ਨਵੀਂ ਦਿੱਲੀ (ਸਮਾਜਵੀਕਲੀ) : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਚੀਨ ਦੀਆਂ 59 ਐਪਸ ’ਤੇ ਪਾਬੰਦੀ ਲਾਏ ਜਾਣ ਦੇ ਕੁਝ ਦਿਨਾਂ ਮਗਰੋਂ ਅੱਜ ਨਵੇਂ ਉੱਦਮੀਆਂ ਤੇ ਤਕਨੀਕੀ ਭਾਈਚਾਰੇ ਨੂੰ ‘ਆਤਮਨਿਰਭਰ ਐਪ ਇਨੋਵੇਸ਼ਨ ਚੈਲੇਂਜ’ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਆਈਟੀ ਮੰਤਰਾਲਾ ਕਰੋਨਾ ਵੱਲੋਂ ਪਾਈ ਰੁਕਾਵਟ ਨਾਲ ਸਿੱਝ ਰਿਹਾ ਹੈ।
ਆਈ ਟੀ ਮੰਤਰੀ ਰਵੀ ਸ਼ੰਕਰ ਪ੍ਰਸਾਦ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਭਾਰਤੀ ਐਪਲੀਕੇਸ਼ਨ ਡਿਵੈੱਲਪਰਜ਼ ਅਤੇ ਖੋਜਕਰਤਾਵਾਂ ਨੂੰ ਉਤਸ਼ਾਹਿਤ ਕਰਨ ਲਈ ਅਜਿਹਾ ਕੀਤਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਚੁਣੌਤੀ ਨਾਲ ‘ਆਤਮਨਿਰਭਰ ਐਪ ਈਕੋਸਿਸਟਮ’ ਤਿਆਰ ਕਰਨ ’ਚ ਮਦਦ ਮਿਲੇਗੀ। ਉਨ੍ਹਾਂ ਨੇ ਲਿੰਕਡਨ ’ਤੇ ਲਿਖਿਆ, ‘ਕੌਣ ਜਾਣਦਾ ਹੈ ਕਿ ਮੈਂ ਵੀ ਤੁਹਾਡੇ ਵੱਲੋਂ ਬਣਾਈਆਂ ਐਪਸ ਵਿੱਚੋਂ ਕੁਝ ਦੀ ਵਰਤੋਂ ਕਰ ਸਕਦਾ ਹਾਂ।’ ਉਨ੍ਹਾਂ ਕਿਹਾ, ‘ਅੱਜ ਤਕਨੀਕੀ ਅਤੇ ਉੱਦਮੀ ਭਾਈਚਾਰੇ ਵਿੱਚ ਵਿਸ਼ਵ ਪੱਧਰੀ ‘ਮੇਡ ਇੰਡੀਆ ਐਪਸ’ ਬਣਾਉਣ ਲਈ ਬਹੁਤ ਉਤਸ਼ਾਹ ਹੈ।’
ਪ੍ਰਧਾਨ ਮੰਤਰੀ ਨੇ ਲਿੰਕਡਨ ਦੀ ਪੋਸਟ ਸਾਂਝੀ ਕਰਦਿਆਂ ਟਵੀਟ ਕੀਤਾ, ‘ਨਵੇਂ ਸੁਝਾਆਂ ਅਤੇ ਉਤਪਾਦਾਂ ਨੂੰ ਹੁਲਾਰਾ ਦੇਣ ਲਈ ਇਲੈੱਕਟ੍ਰੋਨਿਕਸ ਅਤੇ ਸੂਚਨਾ ਤਕਨੀਕੀ ਮੰਤਰਾਲਾ, ਅਟੱਲ ਇਨੋਵੇਸ਼ਨ ਮਿਸ਼ਨ ਨਾਲ ਮਿਲ ਕੇ ‘ਆਤਮਨਿਰਭਰ ਐਪ ਇਨੋਵੇਸ਼ਨ ਚੈਲੇਂਜ’ ਸ਼ੁਰੂ ਕਰ ਰਿਹਾ ਹੈ।’ ਮੋਦੀ ਨੇ ਦੇਸ਼ਵਾਸੀਆਂ ਨੂੰ ‘ਆਤਮਨਿਰਭਰ ਭਾਰਤ ਬਣਾਉਣ ਦਾ ਸੱਦਾ ਦਿੱਤਾ ਸੀ ਤੇ ਲੋਕਾਂ ਨੂੰ ਸਥਾਨਕ ਉਤਪਾਦਾਂ ’ਤੇ ਜ਼ੋਰ ਦੇਣ ਲਈ ਕਿਹਾ ਸੀ। ਉਨ੍ਹਾਂ ਕਿਹਾ ਕਿ ਕਰੋਨਾ ਮਹਾਮਾਰੀ ਨੇ ਵੱਡੀ ਰੁਕਾਵਟ ਲਿਆਂਦੀ ਹੈ, ਜਿਸ ਨਾਲ ਤਕਨੀਕ ਦੀ ਵਰਤੋਂ ਨਾਲ ਨਿਜਿੱਠਿਆ ਜਾ ਰਿਹਾ ਹੈ।