀਸ ਸੀਸੀਟੀਵੀ ਕੈਮਰੇ ਚੈੱਕ ਕਰ ਰਹੀ ਹੈ, ਪਰ ਪੁਲੀਸ ਨੂੰ ਕੋਈ ਸਫ਼ਲਤਾ ਨਹੀਂ ਮਿਲੀ ਹੈ। ਵਾਰਦਾਤ ਤੋਂ ਬਾਅਦ ਅੱਜ ਸਲੇਮ ਟਾਬਰੀ ਦੀ ਪੁਲੀਸ ਨੇ ਕੇਸ਼ਵ ਦੀ ਲਾਸ਼ ਨੂੰ ਸਿਵਲ ਹਸਪਤਾਲ ਪੋਸਟਮਾਰਟਮ ਲਈ ਭੇਜ ਦਿੱਤਾ। ਪਤਾ ਲੱਗਿਆ ਕਿ ਕਾਤਲਾਂ ਨੇ ਉਸ ਤੋਂ ਮੋਬਾਈਲ ਖੋਹਣ ਦੇ ਚੱਕਰ ਵਿੱਚ ਤਿੰਨ ਥਾਵਾਂ ’ਤੇ ਚਾਕੂ ਮਾਰਿਆ ਜਿਸ ਕਾਰਨ ਉਸਦੀ ਮੌਤ ਹੋਈ।
ਇਸ ਸਬੰਧੀ ਥਾਣਾ ਸਲੇਮ ਟਾਬਰੀ ਦੇ ਐੱਸਐੱਚਓ ਵਿਜੈ ਕੁਮਾਰ ਨੇ ਦੱਸਿਆ ਕਿ ਮ੍ਰਿਤਕ ਕੇਸ਼ਵ ਯੂਪੀ ਦਾ ਰਹਿਣ ਵਾਲਾ ਹੈ। ਉਹ ਇੱਥੇ ਆਪਣੇ ਸਾਥਿਆਂ ਨਾਲ ਰਹਿੰਦਾ ਸੀ। ਐਤਵਾਰ ਰਾਤ ਨੂੰ ਉਹ ਕੱਪੜਾ ਬਣਾਉਣ ਵਾਲੀ ਫੈਕਟਰੀ ਵਿੱਚੋਂ ਛੁੱਟੀ ਕਰਨ ਤੋਂ ਬਾਅਦ ਵਾਪਸ ਆਪਣੇ ਕਮਰੇ ਵਿੱਚ ਪਰਤ ਰਿਹਾ ਸੀ। ਉਸ ਨਾਲ ਉਸ ਦਾ ਦੋਸਤ ਮਹੇਸ਼ ਤੇ ਜਤਿਨ ਵੀ ਆ ਰਹੇ ਸਨ। ਇਸ ਦੌਰਾਨ ਮਹੇਸ਼ ਤੇ ਜਤਿਨ ਦੋਵੇਂ ਦੁਕਾਨ ਤੋਂ ਸਾਮਾਨ ਲੈਣ ਲਈ ਰੁਕ ਗਏ ਤੇ ਕੇਸ਼ਵ ਫੋਨ ’ਤੇ ਗੱਲ ਕਰਦਾ ਹੋਇਆ ਅੱਗੇ ਚਲਾ ਗਿਆ। ਕੁਝ ਦੂਰੀ ’ਤੇ ਜਾਣ ਤੋਂ ਬਾਅਦ ਮੋਟਰਸਾਈਕਲ ਸਵਾਰਾਂ ਨੇ ਉਸ ਤੋਂ ਮੋਬਾਈਲ ਖੋਹਣ ਦੀ ਕੋਸ਼ਿਸ਼ ਕੀਤੀ, ਪਰ ਕੇਸ਼ਵ ਨੇ ਇਸ ਦਾ ਵਿਰੋਧ ਸ਼ੁਰੂ ਕਰ ਦਿੱਤਾ ਜਿਸ ’ਤੇ ਉਨ੍ਹਾਂ ਨੇ ਚਾਕੂ ਕੱਢ ਕੇ ਵਾਰ ਕਰ ਦਿੱਤੇ। ਦੋਸਤਾਂ ਨੇ ਉਸ ਨੂੰ ਤੁਰੰਤ ਇਸਦੀ ਸੂਚਨਾ ਪੁਲੀਸ ਨੂੰ ਦਿੱਤੀ ਤੇ ਉਸਨੂੰ ਨੇੜੇ ਦੇ ਪ੍ਰਾਈਵੇਟ ਹਸਪਤਾਲ ਲੈ ਗਏ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਐੱਸਐੱਚਓ ਵਿਜੈ ਕੁਮਾਰ ਦਾ ਕਹਿਣਾ ਹੈ ਕਿ ਲੁਟੇਰਿਆਂ ਬਾਰੇ ਹਾਲੇ ਤੱਕ ਕੁਝ ਪਤਾ ਨਹੀਂ ਲੱਗਿਆ, ਕੇਸ਼ਵ ਦਾ ਮੋਬਾਈਲ ਪੁਲੀਸ ਨੂੰ ਘਟਨਾ ਸਥਾਨ ਤੋਂ ਮਿਲਿਆ ਹੈ। ਫਿਲਹਾਲ ਪੁਲੀਸ ਮਾਮਲੇ ਦੀ ਜਾਂਚ ਕਰ ਰਹੀ ਹੈ। ਪੁਲੀਸ ਨੇ
ਆਸ ਪਾਸ ਦੇ ਇਲਾਕਿਆਂ ਵਿੱਚ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਵੀ ਜਾਂਚੀ ਹੈ, ਪਰ ਹਾਲੇ ਤੱਕ ਕੋਈ ਸੁਰਾਗ ਨਹੀਂ ਮਿਲਿਆ ਹੈ।
INDIA ਮੋਬਾਈਲ ਖੋਹਣ ਦਾ ਵਿਰੋਧ ਕਰਨ ’ਤੇ ਨੌਜਵਾਨ ਦਾ ਕਤਲ