ਮੋਦੀ ਵੱਲੋਂ 20 ਲੱਖ ਕਰੋੜ ਦੇ ਪੈਕੇਜ ਦਾ ਐਲਾਨ

‘ਆਤਮ-ਨਿਰਭਰ’ ਭਾਰਤ ਦਾ ਸੰਕਲਪ

ਲੌਕਡਾਊਨ ਦੇ ਚੌਥੇ ਗੇੜ ਬਾਰੇ ਜਾਣਕਾਰੀ 18 ਤੋਂ ਪਹਿਲਾਂ ਹੋਵੇਗੀ ਸਾਂਝੀ

* ਸੂਖ਼ਮ, ਛੋਟੇ ਤੇ ਦਰਮਿਆਨੇ ਉਦਯੋਗਾਂ ਨੂੰ ਰਾਹਤ ਦੇਣ ਉਤੇ ਜ਼ੋਰ
* ਸਥਾਨਕ ਉਤਪਾਦਾਂ ਦੇ ਮਹੱਤਵ ’ਤੇ ਜ਼ੋਰ, ਮੋਦੀ ਵੱਲੋਂ ‘ਲੋਕਲ ਉਤੇ ਵੋਕਲ’ ਦਾ ਨਾਅਰਾ
* ਪਰਵਾਸੀ ਮਜ਼ਦੂਰਾਂ ਤੇ ਹੋਰ ਵਰਗਾਂ ਨੂੰ ਵੀ ਰਾਹਤ ਦੇਣ ਦੀ ਤਜਵੀਜ਼
* ਸੀਤਾਰਾਮਨ ਵਿਸਥਾਰ ਵਿਚ ਦੇਣਗੇ ਪੈਕੇਜ ਬਾਰੇ ਜਾਣਕਾਰੀ


ਨਵੀਂ ਦਿੱਲੀ (ਸਮਾਜਵੀਕਲੀ) :
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਦੇਸ਼ ਵਾਸੀਆਂ ਦੇ ਨਾਂ ਆਪਣੇ ਸੰਬੋਧਨ ਵਿਚ ਕੋਵਿਡ ਸੰਕਟ ਦੌਰਾਨ ਭਾਰਤ ਨੂੰ ‘ਆਤਮ ਨਿਰਭਰ’ ਬਣਾਉਣ ਦੇ ਮੰਤਵ ਤਹਿਤ 20 ਲੱਖ ਕਰੋੜ ਰੁਪਏ ਦੇ ਪੈਕੇਜ ਦਾ ਐਲਾਨ ਕੀਤਾ ਹੈ। ਮੋਦੀ ਨੇ ਕਿਹਾ ਕਿ ਆਰਥਿਕ ਪੈਕੇਜ ਭਾਰਤ ਨੂੰ ਆਤਮ ਨਿਰਭਰ ਬਣਾਉਣ ਦੀ ਮੁਹਿੰਮ ਦੀ ਅਹਿਮ ਕੜੀ ਹੈ।

ਉਨ੍ਹਾਂ ਕਿਹਾ ਕਿ ਸਰਕਾਰ ਨੇ ਹਾਲ ਹੀ ਵਿਚ ਕਰੋਨਾ ਸੰਕਟ ਨਾਲ ਨਜਿੱਠਣ ਲਈ ਜੋ ਆਰਥਿਕ ਐਲਾਨ ਕੀਤੇ ਹਨ, ਆਰਬੀਆਈ ਨੇ ਵੀ ਜੋ ਛੋਟਾਂ ਦਿੱਤੀਆਂ ਹਨ, ਜੇ ਇਨ੍ਹਾਂ ਨੂੰ ਮਿਲਾ ਕੇ ਦੇਖੀਏ ਤਾਂ ਇਹ ਕਰੀਬ 20 ਲੱਖ ਕਰੋੜ ਰੁਪਏ ਬਣਦਾ ਹੈ। ਇਹ ਪੈਕੇਜ ਭਾਰਤ ਦੀ ਜੀਡੀਪੀ ਦਾ ਕਰੀਬ 10 ਫੀਸਦ ਹੈ। ਉਨ੍ਹਾਂ ਕਿਹਾ ਕਿ ਇਸ ਦਾ ਲਾਭ ਮੁਲਕ ਦੇ ਸਾਰੇ ਵਰਗਾਂ ਤੇ ਅਰਥ ਵਿਵਸਥਾ ਨੂੰ ਮਿਲੇਗਾ।

ਉਨ੍ਹਾਂ ਕਿਹਾ ਕਿ ਪੈਕੇਜ ਵਿਚ ਮਜ਼ਦੂਰ ਵਰਗ, ਨਗ਼ਦੀ ਦੀ ਸਥਿਤੀ ਤੇ ਸਾਰੇ ਕਾਨੂੰਨੀ ਪੱਖਾਂ ਨੂੰ ਧਿਆਨ ਵਿਚ ਰੱਖਿਆ ਗਿਆ ਹੈ। ਪੈਕੇਜ ਸੂਖ਼ਮ, ਛੋਟੇ ਤੇ ਦਰਮਿਆਨੇ ਉਦਯੋਗਾਂ ਲਈ ਹੈ ਜੋ ਕਰੋੜਾਂ ਲੋਕਾਂ ਨੂੰ ਰੁਜ਼ਗਾਰ ਦਿੰਦੇ ਹਨ। ਉਨ੍ਹਾਂ ਆਉਣ ਵਾਲੇ ਦਿਨਾਂ ’ਚ ਵੱਡੇ ਪੱਧਰ ’ਤੇ ਆਰਥਿਕ ਸੁਧਾਰਾਂ ਦਾ ਸੰਕੇਤ ਵੀ ਦਿੱਤਾ ਹੈ।

ਇਸੇ ਦੌਰਾਨ ਮੋਦੀ ਨੇ ਲੋਕਾਂ ਨੂੰ ‘ਲੋਕਲ ਉਤੇ ਵੋਕਲ’ ਬਣਨ, ਸਥਾਨਕ ਉਤਪਾਦਾਂ ਨੂੰ ਮਹੱਤਵ ਦੇਣ ਤੇ ਉਨ੍ਹਾਂ ਦੀ ਮੰਗ ਵਧਾਉਣ ਦੇ ਨਾਲ ਹੀ ਉਨ੍ਹਾਂ ਦਾ ਪ੍ਰਚਾਰ ਕਰਨ ਉਤੇ ਵੀ ਜ਼ੋਰ ਦਿੱਤਾ। ਪੈਕੇਜ ਬਾਰੇ ਵਿਸਥਾਰ ਵਿਚ ਜਾਣਕਾਰੀ ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਦੇਣਗੇ। ਪ੍ਰਧਾਨ ਮੰਤਰੀ ਨੇ ਕਿਹਾ ਕਿ ਲੌਕਡਾਊਨ ਦੇ ਚੌਥੇ ਗੇੜ ਨਾਲ ਸਬੰਧਤ ਜਾਣਕਾਰੀ 18 ਮਈ ਤੋਂ ਪਹਿਲਾਂ ਸਾਂਝੀ ਕਰ ਦਿੱਤੀ ਜਾਵੇਗੀ।

ਉਨ੍ਹਾਂ ਕਿਹਾ ਕਿ ਇਹ ਪਹਿਲੇ ਗੇੜਾਂ ਨਾਲੋਂ ਵੱਖ ਹੋਵੇਗਾ। ਮੋਦੀ ਨੇ ਕਿਹਾ ਕਿ ਵਾਇਰਸ ਨੇ ਪੂਰੀ ਦੁਨੀਆ ਨੂੰ ਤਹਿਸ-ਨਹਿਸ ਕਰ ਦਿੱਤਾ ਹੈ। ਪੂਰਾ ਸੰਸਾਰ ਵਾਇਰਸ ਖ਼ਿਲਾਫ਼ ਇਕ ਤਰ੍ਹਾਂ ਦੀ ਜੰਗ ਲੜ ਰਿਹਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਮੌਜੂਦਾ ਸੰਕਟ ਕਲਪਨਾ ਤੋਂ ਪਰ੍ਹੇ ਦੀ ਗੱਲ ਹੈ। ਮੋਦੀ ਨੇ ਮਹਾਰਾਸ਼ਟਰ ਦੇ ਔਰੰਗਾਬਾਦ ਵਿਚ 8 ਮਈ ਨੂੰ ਮਾਲ ਗੱਡੀ ਹੇਠ ਆ ਕੇ ਹਲਾਕ ਹੋਏ 16 ਪਰਵਾਸੀ ਕਾਮਿਆਂ ਦੇ ਵਾਰਿਸਾਂ ਲਈ 2-2 ਲੱਖ ਰੁਪਏ ਐਕਸਗ੍ਰੇਸ਼ੀਆ ਮਦਦ ਵੀ ਮਨਜ਼ੂਰ ਕੀਤੀ ਹੈ। ਇਹ ਰਾਸ਼ੀ ਪ੍ਰਧਾਨ ਮੰਤਰੀ ਕੌਮੀ ਰਾਹਤ ਫੰਡ ਵਿਚੋਂ ਦਿੱਤੀ ਜਾਵੇਗੀ

Previous articleਮੁੱਖ ਸਕੱਤਰ ਕਰਨ ਅਵਤਾਰ ਸਿੰਘ ਤੋਂ ਆਬਕਾਰੀ ਵਿਭਾਗ ਦਾ ਚਾਰਜ ਵਾਪਸ ਲਿਆ
Next article183 stranded Indians brought back from Muscat