ਮੋਦੀ ਨੇ ਵੋਟਾਂ ਖਾਤਰ ਦੇਸ਼ ਨੂੰ ਵੰਡਿਆ: ਕੈਪਟਨ

ਜਾਖੜ ਨੂੰ ਭਵਿੱਖ ਦਾ ਮੁੱਖ ਮੰਤਰੀ ਕਰਾਰ ਦਿੱਤਾ;
ਬਾਦਲਾਂ ਅਤੇ ਸਨੀ ਦਿਓਲ ਨੂੰ ਬਣਾਇਆ ਨਿਸ਼ਾਨਾ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਭੋਆ ਅਤੇ ਬਟਾਲਾ ’ਚ ਕਾਂਗਰਸ ਉਮੀਦਵਾਰ ਸੁਨੀਲ ਜਾਖੜ ਦੇ ਹੱਕ ਵਿੱਚ ਕੀਤੀਆਂ ਚੋਣ ਰੈਲੀਆਂ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਪਰ ਵੋਟਾਂ ਦੀ ਰਾਜਨੀਤੀ ਨੂੰ ਲੈ ਕੇ ਦੇਸ਼ ਨੂੰ ਧਰਮ ਅਤੇ ਜਾਤ-ਪਾਤ ਵਿੱਚ ਵੰਡਣ ਦੀ ਨਿੰਦਾ ਕੀਤੀ। ਉਹ ਅੰਤਰਰਾਸ਼ਟਰੀ ਰਸਾਲੇ ‘ਟਾਈਮ’ ਵੱਲੋਂ ਛਾਪੀ ਗਈ ਰਿਪੋਰਟ ਦਾ ਹਵਾਲਾ ਦੇ ਰਹੇ ਸਨ ਜਿਸ ਵਿੱਚ ਮੋਦੀ ਨੂੰ ਡਿਵਾਈਡਰ-ਇਨ-ਚੀਫ ਗਰਦਾਨਿਆ ਗਿਆ ਹੈ। ਕੈਪਟਨ ਨੇ ਕਿਹਾ ਕਿ ਰਿਪੋਰਟ ਦੇ ਪ੍ਰਕਾਸ਼ਿਤ ਹੋਣ ਨਾਲ ਦੇਸ਼ ਦੀ ਕੌਮਾਂਤਰੀ ਪੱਧਰ ’ਤੇ ਸਾਖ ਬਹੁਤ ਘਟੀ ਹੈ ਜਦਕਿ ਇੰਦਰਾ ਗਾਂਧੀ, ਰਾਜੀਵ ਗਾਂਧੀ ਅਤੇ ਅਟਲ ਬਿਹਾਰੀ ਵਾਜਪਾਈ ਦੇ ਸਮਿਆਂ ਵਿੱਚ ਸੰਯੁਕਤ ਰਾਸ਼ਟਰ ਵਿੱਚ ਭਾਰਤ ਦੀ ਸਰਦਾਰੀ ਹੁੰਦੀ ਸੀ। ਉਨ੍ਹਾਂ ਕਿਹਾ ਕਿ ਮੋਦੀ ਨੇ ਪੰਜ ਸਾਲਾਂ ਦੇ ਕਾਰਜਕਾਲ ਦੌਰਾਨ ਅਜਿਹੀਆਂ ਕਾਰਵਾਈਆਂ ਕੀਤੀਆਂ ਜਿਸ ਨਾਲ ਪ੍ਰਧਾਨ ਮੰਤਰੀ ਅਹੁਦੇ ਦਾ ਵੱਕਾਰ ਘੱਟ ਗਿਆ। ਉਨ੍ਹਾਂ ਕਿਹਾ ਕਿ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਪਾਕਿਸਤਾਨ ਦੇ ਟੋਟੇ ਕੀਤੇ ਸਨ ਪਰ ਉਨ੍ਹਾਂ ਹਮੇਸ਼ਾ ਇਸ ਦਾ ਸਿਹਰਾ ਫ਼ੌਜ ਦੇ ਸਿਰ ਬੰਨ੍ਹਿਆ। ਦੂਜੇ ਪਾਸੇ ਨਰਿੰਦਰ ਮੋਦੀ ਬਾਲਾਕੋਟ ਦੇ ਹਵਾਈ ਹਮਲੇ ਨੂੰ ਆਪਣੀ ਪ੍ਰਾਪਤੀ ਦੱਸ ਰਹੇ ਹਨ ਜਦੋਂ ਕਿ ਇਹ ਹਵਾਈ ਸੈਨਾ ਅਤੇ ਫ਼ੌਜ ਦੀ ਉਪਲੱਬਧੀ ਹੈ।’ ਉਨ੍ਹਾਂ ਕਿਹਾ ਕਿ ਜਦੋਂ ਉਹ ਖੁਦ ਫ਼ੌਜ ਵਿੱਚ ਸਨ ਤਾਂ ਉਸ ਸਮੇਂ ਫ਼ੌਜ ਵੱਲੋਂ ਕਰਾਸ ਬਾਰਡਰ ਰੇਡ ਕੀਤੇ ਜਾਂਦੇ ਸਨ ਜਦਕਿ ਅੱਜ ਕੱਲ ਇਸ ਨੂੰ ਨਵਾਂ ਨਾਂ ਸਰਜੀਕਲ ਸਟਰਾਈਕ ਦੇ ਦਿੱਤਾ ਗਿਆ ਹੈ। ਉਨ੍ਹਾਂ ਸਪੱਸ਼ਟ ਕਿਹਾ ਕਿ ਇਸ ਸਮੇਂ ਦੇਸ਼ ਬੜੀ ਔਖੀ ਘੜੀ ’ਚੋਂ ਨਿਕਲ ਰਿਹਾ ਹੈ। ਉਨ੍ਹਾਂ ਕਿਹਾ,‘‘ਪ੍ਰਧਾਨ ਮੰਤਰੀ ਅਜਿਹਾ ਬਣੇ ਜੋ ਵਿਦੇਸ਼ਾਂ ’ਚ ਜਾ ਕੇ ਪਾਕਿਸਤਾਨ ਅਤੇ ਚੀਨ ਦਾ ਮੁਕਾਬਲਾ ਕਰ ਸਕੇ।’’ ਗੁਆਂਢੀ ਮੁਲਕ ਪਾਕਿਸਤਾਨ ਦੀ ਖ਼ੁਫ਼ੀਆ ਏਜੰਸੀ ਆਈਐਸਆਈ ’ਤੇ ਉਨ੍ਹਾਂ ਦੋਸ਼ ਲਾਇਆ ਕਿ ਉਹ ਹਿੰਦੋਸਤਾਨ ਨੂੰ ਕਮਜ਼ੋਰ ਕਰਨ ਅਤੇ ਪੰਜਾਬ ਦੀ ਜਵਾਨੀ ਨੂੰ ਤਬਾਹ ਕਰਨ ਵਾਸਤੇ ਨਸ਼ੇ ਭੇਜ ਰਹੀ ਹੈ। ਆਪਣੇ ਭਾਸ਼ਣ ਦੌਰਾਨ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਖ਼ਿਲਾਫ਼ ਤਿੱਖੀ ਭਾਸ਼ਾ ਦਾ ਇਸਤੇਮਾਲ ਕਰਦਿਆਂ ਕੈਪਟਨ ਨੇ ਕਿਹਾ ਕਿ ਉਨ੍ਹਾਂ ਹੁਣ ਤੱਕ ਅਜਿਹਾ ਗਪੌੜੀ ਬੰਦਾ ਨਹੀਂ ਦੇਖਿਆ। ਉਨ੍ਹਾਂ ਕਿਹਾ ਕਿ ਸ੍ਰੀ ਬਾਦਲ ਨੂੰ ਝੂਠ ਬੋਲਣ ਲੱਗਿਆਂ ਘੱਟੋ ਘੱਟ ਆਪਣੀ ਉਮਰ ਦਾ ਲਿਹਾਜ਼ ਕਰ ਲੈਣਾ ਚਾਹੀਦਾ ਹੈ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਹ ਸਰਹੱਦ ਤੇ ਕੰਢੀ ਖੇਤਰ ਵਿੱਚ ਉਦਯੋਗੀਕਰਨ ਨੂੰ ਤਰਜੀਹ ਦੇਣਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਇਸ ਖੇਤਰ ਵਿੱਚ ਸ਼ੂਗਰ ਮਿੱਲ ਲਗਾਈ ਜਾਵੇਗੀ ਅਤੇ ਗੁਰਦਾਸਪੁਰ ਵਾਲੀ ਸ਼ੂਗਰ ਮਿੱਲ ਦੀ ਸਮਰੱਥਾ ਵਧਾ ਕੇ 10000 ਮੀਟਰਿਕ ਟਨ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ 25 ਕਰੋੜ ਰੁਪਏ ਦੀ ਰਾਸ਼ੀ ਕਿਸਾਨਾਂ ਦੇ ਬਕਾਏ ਅਦਾ ਕਰਨ ਲਈ ਜਾਰੀ ਕਰ ਦਿੱਤੀ ਗਈ ਹੈ। ਕਾਂਗਰਸ ਉਮੀਦਵਾਰ ਸੁਨੀਲ ਜਾਖੜ ਨੂੰ ਸੁਘੜ, ਸਿਆਣਾ ਅਤੇ ਦੂਰ ਅੰਦੇਸ਼ੀ ਵਾਲਾ ਆਗੂ ਕਰਾਰ ਦਿੰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਆਉਂਦੇ ਸਮੇਂ ਸੁਨੀਲ ਜਾਖੜ ਪੰਜਾਬ ਦਾ ਮੁੱਖ ਮੰਤਰੀ ਹੋਵੇਗਾ। ਉਨ੍ਹਾਂ ਕਿਹਾ ਕਿ ਭਾਜਪਾ ਦਾ ਉਮੀਦਵਾਰ ਸਨੀ ਦਿਓਲ ਚੋਣਾਂ ਬਾਅਦ ਮੁੰਬਈ ਭੱਜ ਜਾਵੇਗਾ। ਉਨ੍ਹਾਂ ਦੋਸ਼ ਲਾਇਆ ਕਿ ਸੰਨੀ ਦਿਓਲ ਕਰਜ਼ੇ ’ਚ ਡੁੱਬਿਆ ਹੋਇਆ ਹੈ ਅਤੇ ਭਾਜਪਾ ਨੇ ਉਸ ਨੂੰ ਛਾਪੇ ਮਾਰਨ ਦੀਆਂ ਧਮਕੀਆਂ ਦੇ ਕੇ ਪਾਰਟੀ ਵਿੱਚ ਸ਼ਾਮਲ ਕਰਵਾਇਆ ਹੈ। ਭਾਜਪਾ ਦੇ ਦਬਾਅ ਕਾਰਨ ਸਨੀ ਦਿਓਲ ਉਮੀਦਵਾਰ ਬਣਨ ਲਈ ਰਾਜ਼ੀ ਹੋਇਆ। ਬਾਲਾਕੋਟ ਬਾਰੇ ਸਨੀ ਦਿਓਲ ਦੇ ਗਿਆਨ ਬਾਰੇ ਉਨ੍ਹਾਂ ਕਿਹਾ ਕਿ ਜਦੋਂ ਉਸ ਨੂੰ ਹਿੰਦੋਸਤਾਨ ’ਚ ਵਾਪਰਨ ਵਾਲੀਆਂ ਘਟਨਾਵਾਂ ਦਾ ਪਤਾ ਨਹੀਂ ਹੈ ਤਾਂ ਫਿਰ ਉਸ ਦੇ ਸਿਆਸਤ ’ਚ ਆਉਣ ਦਾ ਕੋਈ ਫਾਇਦਾ ਨਹੀਂ। ਇਸ ਤੋਂ ਪਹਿਲਾਂ ਸ੍ਰੀ ਜਾਖੜ ਨੇ ਸਨੀ ਦਿਓਲ ਉਤੇ ਚੁਟਕੀ ਲੈਂਦਿਆਂ ਕਿਹਾ ਕਿ ਉਹ ਗਾ ਤੇ ਨੱਚ ਸਕਦਾ ਹੈ ਅਤੇ ਧਰਤੀ ’ਚੋਂ ਨਲਕਾ ਪੁੱਟ ਸਕਦਾ ਹੈ ਪਰ ਉਸ ਨੂੰ ਗੁਰਦਾਸਪੁਰ ਅਤੇ ਇੱਥੋਂ ਦੇ ਲੋਕਾਂ ਦੀਆਂ ਸਮੱਸਿਆਵਾਂ ਦਾ ਕੁਝ ਵੀ ਪਤਾ ਨਹੀਂ ਹੈ। ਉਨ੍ਹਾਂ ਲੋਕਾਂ ਨੂੰ ਦੇਸ਼ ਦੇ ਭਵਿੱਖ ਵਾਸਤੇ ਵੋਟਾਂ ਪਾਉਣ ਦਾ ਸੱਦਾ ਦਿੱਤਾ।

Previous articleਪੰਜਾਬ ਬੋਰਡ ਦੇ ਬਾਰ੍ਹਵੀਂ ਦੇ ਨਤੀਜੇ ’ਚ ਲੜਕੀਆਂ ਨੇ ਬਾਜ਼ੀ ਮਾਰੀ
Next articleਸੁਪਰੀਮ ਕੋਰਟ ਦੇ ਛੁੱਟੀਆਂ ਵਾਲੇ ਬੈਂਚ ’ਚ ਸ਼ਾਮਲ ਹੋਣਗੇ ਚੀਫ਼ ਜਸਟਿਸ