ਪ੍ਰਧਾਨ ਮੰਤਰੀ ਦਾ ਰਾਸ਼ਟਰ ਨੂੰ ਸੰਦੇਸ਼
ਰਾਤ 9 ਵਜੇ 9 ਮਿੰਟ ਤਕ ਘਰਾਂ ਦੀਆਂ ਬੱਤੀਆਂ ਬੁਝਾ ਕੇ ਰੌਸ਼ਨੀ ਕਰਨ ਲਈ ਕਿਹਾ
ਨਵੀਂ ਦਿੱਲੀ (ਸਮਾਜਵੀਕਲੀ)– ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਰੋਨਾਵਾਇਰਸ ਦੇ ਹਨੇਰੇ ਨੂੰ ਰੌਸ਼ਨੀ ਦੀ ਤਾਕਤ ਨਾਲ ਹਰਾਉਣ ਦੀ ਲੋੜ ’ਤੇ ਜ਼ੋਰ ਦਿੰਦਿਆਂ ਮੁਲਕ ਦੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਉਂਦੇ ਐਤਵਾਰ (5 ਅਪਰੈਲ) ਨੂੰ ਆਪਣੇ ਘਰਾਂ ਦੀਆਂ ਸਾਰੀਆਂ ਬੱਤੀਆਂ ਬੰਦ ਕਰਕੇ ਰਾਤ 9 ਵਜੇ 9 ਮਿੰਟ ਤਕ ਆਪਣੇ ਘਰਾਂ ’ਚ ਦੀਵੇ, ਮੋਮਬੱਤੀਆਂ, ਟਾਰਚਾਂ ਜਾਂ ਮੋਬਾਈਲ ਫੋਨ ਦੀਆਂ ਫਲੈਸ਼ ਲਾਈਟਾਂ ਜਗਾ ਕੇ ਕਰੋਨਾ ਖ਼ਿਲਾਫ਼ 130 ਕਰੋੜ ਭਾਰਤੀਆਂ ਦੀ ਮਹਾਸ਼ਕਤੀ ਜਗਾਉਣ ਅਤੇ ਇਕਜੁੱਟਤਾ ਦਾ ਸੁਨੇਹਾ ਦੇਣ।
ਲੌਕਡਾਊਨ ਦੇ ਨੌਵੇਂ ਦਿਨ ਪ੍ਰਧਾਨ ਮੰਤਰੀ ਨੇ 11 ਮਿੰਟ ਦੇ ਵੀਡੀਓ ਸੰਦੇਸ਼ ਦੌਰਾਨ ਕਿਹਾ ਕਿ ਇਕਜੁੱਟਤਾ ਨਾਲ ਹੀ ਕਰੋਨਾ ਵਰਗੀ ਮਹਾਮਾਰੀ ਨੂੰ ਮਾਤ ਦਿੱਤੀ ਜਾ ਸਕਦੀ ਹੈ ਅਤੇ ਇਸ ਤਾਕਤ ਰਾਹੀਂ ਇਹ ਸੰਦੇਸ਼ ਦੇਣਾ ਹੈ ਕਿ ਦੇਸ਼ਵਾਸੀ ਇਕਜੁੱਟ ਹਨ। ਉਨ੍ਹਾਂ 22 ਮਾਰਚ ਨੂੰ ਲੋਕਾਂ ਵੱਲੋਂ ਘਰਾਂ ’ਚੋਂ ਹੀ ਥਾਲੀਆਂ ਖੜਕਾ ਕੇ ਜਾਂ ਹੋਰ ਸਾਧਨਾਂ ਨਾਲ ਕਰੋਨਾ ਖ਼ਿਲਾਫ਼ ਲੜਾਈ ਲੜਨ ਵਾਲਿਆਂ ਦਾ ਧੰਨਵਾਦ ਕਰਨ ਨੂੰ ਬੇਮਿਸਾਲ ਦੱਸਦਿਆਂ ਕਿਹਾ ਕਿ ‘ਜਨਤਾ ਕਰਫਿਊ’ ਇਕ ਮਿਸਾਲ ਬਣ ਗਿਆ ਹੈ ਅਤੇ ਹੋਰ ਕਈ ਮੁਲਕ ਵੀ ਇਸ ਨੂੰ ਦੁਹਰਾ ਰਹੇ ਹਨ।
ਉਨ੍ਹਾਂ ਕਿਹਾ ਕਿ ਲੌਕਡਾਊਨ ਦੌਰਾਨ ਦੇਸ਼ ਵਾਸੀਆਂ ਨੇ ਅਨੁਸ਼ਾਸਨ ਅਤੇ ਸੇਵਾ ਭਾਵ ਦਿਖਾਇਆ ਜਿਸ ਨਾਲ ਸ਼ਾਸਨ-ਪ੍ਰਸ਼ਾਸਨ ਤੇ ਜਨਤਾ ਨੇ ਹਾਲਾਤ ਨੂੰ ਚੰਗੇ ਤਰੀਕੇ ਨਾਲ ਸਾਂਭਣ ਦਾ ਕੰਮ ਕੀਤਾ। ਉਨ੍ਹਾਂ ਲੋਕਾਂ ਨੂੰ ‘ਲਕਸ਼ਮਣ ਰੇਖਾ’ ਪਾਰ ਨਾ ਕਰਨ ਅਤੇ ਸਮਾਜਿਕ ਦੂਰੀ ਬਣਾਈ ਰੱਖਣ ਦੀ ਨਸੀਹਤ ਦਿੰਦਿਆਂ ਕਿਹਾ ਕਿ ਉਹ ਐਤਵਾਰ ਨੂੰ ਆਪਣੀ ਇਕਜੁੱਟਤਾ ਦਿਖਾਉਣ ਲਈ ਇਕ ਥਾਂ ’ਤੇ ਇਕੱਠੇ ਨਾ ਹੋਣ। ਉਨ੍ਹਾਂ ਕਿਹਾ ਕਿ 130 ਕਰੋੜ ਦੀ ਆਬਾਦੀ ਸਮੂਹਿਕ ਰੂਪ ’ਚ ਹਰੇਕ ਨੂੰ ਲੜਨ ਦੀ ਤਾਕਤ ਅਤੇ ਜਿੱਤ ਦਾ ਭਰੋਸਾ ਦੇਵੇਗਾ।
ਸੰਸਕ੍ਰਿਤ ਦੇ ਸ਼ਲੋਕ ਦਾ ਜਾਪ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ,‘‘ਸਾਡੇ ਜਨੂੰਨ ਅਤੇ ਸਾਡੀ ਭਾਵਨਾ ਨਾਲੋਂ ਦੁਨੀਆ ’ਚ ਕੋਈ ਵੱਡੀ ਸ਼ਕਤੀ ਨਹੀਂ ਹੋ ਸਕਦੀ। ਦੁਨੀਆ ’ਚ ਅਜਿਹਾ ਕੁਝ ਵੀ ਨਹੀਂ ਹੈ ਜੋ ਅਸੀਂ ਇਸ ਤਾਕਤ ਦੇ ਆਧਾਰ ’ਤੇ ਪ੍ਰਾਪਤ ਨਹੀਂ ਕਰ ਸਕਦੇ। ਆਓ ਆਪਾਂ ਇਕੱਠੇ ਹੋ ਕੇ ਸਾਂਝੇ ਤੌਰ ’ਤੇ ਇਸ ਕਰੋਨਾਵਾਇਰਸ ਨੂੰ ਹਰਾ ਦੇਈਏ ਤੇ ਭਾਰਤ ਨੂੰ ਵਿਜੇਤਾ ਬਣਾਈਏ।’’ ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਨੇ 24 ਮਾਰਚ ਨੂੰ ਮਹਾਮਾਰੀ ਦੇ ਪਸਾਰ ਨੂੰ ਰੋਕਣ ਲਈ 21 ਦਿਨ ਦੇ ਲੌਕਡਾਊਨ ਦਾ ਐਲਾਨ ਕੀਤਾ ਸੀ।