ਡੇਰਾ ਬਾਬਾ ਨਾਨਕ ਵਿਖੇ ਚੈੱਕ ਪੋਸਟ ਤੇ ਲਾਂਘੇ ਦਾ ਉਦਘਾਟਨ ਕਰਨ ਮਗਰੋਂ ਪ੍ਰਧਾਨ ਮੰਤਰੀ ਨੇ ਨਿਸ਼ਾਨ ਸਾਹਿਬ ਫਹਿਰਾ ਕੇ 562 ਸਿੱਖ ਸ਼ਰਧਾਲੂਆਂ ਦੇ ਪਹਿਲੇ ਜਥੇ ਨੂੰ ਬਿਨਾਂ ਵੀਜ਼ਾ ਗੁਰਦੁਆਰਾ ਕਰਤਾਰਪੁਰ ਦੇ ਦਰਸ਼ਨਾਂ ਲਈ ਰਵਾਨਾ ਕੀਤਾ। ਸਿੱਖ ਸ਼ਰਧਾਲੂਆਂ ਦੇ ਇਸ ਉੱਚ ਪੱਧਰੀ ਵਫ਼ਦ ਵਿਚ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ, ਉਨ੍ਹਾਂ ਦੀ ਪਤਨੀ ਗੁਰਸ਼ਰਨ ਕੌਰ, ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ, ਹਰਸਿਮਰਤ ਕੌਰ ਬਾਦਲ, ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ, ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ, ਭਾਜਪਾ ਦੇ ਸੰਸਦ ਮੈਂਬਰ ਸਨੀ ਦਿਓਲ ਅਤੇ ਸੋਮ ਪ੍ਰਕਾਸ਼, ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ, ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ, ਬਾਬਾ ਸਰਬਜੋਤ ਸਿੰਘ ਬੇਦੀ ਸਮੇਤ ਵੱਡੀ ਗਿਣਤੀ ਵਿਚ ਹੋਰ ਪਤਵੰਤੇ ਸ਼ਾਮਲ ਸਨ।
ਗੁਰਦੁਆਰੇ ਦੇ ਵਿਹੜੇ ’ਚ ਜ਼ਮੀਨ ’ਤੇ ਹੀ ਬੈਠੇ ਆਗੂ ਤੇ ਸੰਗਤ
ਕਰਤਾਰਪੁਰ ਸਾਹਿਬ (ਪਾਕਿਸਤਾਨ) ਵਿਚ ਅੱਜ ਉਦਘਾਟਨੀ ਸਮਾਗਮ ਮੌਕੇ ਗੁਰਦੁਆਰੇ ਦੇ ਵਿਹੜੇ ਵਿਚ ਸਾਰੇ ਵੱਡੇ ਆਗੂ ਅਤੇ ਸੰਗਤ ਜ਼ਮੀਨ ’ਤੇ ਹੀ ਬੈਠੀ ਸੀ। ਕੋਈ ਵੀ ਆਗੂ ਕਿਸੇ ਉੱਚੀ ਥਾਂ ’ਤੇ ਜਾਂ ਮੰਚ ਉਤੇ ਬਿਰਾਜਮਾਨ ਨਹੀਂ ਸੀ। ਪਾਕਿਸਤਾਨੀ ਆਗੂਆਂ ਨੇ ਵੀ ਗੁਰੂ ਘਰ ਪ੍ਰਤੀ ਸ਼ਰਧਾ ਦਾ ਪ੍ਰਗਟਾਵਾ ਕਰਦਿਆਂ ਆਪਣੇ ਸਿਰ ਢਕੇ ਹੋਏ ਸਨ। ਮੰਚ ਸੰਚਾਲਕ ਸਮੇਤ ਪਾਕਿਸਤਾਨੀ ਬੁਲਾਰਿਆਂ ਨੇ ਫ਼ਤਹਿ ਵੀ ਬੁਲਾਈ।
ਸੰਯੁਕਤ ਰਾਸ਼ਟਰ ਅਤੇ ਅਮਰੀਕਾ ਵੱਲੋਂ ਲਾਂਘਾ ਖੋਲ੍ਹੇ ਜਾਣ ਦਾ ਸਵਾਗਤ
ਸੰਯੁਕਤ ਰਾਸ਼ਟਰ/ਵਾਸ਼ਿੰਗਟਨ: ਕਰਤਾਰਪੁਰ ਸਾਹਿਬ ਲਾਂਘਾ ਖੋਲ੍ਹੇ ਜਾਣ ਦਾ ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਅੰਤੋਨੀਓ ਗੁਟੇਰੇਜ਼ ਅਤੇ ਅਮਰੀਕਾ ਦੇ ਵਿਦੇਸ਼ ਮੰਤਰਾਲੇ ਨੇ ਸਵਾਗਤ ਕੀਤਾ ਹੈ। ਉਨ੍ਹਾਂ ਕਿਹਾ ਕਿ ਲਾਂਘੇ ਰਾਹੀਂ ਦੋਵੇਂ ਮੁਲਕਾਂ ਵਿਚਕਾਰ ਆਪਸੀ ਸਮਝ ਵਧੇਗੀ ਅਤੇ ਧਰਮਾਂ ਵਿਚਕਾਰ ਸਦਭਾਵਨਾ ਦਾ ਮਾਹੌਲ ਬਣੇਗਾ। ਅਮਰੀਕੀ ਵਿਦੇਸ਼ ਵਿਭਾਗ ਦੀ ਤਰਜਮਾਨ ਮੌਰਗਨ ਓਰਟਾਗਸ ਨੇ ਟਵਿੱਟਰ ’ਤੇ ਪਾਈ ਪੋਸਟ ’ਚ ਦੋਵੇਂ ਮੁਲਕਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਹ ਗੁਆਂਢੀ ਮੁਲਕਾਂ ਵਿਚਕਾਰ ਆਪਸੀ ਲਾਹੇ ਲਈ ਰਲ ਕੇ ਕੰਮ ਕਰਨ ਦੀ ਹਾਂ-ਪੱਖੀ ਮਿਸਾਲ ਹੈ। ਉਨ੍ਹਾਂ ਕਿਹਾ ਕਿ ਨਵਾਂ ਲਾਂਘਾ ਧਾਰਮਿਕ ਆਜ਼ਾਦੀ ਨੂੰ ਹੁਲਾਰਾ ਦੇਣ ਲਈ ਉਠਾਇਆ ਗਿਆ ਵੱਡਾ ਕਦਮ ਹੈ।