ਅਹਿਮਦਾਬਾਦ (ਸਮਾਜ ਵੀਕਲੀ) : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਜਹਾਜ਼ਰਾਨੀ ਮੰਤਰਾਲਾ ਦਾ ਘੇਰਾ ਵਧਾਇਆ ਜਾ ਰਿਹਾ ਹੈ ਤੇ ਇਸ ਨੂੰ ਪੋਰਟਸ, ਸ਼ਿੰਪਿੰਗ ਤੇ ਵਾਟਰਵੇਅਜ਼ ਦਾ ਨਵਾਂ ਨਾਮ ਦਿੱਤਾ ਗਿਆ ਹੈ। ਸ੍ਰੀ ਮੋਦੀ ਗੁਜਰਾਤ ਦੇ ਸੂਰਤ ਵਿੱਚ ਹਜ਼ੀਰਾ ਤੋਂ ਭਾਵਨਗਰ ਦੇ ਘੋਗਾ ਵਿਚਾਲੇ ਸ਼ੁਰੂ ਕੀਤ ਰੋ-ਪੈਕਸ ਫੈਰੀ ਸੇਵਾ ਦੇ ਊਦਘਾਟਨ ਲਈ ਜੁੜੇ ਇਕੱਠ ਨੂੰ ਸੰਬੋਧਨ ਕਰ ਰਹੇ ਸਨ। ਇਸ ਸੇਵਾ ਦੇ ਸ਼ੁਰੂ ਹੋਣ ਨਾਲ ਦੋਵਾਂ ਜ਼ਿਲ੍ਹਿਆਂ ਵਿੱਚ 370 ਕਿਲੋਮੀਟਰ ਦਾ ਸੜਕੀ ਫਾਸਲਾ ਸਾਗਰੀ ਰਸਤੇ ਜ਼ਰੀਏ ਘਟ ਕੇ 90 ਕਿਲੋਮੀਟਰ ਰਹਿ ਜਾਵੇਗਾ ਤੇ ਸਮਾਂ ਵੀ 10 ਤੋਂ 12 ਘੰਟੇ ਦੀ ਥਾਂ ਲਗਪਗ ਚਾਰ ਘੰਟੇ ਲੱਗੇਗਾ।
ਸ੍ਰੀ ਮੋਦੀ ਨੇ ਕਿਹਾ, ‘ਸਰਕਾਰੀ ਯਤਨਾਂ ਨੂੰ ਹੁਲਾਰਾ ਦੇਣ ਦੀ ਦਿਸ਼ਾ ਵਿੱਚ ਇਕ ਹੋਰ ਕਦਮ ਪੁੱਟਿਆ ਗਿਆ ਹੈ। ਜਹਾਜ਼ਰਾਨੀ ਮੰਤਰਾਲੇ ਦਾ ਨਾਮ ਹੁਣ ਪੋਰਟਸ, ਸ਼ਿੰਪਿੰਗ ਤੇ ਵਾਟਰਵੇਅਜ਼ ਹੋਵੇਗਾ। ਇਸ ਦਾ ਵਿਸਥਾਰ ਕੀਤਾ ਗਿਆ ਹੈ। ਵਿਕਸਤ ਅਰਥਚਾਰਿਆਂ ਵਿੱਚ, ਬਹੁਤੀਆਂ ਥਾਵਾਂ ’ਤੇ ਸ਼ਿਪਿੰਗ ਮੰਤਰਾਲੇ ਵੱਲੋਂ ਹੀ ਬੰਦਰਗਾਹਾਂ ਤੇ ਜਲਮਾਰਗਾਂ ਦੀ ਸਾਂਭ ਸੰਭਾਲ ਕੀਤੀ ਜਾਂਦੀ ਹੈ। ਭਾਰਤ ਵਿੱਚ ਜਹਾਜ਼ਰਾਨੀ ਮੰਤਰਾਲਾ ਬੰਦਰਗਾਹਾਂ ਤੇ ਜਲਮਾਰਗਾਂ ਲਈ ਬਹੁਤ ਸਾਰਾ ਕੰਮ ਕਰਦਾ ਹੈ। ਨਾਮ ਵਿੱਚ ਸਪਸ਼ਟਤਾ ਨਾਲ ਕੰਮ ਵਿੱਚ ਸਪਸ਼ਟਤਾ ਆੲੇਗੀ।’
ਸ੍ਰੀ ਮੋਦੀ ਨੇ ਕਿਹਾ ਕਿ ਇਸ ਸੇਵਾ ਦੇ ਸ਼ੁਰੂ ਹੋਣ ਨਾਲ ਲੋਕਾਂ ਦਾ ਸਮਾਂ ਤੇ ਪੈਸਾ ਦੋਵੇਂ ਬਚਣਗੇ ਅਤੇ ਸੜਕਾਂ ਤੋਂ ਆਵਾਜਾਈ ਘਟੇਗੀ ਤੇ ਹਵਾਂ ’ਚੋਂ ਪ੍ਰਦੂਸ਼ਣ ਘਟੇਗਾ। ਤਿੰਨ ਡੈੱਕ ਵਾਲੀ ਰੋ-ਪੈਕਸ ਫੈਰੀ ਵੈਸਲ ਵੋਇਜ ਸਿੰਫਨੀ ਦੀ ਵਜ਼ਨ ਸਮਰਥਾ 30 ਟਰੱਕਾਂ ਦੀ ਹੋਵੇਗੀ ਤੇ ਇਸ ਵਿੱਚ 500 ਮੁਸਾਫ਼ਰ ਅਤੇ ਅਮਲੇ ਤੇ ਮਹਿਮਾਨਨਿਵਾਜ਼ੀ ਸਟਾਫ਼ ਦੇ 34 ਮੈਂਬਰ ਸਵਾਰ ਹੋ ਸਕਣਗੇ।