ਮੋਦੀ ਵੱਲੋਂ ਮੁੱਖ ਮੰਤਰੀਆਂ ਨਾਲ ਕੋਵਿਡ ਟੀਕਾਕਰਨ ਬਾਰੇ ਚਰਚਾ

ਨਵੀਂ ਦਿੱਲੀ (ਸਮਾਜ ਵੀਕਲੀ) : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਭਾਰਤ ’ਚ ਬਣੇ ਕੋਵਿਡ-19 ਦੇ ਦੋ ਵੈਕਸੀਨ, ਜਿਨ੍ਹਾਂ ਨੂੰ ਪਹਿਲਾਂ ਹੀ ਲੋੜੀਂਦੀ ਪ੍ਰਵਾਨਗੀ ਮਿਲ ਚੁੱਕੀ ਹੈ, ਕੀਮਤ ਪੱਖੋਂ ਪੂਰੇ ਸੰਸਾਰ ਵਿਚ ਉਪਲੱਬਧ ਹੋਰਨਾਂ ਵੈਕਸੀਨਾਂ ਮੁਕਾਬਲੇ ਕਿਫ਼ਾਇਤੀ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਟੀਕਿਆਂ ਨੂੰ ਦੇਸ਼ ਦੀਆਂ ਲੋੜਾਂ ਮੁਤਾਬਕ ਤਿਆਰ ਕੀਤਾ ਗਿਆ ਹੈ। ਇੱਥੇ ਸਾਰੇ ਰਾਜਾਂ ਦੇ ਮੁੱਖ ਮੰਤਰੀਆਂ ਨਾਲ ਕੋਵਿਡ-19 ਦੀ ਮੌਜੂਦਾ ਸਥਿਤੀ ਤੇ ਟੀਕਾਕਰਨ ਪ੍ਰੋਗਰਾਮ ਬਾਰੇ ਚਰਚਾ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਡੀਜੀਸੀੲੇ ਵੱਲੋਂ ਪ੍ਰਵਾਨਿਤ ਦੋ ਟੀਕਿਆਂ ਤੋਂ ਇਲਾਵਾ ਚਾਰ ਹੋਰ ਵੈਕਸੀਨਾਂ ’ਤੇ ਵੀ ਕੰਮ ਚੱਲ ਰਿਹਾ ਹੈ।

ਮੋਦੀ ਨੇ ਕਿਹਾ, ‘ਸਾਡੇ ਮਾਹਿਰਾਂ ਨੇ ਦੇਸ਼ ਵਾਸੀਆਂ ਨੂੰ ਅਸਰਦਾਰ ਵੈਕਸੀਨ ਦੇਣ ਲਈ ਹਰ ਸੰਭਵ ਸਾਵਧਾਨੀ ਵਰਤੀ ਹੈ।’ ਉਨ੍ਹਾਂ ਕਿਹਾ ਕਿ ਭਾਰਤ ਕੋਵਿਡ-19 ਖ਼ਿਲਾਫ਼ ਲੜਾਈ ਵਿੱਚ ਫ਼ੈਸਲਾਕੁਨ ਗੇੜ ’ਚ ਦਾਖ਼ਲ ਹੋ ਰਿਹਾ ਹੈ ਤੇ ਵਿਸ਼ਵ ਦਾ ਸਭ ਤੋਂ ਵੱਡਾ ਟੀਕਾਕਰਨ ਪ੍ਰੋਗਰਾਮ 16 ਜਨਵਰੀ ਤੋਂ ਸ਼ੁਰੂ ਹੋਵੇਗਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਪਹਿਲੀ ਗੇੜ ’ਚ ਤਿੰਨ ਕਰੋੜ ‘ਕਰੋਨਾ ਯੋਧਿਆਂ’ ਅਤੇ ਮੂਹਰਲੀ ਕਤਾਰ ਦੇ ਕਾਮਿਆਂ ਨੂੰ ਟੀਕੇ ਲਾੲੇ ਜਾਣਗੇ। ਭਾਰਤ ’ਚ ਵਿਕਸਤ ਕੀਤੇ ਗਏ ਜਿਨ੍ਹਾਂ ਦੋ ਕਰੋਨਾ ਵੈਕਸੀਨਾਂ ਨੂੰ ਹੰਗਾਮੀ ਹਾਲਾਤ ’ਚ ਵਰਤੋਂ ਲਈ ਪ੍ਰਵਾਨਗੀ ਦਿੱਤੀ ਗਈ ਹੈ, ਉਨ੍ਹਾਂ ਵਿੱਚ ਸੀਰਮ ਇੰਸਟੀਚਿਊਟ ਵੱਲੋਂ ਬਣਾਇਆ ਜਾਣ ਵਾਲਾ ਤੇ ਆਕਸਫੋਰਡ ਵੱਲੋਂ ਵਿਕਸਤ ਵੈਕਸੀਨ ‘ਕੋਵੀਸ਼ੀਲਡ’ ਅਤੇ ਭਾਰਤ ਬਾਇਓਟੈੱਕ ਦਾ ‘ਕੋਵੈਕਸੀਨ’ ਸ਼ਾਮਲ ਹਨ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਪਹਿਲੇ ਗੇੜ ਵਿਚ ਤਿੰਨ ਕਰੋੜ ਲੋਕਾਂ ਨੂੰ ਲੱਗਣ ਵਾਲੇ ਵੈਕਸੀਨ ਦਾ ਖ਼ਰਚਾ ਕੇਂਦਰ ਸਰਕਾਰ ਵੱਲੋਂ ਝੱਲਿਆ ਜਾਵੇਗਾ।

Previous articleਦਿੱਲੀ ਵਿੱਚ ਵੀ ਬਰਡ ਫਲੂ ਦੀ ਪੁਸ਼ਟੀ
Next articleਖੇਤੀ ਕਾਨੂੰਨਾਂ ਬਾਰੇ ਚਰਚਾ ਨਾ ਕਰਨ ’ਤੇ ਢੀਂਡਸਾ ਵੱਲੋਂ ਵਾਕਆਊਟ