ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਰਾਜਪਥ ’ਤੇ ‘ਹੁਨਰ ਹਾਟ’ ਦਾ ਅਚਨਚੇਤ ਦੌਰਾ ਕੀਤਾ ਤੇ ਕਲਾਕਾਰਾਂ ਨਾਲ ਗੱਲਬਾਤ ਕਰਨ ਤੋਂ ਇਲਾਵਾ ‘ਲਿੱਟੀ-ਚੋਖਾ’ ਦਾ ਆਨੰਦ ਮਾਣਿਆ। ਉਨ੍ਹਾਂ ‘ਕੁੱਲੜ੍ਹ ਚਾਹ’ ਵੀ ਪੀਤੀ। ਕੇਂਦਰੀ ਕੈਬਨਿਟ ਦੀ ਮੀਟਿੰਗ ਤੋਂ ਬਾਅਦ ਮੋਦੀ ਰਾਜਪਥ ਚਲੇ ਗਏ ਜਿੱਥੇ ਘੱਟ ਗਿਣਤੀਆਂ ਬਾਰੇ ਮੰਤਰਾਲੇ ਵੱਲੋਂ ‘ਹੁਨਰ ਹਾਟ’ ਚਲਾਈ ਜਾ ਰਹੀ ਹੈ। ਸੂਤਰਾਂ ਮੁਤਾਬਕ ਮੰਤਰਾਲੇ ਦੇ ਅਧਿਕਾਰੀ ਮੋਦੀ ਦੇ ਅਚਨਚੇਤ ਦੌਰੇ ਨਾਲ ਹੈਰਾਨ ਹੋ ਗਏ। ਉਹ ਉੱਥੇ ਕਰੀਬ 50 ਮਿੰਟ ਤੱਕ ਰੁਕੇ। ਉਨ੍ਹਾਂ ਆਟੇ ਦਾ ਲੱਡੂ, ਜਿਸ ’ਚ ਸੱਤੂ ਰਲਾਇਆ ਹੋਇਆ ਸੀ, ਵੀ ਖਾਧਾ ਤੇ ਇਸ ਲਈ 120 ਰੁਪਏ ਅਦਾ ਕੀਤੇ। ਚਾਹ ਦਾ ਸੁਆਦ ਉਨ੍ਹਾਂ ਕੇਂਦਰੀ ਮੰਤਰੀ ਮੁਖ਼ਤਾਰ ਅੱਬਾਸ ਨਕਵੀ ਨਾਲ ਲਿਆ। ਇਸ ਲਈ 40 ਰੁਪਏ ਅਦਾ ਕੀਤੇ। ਉਨ੍ਹਾਂ ਨਕਵੀ ਨਾਲ ‘ਹੁਨਰ ਹਾਟ’ ਦਾ ਗੇੜਾ ਵੀ ਮਾਰਿਆ ਤੇ ਕਈ ਸਟਾਲਾਂ ’ਤੇ ਰੁਕ ਕੇ ਕਲਾਕਾਰਾਂ ਨਾਲ ਗੱਲਬਾਤ ਕੀਤੀ। ਮਗਰੋਂ ਉਨ੍ਹਾਂ ਟਵੀਟ ’ਚ ਲਿਖਿਆ ਕਿ ਹਸਤਕਲਾ, ਗਲੀਚੇ ਤੇ ਹੋਰ ਵਸਤਾਂ ਦੀ ਇੱਥੇ ਬਿਹਤਰੀਨ ਪ੍ਰਦਰਸ਼ਨੀ ਹੈ, ਖਾਣਾ ਤਾਂ ਸੁਆਦ ਹੈ ਹੀ। ਸਾਰੇ ਭਾਰਤ ਦੇ ਲੋਕਾਂ ਦੀ ਸ਼ਮੂਲੀਅਤ ਹੁਨਰ ਹਾਟ ਨੂੰ ਖ਼ਾਸ ਬਣਾਉਂਦੀ ਹੈ।’ ਇਕ ਸਟਾਲ ’ਤੇ ਉਨ੍ਹਾਂ ਰਵਾਇਤੀ ਸੰਗੀਤਕ ਸਾਜ਼ ’ਤੇ ਵੀ ਹੱਥ ਅਜ਼ਮਾਇਆ। ਕਲਾਕਾਰਾਂ ਨੇ ਮੋਦੀ ਨੂੰ ‘ਹੁਨਰ ਹਾਟ’ ਤੋਂ ਹੋਏ ਲਾਭ ਬਾਰੇ ਜਾਣੂ ਕਰਵਾਇਆ। ਕਈ ਲੋਕਾਂ ਨੇ ਇਸ ਮੌਕੇ ਮੋਦੀ ਨਾਲ ਸੈਲਫ਼ੀਆਂ ਵੀ ਲਈਆਂ।
HOME ਮੋਦੀ ਨੇ ‘ਹੁਨਰ ਹਾਟ’ ’ਤੇ ‘ਲਿੱਟੀ-ਚੋਖਾ’ ਦਾ ਆਨੰਦ ਮਾਣਿਆ