ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਸ਼ਮੀਰੀ ਦਹਿਸ਼ਤਗਰਦਾਂ, ਉੱਤਰ-ਪੂਰਬੀ ਰਾਜਾਂ ਵਿੱਚ ਪਾਬੰਦੀਸ਼ੁਦਾ ਸੰਗਠਨਾਂ ਅਤੇ ਨਕਸਲਵਾਦੀਆਂ ਨੂੰ ਹਥਿਆਰ ਸੁੱਟਣ, ਮੁੱਖ ਧਾਰਾ ਵਿੱਚ ਸ਼ਾਮਲ ਹੋਣ ਅਤੇ ‘ਜ਼ਿੰਦਗੀ ਦੇ ਜ਼ਸ਼ਨ’ ਮਨਾਉਣ ਦਾ ਸੱਦਾ ਦਿੱਤਾ ਹੈ। ਬੀਤੀ 27 ਜਨਵਰੀ ਨੂੰ ਵੱਖਰੇ ਬੋਡੋਲੈਂਡ ਦਾ ਵਿਵਾਦ ਹੱਲ ਕਰਨ ਸਬੰਧੀ ਹੋਏ ਸਮਝੌਤੇ ਦਾ ਜਸ਼ਨ ਮਨਾਉਣ ਲਈ ਇੱਥੇ ਰੱਖੀ ਵੱਡੀ ਜਨਤਕ ਰੈਲੀ ਨੂੰ ਸੰਬੋਧਨ ਕਰਦਿਆਂ ਮੋਦੀ ਨੇ ਪਿਛਲੀਆਂ ਗੈਰ-ਭਾਜਪਾ ਸਰਕਾਰਾਂ ’ਤੇ ਮੁੱਖ ਮੁੱਦਿਆਂ ਨੂੰ ਪਿੱਛੇ ਪਾਉਣ ਅਤੇ ਲੋਕਾਂ ਨੂੰ ਅਲੱਗ-ਥਲੱਗ ਕਰਕੇ ਉਨ੍ਹਾਂ ਦਾ ਲੋਕਤੰਤਰ ਅਤੇ ਸੰਵਿਧਾਨ ਤੋਂ ਭਰੋਸਾ ਖ਼ਤਮ ਕਰਨ ਦੇ ਦੋਸ਼ ਲਾਏ।
ਪ੍ਰਧਾਨ ਮੰਤਰੀ ਨੇ ਕਿਹਾ, ‘‘ਬੋਡੋ ਸਮਝੌਤੇ ਨਾਲ ਅਸਾਮ ਵਿੱਚ ਅਮਨ-ਸ਼ਾਂਤੀ ਅਤੇ ਵਿਕਾਸ ਦੀ ਨਵੀਂ ਸਵੇਰ ਹੋਈ ਹੈ। ਲੋਕਾਂ ਦੇ ਸਹਿਯੋਗ ਨਾਲ, ਸਥਾਈ ਅਮਨ-ਸ਼ਾਂਤੀ ਦਾ ਰਾਹ ਖੁੱਲ੍ਹ ਗਿਆ ਹੈ।’’ ਉਨ੍ਹਾਂ ਅੱਗੇ ਕਿਹਾ, ‘‘ਕਸ਼ਮੀਰ, ਉੱਤਰ-ਪੂਰਬ ਦੇ ਹੋਰ ਹਿੱਸਿਆਂ ਵਿੱਚ ਦਹਿਸ਼ਤਗਰਦਾਂ ਅਤੇ ਨਕਸਲਵਾਦੀਆਂ ਕੋਲ ਜੋ ਬੰਬ, ਬੰਦੂਕਾਂ ਅਤੇ ਗੋਲੀਆਂ ਹਨ ….ਉਹ ਤਿਆਗ ਦੇਣ ਤੇ ਵਾਪਸ ਆਉਣ….ਮੁੱਖ ਧਾਰਾ ਵਿੱਚ ਸ਼ਾਮਲ ਹੋਣ। ਵਾਪਸ ਆ ਜਾਣ ਅਤੇ ਜੀਵਨ ਦੇ ਜਸ਼ਨ ਮਨਾਉਣ।’’ ਮੋਦੀ ਨੇ ਕਿਹਾ ਕਿ 1993 ਅਤੇ 2003 ਵਿੱਚ ਬਾਗੀਆਂ ਨਾਲ ਪਹਿਲਾਂ ਕੀਤੇ ਸਮਝੌਤਿਆਂ ਤੋਂ ਉਲਟ ਇਸ ਵਾਰ ਉਨ੍ਹਾਂ ਨੂੰ ਵਿਸ਼ਵਾਸ ਹੈ ਕਿ ਕੇਂਦਰ, ਅਸਾਮ ਸਰਕਾਰ ਅਤੇ ਬੋਡੋ ਸਮੂਹਾਂ ਵਿਚਾਲੇ ਹੋਏ ਸਮਝੌਤੇ ਨਾਲ ਖੇਤਰ ਵਿੱਚ ਸਥਾਈ ਅਮਨ-ਸ਼ਾਂਤੀ ਆਵੇਗੀ। ਉਨ੍ਹਾਂ ਕਿਹਾ, ‘‘ਇਤਿਹਾਸਿਕ ਸਮਝੌਤੇ ’ਤੇ ਹਸਤਾਖਰ ਹੋਣ ਨਾਲ ਸਾਰੀਆਂ ਮੰਗਾਂ ਮੰਨੀਆਂ ਗਈਆਂ ਹਨ।’’ ਨਵੇਂ ਨਾਗਰਿਕਤਾ ਕਾਨੂੰਨ ਤੋਂ ਬਾਅਦ ਅਸਾਮ ਦੀ ਪਲੇਠੀ ਫੇਰੀ ’ਤੇ ਆਏ ਪ੍ਰਧਾਨ ਮੰਤਰੀ ਨੇ ਇਸ ਮੁੱਦੇ ’ਤੇ ਵੀ ਖੇਤਰ ਦੇ ਲੋਕਾਂ ਦੀਆਂ ਚਿੰਤਾਵਾਂ ਦੂਰ ਕਰਨ ਦੀ ਗੱਲ ਕੀਤੀ। ਉਨ੍ਹਾਂ ਕਿਹਾ, ‘‘ਇਹ ਅਫ਼ਵਾਹ ਫੈਲਾਈ ਜਾ ਰਹੀ ਹੈ ਕਿ ਸੀਏਏ ਦੇ ਪਾਸ ਹੋਣ ਨਾਲ ਹੋਰ ਮੁਲਕਾਂ ਤੋਂ ਲੱਖਾਂ ਸ਼ਰਨਾਰਥੀ ਭਾਰਤ ਆ ਜਾਣਗੇ। ਅਜਿਹਾ ਕੁਝ ਨਹੀਂ ਹੋਵੇਗਾ।’’ ਦੱਸਣਯੋਗ ਹੈ ਕਿ ਨਵਾਂ ਨਾਗਰਿਕਤਾ ਕਾਨੂੰਨ ਬਣਨ ਮਗਰੋਂ ਕਈ ਦਿਨ ਅਸਾਮ ਹਿੰਸਕ ਪ੍ਰਦਰਸ਼ਨਾਂ ਦਾ ਅਖਾੜਾ ਬਣਿਆ ਰਿਹਾ, ਜਿਸ ਕਾਰਨ ਪ੍ਰਧਾਨ ਮੰਤਰੀ ਨੂੰ ਦਸੰਬਰ ਅਤੇ ਜਨਵਰੀ ਲਈ ਨਿਰਧਾਰਿਤ ਆਪਣੀਆਂ ਦੋ ਅਸਾਮ ਫੇਰੀਆਂ ਰੱਦ ਕਰਨੀਆਂ ਪਈਆਂ ਸਨ। ਪ੍ਰਧਾਨ ਮੰਤਰੀ ਨੇ ਕਿਹਾ, ‘‘ਹੁਣ ਵਿਕਾਸ ਸਾਡੀ ਪਹਿਲੀ ਅਤੇ ਆਖਰੀ ਤਰਜੀਹ ਹੈ। ਮੇਰਾ ਭਰੋਸਾ ਕਰੋ, ਮੈਂ ਤੁਹਾਡਾ ਹਾਂ। ਜਦੋਂ ਤੁਸੀਂ ਬੰਬਾਂ ਤੇ ਬੰਦੂਕਾਂ ਦਾ ਰਾਹ ਤਿਆਗਣ ਦਾ ਫ਼ੈਸਲਾ ਕਰ ਲਿਆ ਹੈ, ਮੈਂ ਇਹ ਯਕੀਨੀ ਬਣਾਵਾਂਗਾ ਕਿ ਤੁਹਾਨੂੰ ਕੰਡਾ ਵੀ ਨਾ ਚੁਭੇ।’’ ਉਨ੍ਹਾਂ ਇਸ ਸਮਝੌਤੇ ਤੋਂ ਦੋਵੇਂ ਬੋਡੋ ਅਤੇ ਗੈਰ-ਬੋਡੋ ਨੂੰ ਫ਼ਾਇਦਾ ਹੋਣ ਦੀ ਗੱਲ ਕਰਦਿਆਂ ਕਿਹਾ, ‘‘ਕਿਸੇ ਦੀ ਹਾਰ ਨਹੀਂ ਹੋਈ, ਸਭ ਦੀ ਜਿੱਤ ਹੋਈ ਹੈ। ਪਰ ਪਹਿਲਾਂ ਇਹ ਸ਼ਾਂਤੀ ਦੀ ਜਿੱਤ ਹੈ, ਇਨਸਾਨੀਅਤ ਦੀ ਜਿੱਤ ਹੈ।’’
HOME ਮੋਦੀ ਵਲੋਂ ਬਾਗੀਆਂ ਨੂੰ ਹਥਿਆਰ ਤਿਆਗਣ ਤੇ ਜੀਵਨ ਦੇ ਜਸ਼ਨ ਮਨਾਉਣ ਦਾ...