*ਮੋਦੀ ਸਰਕਾਰ ਅੜੀਅਲ ਰਵੱਈਆ ਛੱਡ ਕਿਸਾਨਾਂ ਦੀ ਇੱਛਾ ਅਨੁਸਾਰ ਪ੍ਰਦਰਸ਼ਨ ਕਰਨ ਦੀ ਥਾਂ ਦੇਵੇ : ਆਮ ਆਦਮੀ ਪਾਰਟੀ*

3 ਦਸੰਬਰ ਦਾ ਇੰਤਜ਼ਾਰ ਕਰਨ ਦੀ ਥਾਂ ਕਿਸਾਨਾਂ ਨਾਲ ਹੁਣੇ ਗੱਲ ਕਰਕੇ ਸਮੱਸਿਆ ਦਾ ਹੱਲ ਲੱਭੇ ਮੋਦੀ ਸਰਕਾਰ*

ਆਪਣੀ ਜ਼ਿੱਦ ਕਾਰਨ ਮੋਦੀ ਨੇ ਕਿਸਾਨਾਂ ਨੂੰ ਠੰਢ ਵਿੱਚ ਮਰਨ ਲਈ ਸੜਕ ਉੱਤੇ ਹੀ ਸੁੱਟਿਆ*

*ਚੰਡੀਗੜ੍ਹ,  ਨਕੋਦਰ (ਹਰਜਿੰਦਰ ਛਾਬੜਾ) (ਸਮਾਜ ਵੀਕਲੀ) : ਨਵੇਂ ਖੇਤੀ ਕਾਨੂੰਨਾਂ ਦੇ ਖ਼ਿਲਾਫ਼ ਲੜਾਈ ਲੜ ਰਹੇ ਕਿਸਾਨਾਂ ਦੇ ਅੰਦੋਲਨ ਨੂੰ ਮੋਦੀ ਵੱਲੋਂ ਆਪਣੇ ਅੜੀਅਲ ਰਵੱਈਆ ਉੱਤੇ ਚੱਲਦਿਆਂ ਦਮਨਕਾਰੀ ਨੀਤੀ ਤਹਿਤ ਕੁਚਲਨ ਦੇ ਯਤਨਾਂ ਦਾ ਵਿਰੋਧ ਕਰਦਿਆਂ ਆਮ ਆਦਮੀ ਪਾਰਟੀ (ਆਪ) ਨੇ ਮੰਗ ਕੀਤੀ ਕਿ ਮੋਦੀ ਸਰਕਾਰ ਬਿਨਾਂ ਕਿਸੇ ਸ਼ਰਤ ਤੋਂ ਕਿਸਾਨਾਂ ਨੂੰ ਉਨ੍ਹਾਂ ਦੀ ਮੰਗ ਵਾਲੀ ਥਾਂ ਉੱਤੇ ਜਾ ਕੇ ਪ੍ਰਦਰਸ਼ਨ ਕਰਨ ਦੀ ਇਜਾਜ਼ਤ ਦੇਵੇ। ਚੰਡੀਗੜ੍ਹ ਵਿਖੇ ਪਾਰਟੀ ਮੁੱਖ ਦਫ਼ਤਰ ਤੋਂ ਜਾਰੀ ਬਿਆਨ ਰਾਹੀਂ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਅਤੇ ਸੰਗਰੂਰ ਤੋਂ ਲੋਕ ਸਭਾ ਮੈਂਬਰ ਭਗਵੰਤ ਮਾਨ ਨੇ ਕਿਹਾ ਕਿ ਲੋਕਤੰਤਰ ਵਿਚ ਹਰ ਭਾਰਤੀ ਨੂੰ ਆਪਣਾ ਵਿਰੋਧ ਦਰਜ ਕਰਾਉਣ ਦਾ ਹੱਕ ਹੈ, ਪ੍ਰੰਤੂ ਮੋਦੀ ਆਪਣੀ ਹਿਟਲਰਸ਼ਾਹੀ ਸੋਚ ਰਾਹੀਂ ਦੇਸ਼ ਦੇ ਲੋਕਾਂ ਨੂੰ ਭਾਰਤ ਦੇ ਸੰਵਿਧਾਨ ਅਤੇ ਬਾਬਾ ਸਾਹਿਬ ਭੀਮ ਰਾਓ ਅੰਬੇਦਕਰ ਵੱਲੋਂ ਦਿੱਤੇ ਇਸ ਹੱਕ ਨੂੰ ਵੀ ਖੋਹਣ ਦਾ ਯਤਨ ਕਰ ਰਹੇ ਹਨ।

ਉਨ੍ਹਾਂ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਕਿਸਾਨਾਂ ਨੂੰ ਦਿੱਤੇ 3 ਦਸੰਬਰ ਦੇ ਮੀਟਿੰਗ ਦੇ ਸਮੇਂ ਦੀ ਉਡੀਕ ਨਾ ਕਰੇ, ਕਿਸਾਨਾਂ ਦੀਆਂ ਮੰਗਾਂ ਨੂੰ ਗੰਭੀਰਤਾ ਨਾਲ ਲਵੇ ਅਤੇ ਤੁਰੰਤ ਇਸ ਦਾ ਹੱਲ ਕੱਢੇ। ਉਨ੍ਹਾਂ ਕਿਹਾ ਕਿ ਠੰਢੀਆਂ ਰਾਤਾਂ ਨੂੰ ਜਦੋਂ ਦੇਸ਼ ਦਾ ਅੰਨਦਾਤਾ ਸੜਕਾਂ ਉੱਤੇ ਰੁਲ ਰਿਹਾ ਹੈ ਤਾਂ ਸਰਕਾਰ ਇਸ ਨੂੰ ਪਹਿਲ ਦੇ ਆਧਾਰ ਉੱਤੇ ਕਿਸਾਨਾਂ ਦੀ ਗੱਲ ਸੁਣੇ।

ਮਾਨ ਨੇ ਕਿਹਾ ਕਿ ਦਿੱਲੀ ਦੀ ਆਮ ਆਦਮੀ ਪਾਰਟੀ ਦੀ ਕੇਜਰੀਵਾਲ ਸਰਕਾਰ ਹੱਕਾਂ ਲਈ ਕੀਤੇ ਜਾ ਰਹੇ ਅੰਦੋਲਨ ਮੌਕੇ ਕਿਸਾਨਾਂ ਦੀ ਹਰ ਸੰਭਵ ਮਦਦ ਕਰੇਗੀ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਆਗੂ ਅਤੇ ਵਰਕਰ ਬਿਨਾਂ ਕਿਸੇ ਰਾਜਨੀਤਿਕ ਹਿੱਤ ਤੋਂ ਕਿਸਾਨ ਅੰਦੋਲਨ ਵਿਚ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਸਾਡੀ ਪਾਰਟੀ ਦੇ ਆਗੂ ਅਤੇ ਵਰਕਰ ਆਪ ਖ਼ੁਦ ਕਿਸਾਨ ਹਨ ਅਤੇ ਉਹ ਕਿਸਾਨਾਂ ਦਾ ਦਰਦ ਖ਼ੁਦ ਸਮਝਦੇ ਹਨ।

Previous articleUS Senate passes bill to clear epic Green Card backlog, Indians thrilled
Next article*ਕਾਂਗਰਸ ‘ਚ ਜਾਣਾ ਵੱਡੀ ਭੁੱਲ ਸੀ : ਅਮਰਜੀਤ ਸਿੰਘ ਸੰਦੋਆ*