ਮੋਦੀ ਵੱਲੋਂ ਅਮਰੀਕੀ ਉਪ ਰਾਸ਼ਟਰਪਤੀ ਨਾਲ ਮੁਲਾਕਾਤ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਅਮਰੀਕਾ ਦੇ ਉੱਪ ਰਾਸ਼ਟਰਪਤੀ ਮਾਈਕ ਪੈਂਸ ਨੇ ਅੱਜ ਇੱਥੇ ਮੁਲਾਕਾਤ ਕਰਕੇ ਰੱਖਿਆ, ਕਾਰੋਬਾਰੀ ਸਹਿਯੋਗ, ਅਤਿਵਾਦ ਰੋਕਣ ਤੇ ਹੋਰ ਆਲਮੀ ਮੁੱਦਿਆਂ ਬਾਰੇ ਖੁੱਲ੍ਹ ਕੇ ਚਰਚਾ ਕੀਤੀ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਵੀਸ਼ ਕੁਮਾਰ ਨੇ ਦੱਸਿਆ ਕਿ ਦੋਵਾਂ ਆਗੂਆਂ ਵੱਲੋਂ ਅੱਜ ਇਹ ਮੁਲਾਕਾਤ ਪੂਰਬੀ ਏਸ਼ੀਆ ਸੰਮੇਲਨ ਦਰਮਿਆਨ ਕੀਤੀ ਗਈ ਹੈ। ਇਸ ਦੌਰਾਨ ਦੋਵਾਂ ਆਗੂਆਂ ਨੇ ਆਲਮੀ ਮੁੱਦਿਆਂ ਤੋਂ ਇਲਾਵਾ ਦੋਵਾਂ ਮੁਲਕਾਂ ਵਿਚਾਲੇ ਆਪਸੀ ਸਹਿਯੋਗ ਵਧਾਉਣ ਸਬੰਧੀ ਉਸਾਰੂ ਗੱਲਬਾਤ ਕੀਤੀ ਹੈ। ਸ੍ਰੀ ਮੋਦੀ ਨਾਲ ਮੁਲਾਕਾਤ ਤੋਂ ਬਾਅਦ ਪੈਂਸ ਨੇ ਟਵੀਟ ਕੀਤਾ, ‘ਪ੍ਰਧਾਨ ਮੰਤਰੀ ਨਾਲ ਸਾਡੇ ਮੁਕਤ ਤੇ ਖੁੱਲ੍ਹੇ ਭਾਰਤ-ਪ੍ਰਸ਼ਾਂਤ ਖੇਤਰ ਅਤੇ ਸੁਰੱਖਿਆ ਤੇ ਅਤਿਵਾਦ ਖ਼ਿਲਾਫ ਸਹਿਯੋਗ ਬਾਰੇ ਵਿਚਾਰਾਂ ਬਾਰੇ ਚਰਚਾ ਕੀਤੀ ਗਈ।’ ਪੈਂਸ ਦੇ ਦਫਤਰ ਵੱਲੋਂ ਜਾਰੀ ਸੂਚਨਾ ਅਨੁਸਾਰ ਉਨ੍ਹਾਂ ਨੇ ਭਾਰਤ ਨਾਲ ਖੁੱਲ੍ਹੇ, ਪਾਰਦਰਸ਼ੀ ਤੇ ਦੁਵੱਲੇ ਕਾਰੋਬਾਰ ਦੇ ਉਤਸ਼ਾਹ ਲਈ ਜ਼ੋਰ ਦਿੱਤਾ ਹੈ।
ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਵਿਦੇਸ਼ ਸਕੱਤਰ ਵਿਜੈ ਗੋਖਲੇ ਨੇ ਕਿਹਾ ਕਿ ਇਹ ਬਹੁਤ ਹੀ ਸ਼ਾਨਦਾਰ ਮੀਟਿੰਗ ਰਹੀ। ਉਨ੍ਹਾਂ ਕਿਹਾ, ‘ਦੋਵਾਂ ਆਗੂਆਂ ਨੇ ਦੁਵੱਲੇ ਸਬੰਧ ਮਜ਼ਬੂਤ ਕਰਨ ਤੇ ਆਲਮੀ ਮੁੱਦਿਆਂ ’ਤੇ ਸਹਿਮਤੀ ਦਿਖਾਈ ਅਤੇ ਦੋਵਾਂ ਮੁਲਕਾਂ ਦੇ ਰਿਸ਼ਤਿਆਂ ਨੂੰ ਅਗਲੇ ਮਹੀਨਿਆਂ ਤੇ 2019 ਤੱਕ ਅੱਗੇ ਲਿਜਾਣ ਬਾਰੇ ਚਰਚਾ ਕੀਤੀ।’ ਉਨ੍ਹਾਂ ਦੱਸਿਆ ਕਿ ਇਸ ਦੌਰਾਨ ਅਤਿਵਾਦ ਦੇ ਮੁੱਦੇ ’ਤੇ ਵੀ ਚਰਚਾ ਕੀਤੀ ਗਈ ਅਤੇ ਪੈਂਸ ਨੇ 26 ਨਵੰਬਰ ਨੂੰ ਮੁੰਬਈ ਹਮਲਿਆਂ ਦੇ ਦਸ ਸਾਲ ਪੂਰੇ ਹੋਣ ਬਾਰੇ ਗੱਲਬਾਤ ਕੀਤੀ ਤੇ ਅਤਿਵਾਦ ਖ਼ਿਲਾਫ਼ ਇਕੱਜੁਟਤਾ ਦਾ ਪ੍ਰਗਟਾਵਾ ਕੀਤਾ। ਸ੍ਰੀ ਮੋਦੀ ਨੇ ਪੈਂਸ ਦਾ ਧੰਨਵਾਦ ਕੀਤਾ ਤੇ ਉਨ੍ਹਾਂ ਦੇ ਧਿਆਨ ’ਚ ਲਿਆਂਦਾ ਕਿ ਮੁੰਬਈ ਹਮਲਿਆਂ ਲਈ ਜ਼ਿੰਮੇਵਾਰ ਵਿਅਕਤੀ ਪਾਕਿਸਤਾਨ ’ਚ ਸਿਆਸੀ ਆਗੂ ਬਣਨ ਦੀ ਤਿਆਰੀ ਕਰ ਰਹੇ ਹਨ, ਜੋ ਚਿੰਤਾ ਦਾ ਵਿਸ਼ਾ ਹੈ।

Previous articleOver 600 immigrants arrested at US border in 48 hours
Next article20 IS militants killed by US-led airstrikes in Syria